ਮਨੋਜ ਤ੍ਰਿਪਾਠੀ, ਜਲੰਧਰ: ਛੇ ਸਾਲ ਪਹਿਲਾਂ ਉਪਕਾਰ ਨਗਰ ’ਚ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦਿਵਿਆਂਗ ਰਾਜਕੁਮਾਰ ਨੇ ਫੇਸਬੁੱਕ ’ਤੇ ਅਮਰੀਕਾ ਦੀ ਔਰਤ ਡੋਨਾ ਨੂੰ ਫਰੈਂਡ ਰਿਕੁਐਸਟ ਭੇਜੀ ਸੀ। ਉਸ ਵੇਲੇ ਰਾਜਕੁਮਾਰ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਫਰੈਂਡ ਰਿਕੁਐਸਟ ਅਕਸੈਪਟ ਹੋ ਜਾਵੇਗੀ ਤੇ ਇਕ ਦਿਨ ਅਮਰੀਕਾ ਦੀ ਡੋਨਾ ਦਾ ਉਹ ਰਾਜਕੁਮਾਰ ਬਣ ਜਾਵੇਗਾ। ਕਈ ਦਿਨਾਂ ਤਕ ਫਰੈਂਡ ਰਿਕੁਐਸਟ ਨਾ ਅਕਸੈਪਟ ਕੀਤੇ ਜਾਣ ਤੋਂ ਬਾਅਦ ਵੀ ਰਾਜਕੁਮਾਰ ਨੇ ਹਾਰ ਨਹੀਂ ਮੰਨੀ ਸੀ ਤੇ ਲਗਾਤਾਰ ਫੇਸਬੁੱਕ ’ਤੇ ਸੰਦੇਸ਼ ਭੇਜਦੇ ਰਹੇ। ਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ 50 ਸਾਲ ਦੀ ਅਮਰੀਕਾ ਨਿਵਾਸੀ ਡੋਨਾ ਨੇ ਅਮਰੀਕਾ ਤੋਂ ਜਲੰਧਰ ਆ ਕੇ ਉਨ੍ਹਾਂ ਨਾਲ ਅਰਜੁਨ ਨਗਰ ਦੇ ਗੁਰਦੁਆਰਾ ਸਾਹਿਬ ’ਚ ਵਿਆਹ (ਆਨੰਦ ਕਾਰਜ) ਕੀਤਾ।ਰਾਜਕੁਮਾਰ ਇਕ ਪੈਰ ਤੋਂ ਦਿਵਿਆਂਗ ਹਨ ਤੇ ਸਿਰਫ਼ 10ਵੀਂ ਤਕ ਹੀ ਪੜ੍ਹੇ ਹਨ। ਇਸਦੇ ਬਾਵਜੂਦ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲੇ ਰਾਜਕੁਮਾਰ ਨੇ ਇਕ ਦਿਨ ਖ਼ਾਲੀ ਸਮੇਂ ’ਚ ਦੁਕਾਨ ’ਤੇ ਬੈਠੇ ਹੋਏ ਡੋਨਾ ਨੁੰ ਫਰੈਂਡ ਰਿਕੁਐਸਟ ਭੇਜ ਦਿੱਤੀ ਸੀ। ਡੋਨਾ ਦੀ ਪ੍ਰੋਫਾਈਲ ਦੇਖ ਕੇ ਹੀ ਰਾਜਕੁਮਾਰ ਨੇ ਉਨ੍ਹਾਂ ਨੂੰ ਆਪਣੀ ਸੁਪਨਿਆਂ ਦੀ ਰਾਣੀ ਮੰਨ ਲਿਆ ਸੀ। ਡੋਨਾ ਵੱਲੋਂ ਕਈ ਦਿਨ ਤਕ ਹੁੰਗਾਰਾ ਨਾ ਮਿਲਿਆ, ਪਰ ਰਾਜਕੁਮਾਰ ਉਨ੍ਹਾਂ ਨੂੰ ਮੈਸੇਜ ਭੇਜਦੇ ਰਹੇ। ਆਖ਼ਰ ਇਕ ਦਿਨ ਉਹ ਵੀ ਆਇਆ ਜਦੋਂ ਡੋਨਾ ਨੇ ਉਨ੍ਹਾਂ ਦੀ ਫਰੈਂਡ ਰਿਕੁਐਸਟ ਮਨਜ਼ੂਰ ਕੀਤੀ ਤੇ ਉਨ੍ਹਾਂ ਦੇ ਮੈਸੇਜ ਦਾ ਜਵਾਬ ਵੀ ਦਿੱਤਾ। ਉਸ ਤੋਂ ਬਾਅਦ ਹੌਲੀ ਹੌਲੀ ਦੋਸਤੀ ਪਿਆਰ ’ਚ ਬਦਲੀ ਤੇ ਡੋਨਾ ਅਮਰੀਕਾ ਤੋਂ ਜਲੰਧਰ ਆ ਗਈ।

