ਜੇਐੱਨਐੱਨ, ਜਲੰਧਰ : ਮਕਸੂਦਾਂ ਨਾਲ ਲੱਗਦੇ ਪੰਜ ਪਿੰਡਾਂ ਸੂਰਾ ਕਾਲੋਨੀ, ਸੂਰਾ ਪਿੰਡ, ਅਮਾਨਤਪੁਰ, ਹੀਰਾਪੁਰ, ਨੰਦਨਪੁਰ 'ਚ ਰਹਿਣ ਵਾਲੇ ਕਰੀਬ 400 ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ ਖਾਲੀ ਕਰਵਾਉਣ ਦਾ ਨੋਟਿਸ ਜਾਰੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਫ਼ੌਜੀ ਡਿਪੂ ਵੱਲੋਂ ਸੁਰੱਖਿਆ ਕਾਰਨਾਂ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜ ਪਿੰਡਾਂ 'ਚ 400 ਲੋਕਾਂ ਨੇ ਨਾਜਾਇਜ਼ ਉਸਾਰੀਆਂ ਕੀਤੀਆਂ ਹਨ, ਜੋ ਢਾਹੀਆਂ ਜਾਣਗੀਆਂ। ਉਥੇ ਪਿੰਡ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਦਾਲਤ 'ਚ ਅਰਜ਼ੀ ਦਿੱਤੀ ਹੈ। ਅਰਜ਼ੀ 'ਚ ਕਿਹਾ ਉਨ੍ਹਾਂ ਨੂੰ ਘਰ ਖਾਲੀ ਕਰਵਾਉਣ ਦਾ ਨੋਟਿਸ ਦਿੱਤਾ ਗਿਆ ਪਰ ਕਾਨੂੰਨਨ ਘਰ ਖਾਲੀ ਕਰਵਾਉਣ 'ਤੇ ਸਰਕਾਰ ਨੇ ਮੁਆਵਜ਼ਾ ਵੀ ਦੇਣਾ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਤਕ ਮੁਆਵਜ਼ੇ ਦਾ ਕੋਈ ਨੋਟਿਸ ਨਹੀਂ ਆਇਆ। ਉਨ੍ਹਾਂ ਨੇ ਚਿੱਠੀ 'ਚ ਮੰਗ ਕੀਤੀ ਹੈ ਕਿ ਜਾਂ ਤਾਂ ਘਰ ਨਾ ਖਾਲ੍ਹੀ ਕਰਵਾਏ ਜਾਣ ਜਾਂ ਮੁਆਵਜ਼ਾ ਦਿੱਤਾ ਜਾਵੇਗਾ।