ਜਾਗਰਣ ਸੰਵਾਦਦਾਤਾ/ਪੀਟੀਆਈ, ਜਲੰਧਰ : ਪੰਜਾਬ ਆ ਕੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਐਵੇਂ ਹੀ ਅਚਾਨਕ ਚਰਚਿਤ ਨਹੀਂ ਹੋਇਆ। ਅੰਮ੍ਰਿਤਪਾਲ ਦੇ ਪਿੱਛੇ ਯੂਕੇ ਵਿਚ ਰਹਿਣ ਵਾਲੇ ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ ਦਾ ਹੱਥ ਹੈ। ਖੰਡਾ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਪਰਮਜੀਤ ਸਿੰਘ ਉਰਫ ਪੰਮਾ ਦਾ ਲੈਫਟੀਨੈਂਟ ਮੰਨਿਆ ਜਾਂਦਾ ਹੈ ਜੋ ਅਕਸਰ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਸਿਧਾਂਤਕ ਸਿਖਲਾਈ ਕਲਾਸਾਂ ਲਗਾਉਂਦਾ ਹੈ। ਖੰਡਾ ਨੇ ਅੰਮ੍ਰਿਤਪਾਲ ਨੂੰ ਪੰਜਾਬ ਵਿਚ ਸਥਾਪਤ ਕੀਤਾ। ਦੁਬਈ ਤੋਂ ਪਰਤਣ ਤੋਂ ਬਾਅਦ ਕੁਝ ਹੀ ਮਹੀਨਿਆਂ ’ਚ ਅੰਮ੍ਰਿਤਪਾਲ ਨੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਵਿਦੇਸ਼ਾਂ ’ਚ ਸਥਿਤ ਅੱਤਵਾਦੀ ਸਮੂਹਾਂ ਨਾਲ ਵੀ ਗੂੜੇ੍ਹ ਸਬੰਧ ਹਨ।

ਤਿੰਨਾਂ ਵੱਖਵਾਦੀ ਵਿਚਾਰਾਂ ਵਾਲੇ ਸਿੱਖ ਨੌਜਵਾਨਾਂ ਨੂੰ ਵਿਚਾਰਕ ਰੂਪ ਵਿਚ ਪ੍ਰਭਾਵਿਤ ਕਰ ਕੇ ਪੰਜਾਬ ਨੂੰ ਅਸਥਿਰ ਕਰਨ ਦਾ ਟੀਚਾ ਬਣਾ ਰਹੇ ਹਨ। ਖੰਡਾ ਬਰਮਿੰਘਮ ਅਤੇ ਗਲਾਸਗੋ ਤੋਂ ਆਮ ਤੌਰ ’ਤੇ ਉਪਲੱਬਧ ਰਸਾਇਣਾਂ ਦੀ ਵਰਤੋਂ ਕਰ ਕੇ ਧਮਾਕਾਖੇਜ਼ ਯੰਤਰ ਬਣਾਉਣ ਦੇ ਤਰੀਕੇ ਬਾਰੇ ਆਨਲਾਈਨ ਦੱਸਦਾ ਹੈ। ਅੰਮ੍ਰਿਤਪਾਲ ਦੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਨਾਲ ਵੀ ਸਬੰਧ ਹਨ ਜੋ ਆਰਡੀਐਕਸ ਸਮੇਤ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਤਸਕਰੀ, ਨਵੀਂ ਦਿੱਲੀ ’ਚ ਨੇਤਾਵਾਂ ’ਤੇ ਹਮਲੇ ਦੀ ਸਾਜ਼ਿਸ਼ ਅਤੇ ਪੰਜਾਬ ’ਚ ਨਫਰਤ ਫੈਲਾਉਣ ਦੇ ਮਾਮਲਿਆਂ ’ਚ ਭਾਰਤ ’ਚ ਲੋੜੀਂਦਾ ਹੈ। ਜਦੋਂ ਅੰਮ੍ਰਿਤਪਾਲ ਦੁਬਈ ਸੀ, ਤਦ ਉਹ ਰੋਡੇ ਦੇ ਭਰਾ ਜਸਵੰਤ ਦੇ ਕਰੀਬੀ ਦੇ ਸੰਪਰਕ ਵਿਚ ਸੀ।

ਸੂਤਰਾਂ ਨੇ ਕਿਹਾ ਕਿ ਦੁਬਈ ਵਿਚ ਟਰਾਂਸਪੋਰਟ ਕਾਰੋਬਾਰ ਦੌਰਾਨ ਅੰਮ੍ਰਿਤਪਾਲ ਆਈਐੱਸਆਈ ਦੇ ਸੰਪਰਕ ਵਿਚ ਆਇਆ ਸੀ। ਆਈਐੱਸਆਈ ਏਜੰਟਾਂ ਨੇ ਉਸ ਨੂੰ ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂ ’ਤੇ ਪ੍ਰੇਰਿਤ ਕਰਨ ਲਈ ਕਿਹਾ। ਪੰਜਾਬ ਆਉਣ ਤੋਂ ਬਾਅਦ ਆਈਐੱਸਆਈ ਦੇ ਕਹਿਣ ’ਤੇ ਅੰਮ੍ਰਿਤਪਾਲ ਨੇ ਆਪਣੇ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਪ੍ਰਭਾਵ ਫੈਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਪੰਜਾਬ ਦੇ ਮੁੱਦਿਆਂ ਨੂੰ ਭੜਕਾਇਆ ਅਤੇ ਸਿੱਖਾਂ ਨੂੰ ਭਾਰਤ ਸਰਕਾਰ ਖ਼ਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ।

Posted By: Sandip Kaur