2 ਅਗਸਤ ਨੂੰ ਡੋਨਾ ਅੰਮ੍ਰਿਤਸਰ ਏਅਰਪੋਰਟ ਪੁੱਜੀ ਤਾਂ ਉੱਥੇ ਉਨ੍ਹਾਂ ਨੂੰ ਲੈਣ ਗਏ ਰਾਜਕੁਮਾਰ ਨੂੰ ਜਦੋਂ ਡੋਨਾ ਨਜ਼ਰ ਨਾ ਆਈ ਤਾਂ ਉਹ ਮਾਯੂੁਸ ਹੋ ਗਏ ਕਿ ਕਿਤੇ ਉਨ੍ਹਾਂ ਨਾਲ ਧੋਖਾ ਤਾਂ ਨਹੀਂ ਹੋਇਆ। ਫਿਰ ਵੀ ਉਨ੍ਹਾਂ ਨੂੰ ਆਪਣੇ ਪਿਆਰ ’ਤੇ ਭਰੋਸਾ ਸੀ ਤੇ ਕਾਫ਼ੀ ਦੇਰ ਬਾਅਦ ਡੋਨਾ ਏਅਰਪੋਰਟ ’ਚੋਂ ਬਾਹਰ ਆਉਂਦੀ ਨਜ਼ਰ ਆਈ।

ਸ਼ੁੱਕਰਵਾਰ ਨੂੰ ਜਲੰਧਰ ’ਚ ਸਿੱਖ ਰੀਤ ਰਿਵਾਜ਼ਾਂ ਮੁਤਾਬਕ ਡੋਨਾ ਨੇ ਰਾਜਕੁਮਾਰ ਨਾਲ ਵਿਆਹ ਕੀਤਾ। 31 ਅਗਸਤ ਤਕ ਡੋਨਾ ਜਲੰਧਰ ’ਚ ਆਪਣੇ ਰਾਜਕੁਮਾਰ ਦੇ ਨਾਲ ਰਹੇਗੀ। ਇਸ ਤੋਂ ਬਾਅਦ ਉਹ ਇਕੱਲੇ ਅਮਰੀਕਾ ਜਾਵੇਗੀ। ਉੱਥੇ ਜਾ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਰਾਜਕੁਮਾਰ ਨੂੰ ਆਪਣੇ ਨਾਲ ਲੈ ਜਾਵੇਗੀ।

ਡੋਨਾ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ। ਰਾਜਕੁਮਾਰ 42 ਸਾਲ ਦੇ ਹਨ ਤੇ ਉਨ੍ਹਾਂ ਦਾ ਪਹਿਲਾ ਵਿਆਹ ਹੈ। ਇਹ ਵਿਆਹ 2 ਸਾਲ ਪਹਿਲਾਂ ਹੋਣਾ ਸੀ ਪਰ ਕੋਰੋਨਾ ਕਾਲ ’ਚ ਕਾਲ ’ਚ ਵੀਜ਼ਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਲੰਬੀ ਉਡੀਕ ਕਰਨੀ ਪਈ।

ਗੁੱਡ ਮਾਰਨਿੰਗ ਤੋਂ ਸ਼ੁਰੂ ਹੋਈ ਕਹਾਣੀ

ਰਾਜਕੁਮਾਰੀ ਨੂੰ ਅੰਗਰੇਜ਼ੀ ਬੋਲਣੀ ਤੇ ਲਿਖਣੀ ਨਹੀਂ ਆਉਂਦੀ ਸੀ। ਇਸ ਲਈ ਉਹ ਸ਼ੁਰੂ ’ਚ ਡੋਨਾ ਨੂੰ ਗੁੱਡ ਮਾਰਨਿੰਗ ਦੇ ਸੰਦੇਸ਼ ਹੀ ਭੇਜਦੇ ਸਨ। ਉਸ ਦਾ ਵੀ ਜਵਾਬ ਨਹੀਂ ਆਉਂਦਾ ਸੀ। ਇਕ ਦਿਨ ਡੋਨਾ ਦਾ ਜਵਾਬ ਆਇਆ ਤੇ ਹੌਲੀ ਹੌਲੀ ਗੁੱਡ ਮਾਰਨਿੰਗ ਤੋਂ ਸ਼ੁਰੂ ਹੋਈ ਕਹਾਣੀ ਵਿਆਹ ਤਕ ਪਹੁੰਚ ਗਈ। ਹੁਣ ਰਾਜਕੁਮਾਰ ਵੀ ਅੰਗਰੇਜ਼ੀ ਬੋਲ ਲੈਂਦੇ ਹਨ ਤੇ ਡੋਨਾ ਤੋਂ ਛੇ ਸਾਲਾਂ ’ਚ ਅੰਗਰੇਜ਼ੀ ਦੀ ਕਲਾਸ ਲੈ ਕੇ ਠੀਕ ਠਾਕ ਅੰਗਰੇਜ਼ੀ ਬੋਲਣ ਲੱਗੇ ਹਨ।

ਸਾਨੂੰ ਥੋੜ੍ਹੀ-ਥੋੜ੍ਹੀ ਪੰਜਾਬੀ ਆਂਦੀ ਏ

ਜਦੋਂ ਡੋਨਾ ਅਮਰੀਕਾ ਤੋਂ ਰਾਜਕੁਮਾਰ ਦੇ ਘਰ ਪੁੱਜੀ ਤਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਡੋਨਾ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮੁਲਾਕਾਤ ਕੀਤੀ। ਸ਼ੁੱਕਰਵਾਰ ਨੂੰ ਵਿਆਹ ਤੋਂ ਬਾਅਦ ਡੋਨਾ ਨੇ ਕਿਹਾ ਕਿ ਸਾਨੂੰ ਥੋੜ੍ਹੀ-ਥੋੜ੍ਹੀ ਪੰਜਾਬੀ ਆਂਦੀ ਏ, ਬਾਕੀ ਰਾਜਕੁਮਾਰ ਸਿਖਾ ਦੂੁਗਾ।

Posted By: Shubham Kumar