ਸੇਵਾ ਕੇਂਦਰਾਂ ’ਚ ਆਰਟੀਓ ਦੀਆਂ 56 ਸੇਵਾਵਾਂ ’ਚੋਂ ਸਭ ਤੋਂ ਵੱਧ ਮੰਗ ਲਰਨਿੰਗ ਲਾਇਸੈਂਸ ਦੀ
ਸੇਵਾ ਕੇਂਦਰਾਂ ’ਚ ਆਰਟੀਓ ਦੀਆਂ 56 ਸੇਵਾਵਾਂ ’ਚੋਂ ਸਭ ਤੋਂ ਵੱਧ ਡਿਮਾਂਡ ਲਰਨਿੰਗ ਲਾਇਸੈਂਸ ਦੀ
Publish Date: Tue, 02 Dec 2025 09:07 PM (IST)
Updated Date: Tue, 02 Dec 2025 09:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਰਟੀਓ ਨਾਲ ਸਬੰਧਤ 56 ਸੇਵਾਵਾਂ ਸੇਵਾ ਕੇਂਦਰਾਂ ’ਤੇ ਸ਼ੁਰੂ ਹੋਏ ਇਕ ਮਹੀਨਾ ਹੋ ਚੁੱਕਾ ਹੈ। ਇਸ ਦੇ ਬਾਵਜੂਦ ਸ਼ਹਿਰ ਦੇ ਬਹੁਤੇ ਸੇਵਾ ਕੇਂਦਰਾਂ ’ਤੇ ਸੀਮਿਤ ਗਿਣਤੀ ’ਚ ਹੀ ਲੋਕ ਆਰਟੀਓ ਸੇਵਾਵਾਂ ਲਈ ਅਰਜ਼ੀ ਦੇਣ ਪਹੁੰਚ ਰਹੇ ਹਨ। ਪਿਛਲੇ ਇਕ ਮਹੀਨੇ ਦੌਰਾਨ ਸ਼ਹਿਰ ਦੇ 34 ਸੇਵਾ ਕੇਂਦਰਾਂ ’ਤੇ ਆਰਟੀਓ ਸੇਵਾਵਾਂ ਨਾਲ ਜੁੜੀਆਂ 895 ਅਰਜ਼ੀਆਂ ਮਿਲੀਆਂ, ਜਿਨ੍ਹਾਂ ’ਚੋਂ ਇਸ ਵੇਲੇ ਕੋਈ ਵੀ ਫਾਈਲ ਪੈਂਡਿੰਗ ਨਹੀਂ। ਇਨ੍ਹਾਂ ’ਚ ਸਭ ਤੋਂ ਵੱਧ ਅਰਜ਼ੀਆਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਟਾਈਪ-1 ਸੇਵਾ ਕੇਂਦਰ ’ਤੇ ਆਈਆਂ। ਸ਼ਹਿਰ ’ਚ ਇਸ ਵੇਲੇ ਡੀਸੀ ਕੰਪਲੈਕਸ ਦਾ ਇਕ ਟਾਈਪ-1 ਸੇਵਾ ਕੇਂਦਰ, 24 ਟਾਈਪ-2 ਤੇ 9 ਟਾਈਪ-3 ਸੇਵਾ ਕੇਂਦਰ ਕਾਰਜਸ਼ੀਲ ਹਨ। ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਬਹਾਦਰ ਸਿੰਘ ਦੇ ਮੁਤਾਬਕ, ਪਿਛਲੇ ਮਹੀਨੇ ’ਚ ਮਿਲੀਆਂ ਅਰਜ਼ੀਆਂ ’ਚੋਂ ਸਭ ਤੋਂ ਵੱਧ 375 ਲਰਨਿੰਗ ਲਾਇਸੈਂਸ ਲਈ ਸਨ। ਦੂਜੇ ਨੰਬਰ ’ਤੇ ਡਰਾਈਵਿੰਗ ਲਾਇਸੈਂਸ ਰਿਨਿਊਅਲ ਦੀ ਸੇਵਾ ਰਹੀ, ਜਿਸ ਲਈ ਕੁੱਲ 107 ਅਰਜ਼ੀਆਂ ਮਿਲੀਆਂ। ਤੀਜੇ ਸਥਾਨ ’ਤੇ 70 ਅਰਜ਼ੀਆਂ ਮਿਲੀਆਂ, ਜੋ ਕਿ ਟਰਾਂਸਪੋਰਟ ਸਰਵਿਸ ਰਿਕਾਰਡ ’ਚ ਮੋਬਾਈਲ ਨੰਬਰ ਅਪਡੇਟ ਕਰਨ ਨਾਲ ਸਬੰਧਤ ਸਨ। ਸੱਤ ਕਿਸਮ ਦੀਆਂ ਸੇਵਾਵਾਂ ਲਈ ਪੂਰੇ ਮਹੀਨੇ ਦੌਰਾਨ ਸਿਰਫ ਇਕ-ਇਕ ਅਰਜ਼ੀ ਹੀ ਮਿਲੀ। ਜਦਕਿ ਕੰਡਕਟਰ ਲਾਇਸੈਂਸ ਦਾ ਐਡਰੈੱਸ ਚੇਂਜ, ਡੀਐੱਲ ਰਿਪਲੇਸਮੈਂਟ ਤੇ ਡੀਐੱਮ ’ਚ ਜਨਮ ਤਰੀਕ ਸੋਧ ਲਈ ਕ੍ਰਮਵਾਰ 3, 4 ਤੇ 5 ਅਰਜ਼ੀਆਂ ਮਿਲੀਆਂ।
---------------------
ਸਾਰੀਆਂ 56 ਆਰਟੀਓ ਸੇਵਾਵਾਂ ਸ਼ੁਰੂ
ਆਰਟੀਓ ਨਾਲ ਜੁੜੀਆਂ ਸਾਰੀ 56 ਸੇਵਾਵਾਂ ਹੁਣ ਸੇਵਾ ਕੇਂਦਰਾਂ ’ਤੇ ਪੂਰੀ ਤਰ੍ਹਾਂ ਚੱਲ ਰਹੀਆਂ ਹਨ। ਕੁਝ ਸਮਾਂ ਪਹਿਲਾਂ ਤੱਕ ਤਕਨੀਕੀ ਖਾਮੀਆਂ ਕਾਰਨ ਦੋ ਸੇਵਾਵਾਂ ਉਪਲਬਧ ਨਹੀਂ ਸਨ ਪਰ ਹੁਣ ਸਭ 56 ਸੇਵਾਵਾਂ ਉਪਲਬਧ ਹਨ।