ਅਮਰਜੀਤ ਸਿੰਘ ਵੇਹਗਲ, ਜਲੰਧਰ : ਮਕਸੂਦਾਂ ਨੇੜੇ ਆਨੰਦ ਨਗਰ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਬਰਫ਼ ਦੀ ਫੈਕਟਰੀ 'ਚ ਵੀਰਵਾਰ ਦੁਪਹਿਰ ਵੇਲੇ ਗੈਸ ਰਿਸਣ ਨਾਲ ਦਹਿਸ਼ਤ ਫੈਲ ਗਈ। ਲੋਕਾਂ ਦਾ ਸਾਹ ਲੈਣਾ ਵੀ ਅੌਖਾ ਹੋ ਗਿਆ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਗੈਸ ਏਨੀ ਤੇਜ਼ੀ ਨਾਲ ਉਨ੍ਹਾਂ ਦੇ ਘਰਾਂ 'ਚ ਫੈਲ ਗਈ ਕਿ ਘਰਾਂ ਅੰਦਰ ਰਹਿਣਾ ਮੁਸ਼ਕਲ ਹੋ ਗਿਆ। ਉਨ੍ਹਾਂ ਨੂੰ ਘਰਾਂ 'ਚੋਂ ਨਿਕਲ ਕੇ ਸੜਕਾਂ 'ਤੇ ਰਾਤ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਾਲਕ ਨੂੰ ਸੂਚਿਤ ਕਰਨ 'ਤੇ ਦੇਰ ਰਾਤ ਪੁੱਜੇ ਮਾਲਕ ਨਾਲ ਲੋਕਾਂ ਦਾ ਵਿਵਾਦ ਹੋ ਗਿਆ। ਵਿਵਾਦ ਦੌਰਾਨ ਪੁਲਿਸ ਨੂੰ ਦਖਲ ਦੇਣਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਤਕਰੀਬਨ 15 ਦਿਨਾਂ ਬਾਅਦ ਗੈਸ ਰਿਸਦੀ ਹੀ ਰਹਿੰਦੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਅੱਖਾਂ, ਨੱਕ, ਗਲੇ ਤੇ ਚਮੜੀ ਦੇ ਰੋਗ ਲੱਗ ਗਏ ਹਨ। ਇਲਾਕਾ ਵਾਸੀ ਮਨਮੋਹਨ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਦਲਜੀਤ ਕੌਰ, ਸਤਨਾਮ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ, ਸੁਰਜੀਤ ਕੌਰ, ਸਰਬਜੀਤ, ਜਗਜੀਤ ਸਿੰਘ, ਗੀਤਾ, ਹਿਮਾਂਸ਼ੂ, ਅਰਵਿੰਦ ਅਰੋੜਾ, ਮਨੀਸ਼ ਕੁਮਾਰ ਆਦਿ ਦਾ ਕਹਿਣਾ ਹੈ ਕਿ ਦੁਪਹਿਰ ਵੇਲੇ ਥੋੜ੍ਹੀ ਥੋੜ੍ਹੀ ਰਿਸ ਰਹੀ ਗੈਸ ਦੇਰ ਸ਼ਾਮ ਤਕ ਏਨੀ ਫੈਲ ਗਈ ਕਿ ਸਾਹ ਲੈਣਾ ਵੀ ਅੌਖਾ ਹੋ ਗਿਆ। ਗੈਸ ਕਾਰਨ ਕਈ ਬੱਚੇ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣੀ ਪਈ। ਸੂਚਿਤ ਕਰਨ 'ਤੇ ਦੇਰ ਰਾਤ ਪੁੱਜੇ ਫੈਕਟਰੀ ਦੇ ਮਾਲਕ ਤੇ ਉਸ ਦੇ ਭਰਾ ਨੇ ਉਨ੍ਹਾਂ ਨਾਲ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਹ ਮੌਤ ਦੇ ਸਾਏ ਹੇਠ 'ਚ ਜੀਅ ਰਹੇ ਹਨ ਕਿਉਂਕਿ ਫੈਕਟਰੀ ਪੁਰਾਣੀ ਹੋਣ ਕਰ ਕੇ ਅਮੋਨੀਆ ਗੈਸ ਦੀਆਂ ਪਾਈਪਾਂ ਕਮਜ਼ੋਰ ਹੋ ਚੁੱਕੀਆਂ ਹਨ ਤੇ ਜਿਸ ਕਰ ਕੇ ਹਰ 15 ਦਿਨਾਂ ਬਾਅਦ ਗੈਸ ਰਿਸਣ ਨਾਲ ਦਮ ਘੁੱਟਣ ਲੱਗ ਜਾਂਦਾ ਹੈ। ਅਮੋਨੀਆ ਗੈਸ ਤੇ ਦਿਨ ਰਾਤ ਚੱਲਦੇ ਕੰਪ੍ਰਰੈਸਰ ਫਟਣ ਦਾ ਡਰ ਉਨ੍ਹਾਂ ਨੂੰ ਸਤਾਉਂਦਾ ਰਹਿੰਦਾ ਹੈ। ਫੈਕਟਰੀ ਦੀ ਕੰਧ ਨਾਲ ਸਾਂਝੀ ਕੰਧ ਵਾਲੇ ਘਰ ਦੇ ਮਾਲਕ ਨੇ ਦਿਖਾਇਆ ਕਿ ਉਨ੍ਹਾਂ ਦੇ ਘਰ ਕਦੇ ਵੀ ਢਹਿ-ਢੇਰੀ ਹੋ ਸਕਦੇ ਹਨ ਕਿਉਂਕਿ ਬਰਫ ਜਮਾਉਣ ਲਈ ਨਮਕ ਵਾਲੇ ਪਾਣੀ ਤੇ ਅਮੋਨੀਆ ਗੈਸ ਕਾਰਨ ਉਨ੍ਹਾਂ ਦੀਆਂ ਕੰਧਾਂ ਨੂੰ ਸਲ੍ਹਾਭਾ ਮਾਰ ਗਿਆ। ਕੰਧਾਂ 'ਚੋਂ ਨਮਕ ਵਾਲਾ ਪਾਣੀ ਰਿਸਦਾ ਰਹਿੰਦਾ ਹੈ। ਇਕ ਹੋਰ ਘਰ ਦੇ ਮਾਲਕ ਨੇ ਦੱਸਿਆ ਕਿ ਜਦੋਂ ਫੈਕਟਰੀ 'ਚ ਕੰਪ੍ਰਰੈਸਰ ਚੱਲਦਾ ਹੈ ਤਾਂ ਉਨ੍ਹਾਂ ਦੇ ਘਰ 'ਚ ਉਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਭੂਚਾਲ ਆਉਂਦਾ ਹੋਵੇ। ਕਰੈਸ਼ਰ ਨਾਲ ਉਨ੍ਹਾਂ ਦੀਆਂ ਛੱਤਾਂ 'ਚ ਤਰੇੜਾਂ ਆ ਗਈਆਂ ਹਨ। ਪ੍ਰਦੂਸ਼ਣ ਕੰਟਰੋਲ ਵਿਭਾਗ ਰਿਹਾਇਸ਼ੀ ਇਲਾਕੇ 'ਚ ਲੱਗੀ ਫੈਕਟਰੀ 'ਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।

ਸ਼ਿਕਾਇਤ ਦੇਣ 'ਤੇ ਵੀ ਨਹੀਂ ਹੋਈ ਕਾਰਵਾਈ

ਆਲੇ-ਦੁਆਲੇ ਦੇ ਘਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਬਰਫ ਦੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 2014 'ਚ ਸ਼ਿਕਾਇਤ ਦਿੱਤੀ ਸੀ। ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਫੈਕਟਰੀ ਦਾ ਦੌਰਾ ਕਰਨ ਉਪਰੰਤ ਅਜੇ ਤਕ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ।

ਗੈਸ ਵਾਲੀ ਪਾਈਪ ਦੀ ਮੁਰੰਮਤ ਕਰਵਾਈ ਸੀ : ਜਤਿਨ

ਫੈਕਟਰੀ ਦੇ ਮਾਲਕ ਜਤਿਨ ਪੁੱਤਰ ਕੁਲਦੀਪ ਕੁਮਾਰ ਵਾਸੀ ਮੁਹੱਲਾ ਕੋਟ ਪਕਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੈਸ ਵਾਲੀ ਪਾਈਪ ਦੀ ਮੁਰੰਮਤ ਕਰਵਾਈ ਸੀ। ਗੈਸ ਪਾਈਪ ਲਾਈਨ 'ਚੋਂ ਅਮੋਨੀਆ ਗੈਸ ਖਤਮ ਕਰਨ ਲਈ ਉਨ੍ਹਾਂ ਕੂਲਿੰਗ ਟਾਵਰ ਦੇ ਪਾਣੀ ਵਾਲੇ ਟੈਂਕਰ 'ਚ ਅਮੋਨੀਆ ਗੈਸ ਵਾਲਾ ਪਾਈਪ ਖੋਲ੍ਹ ਦਿੱਤਾ ਸੀ ਕਿਉਂਕਿ ਅਗਾਂਹ ਸੀਵਰੇਜ ਬੰਦ ਸੀ ਜਿਸ ਕਰ ਕੇ ਗੈਸ ਫੈਲ ਰਹੀ ਹੈ। ਜਿਵੇਂ ਹੀ ਪਾਣੀ ਖਤਮ ਹੋ ਜਾਵੇਗਾ ਤਾਂ ਗੈਸ ਦਾ ਪ੍ਰਭਾਵ ਦੀ ਘਟਦਾ-ਘਟਦਾ ਖ਼ਤਮ ਹੋ ਜਾਵੇਗਾ। ਮਾਲਕ ਨੇ ਦੋਸ਼ ਲਾਏ ਕਿ ਇਲਾਕਾ ਨਿਵਾਸੀਆਂ ਨੇ ਇੱਥੇ ਨਾਜਾਇਜ ਕਾਲੋਨੀ ਵਸਾਈ ਹੋਈ ਹੈ ਜਦਕਿ ਫੈਕਟਰੀ ਪਹਿਲਾਂ ਤੋਂ ਮੌਜੂਦ ਹੈ ਤੇ ਉਨ੍ਹਾਂ ਕੋਲ ਮਨਜ਼ੂਰਸੁਦਾ ਨਕਸ਼ਾ ਵੀ ਹੈ।

ਬਣਦੀ ਕਾਰਵਾਈ ਕੀਤੀ ਜਾਵੇਗੀ : ਥਾਣੇਦਾਰ ਸਤਵਿੰਦਰ ਸਿੰਘ

ਮੌਕੇ 'ਤੇ ਪੁੱਜੇ ਥਾਣਾ ਡਵੀਜ਼ਨ-1 ਦੇ ਥਾਣੇਦਾਰ ਸਤਵਿੰਦਰ ਸਿੰਘ ਨੇ ਫੈਕਟਰੀ ਦੇ ਮਾਲਕ ਨੂੰ ਥਾਣੇ 'ਚ ਹਾਜ਼ਰੀ ਭਰਨ ਲਈ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਵੀ ਮੌਕੇ 'ਤੇ ਸੱਦ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।