ਰਾਕੇਸ਼ ਗਾਂਧੀ, ਜਲੰਧਰ : ਬਸਤੀ ਗੁਜਾਂ ਦੇ ਚਾਈਲਡ ਪ੍ੋਟੈਕਸ਼ਨ ਹੋਮ 'ਚ ਸੋਮਵਾਰ ਫਾਹਾ ਲੈ ਕੇ ਆਪਣੀ ਜਾਨ ਦੇਣ ਵਾਲੀ ਐਲੀਨਾ ਤਕਰੀਬਨ ਤਿੰਨ ਮਹੀਨੇ ਪਹਿਲਾਂ ਗਰੀਬੀ ਤੋਂ ਤੰਗ ਆ ਕੇ ਆਸਾਮ ਤੋਂ ਭੱਜ ਕੇ ਪੰਜਾਬ ਆ ਗਈ ਸੀ ਤੇ ਉਹ ਪੁਲਿਸ ਨੂੰ ਪਠਾਨਕੋਟ 'ਚ ਇਕ ਰੇਲ ਗੱਡੀ ਵਿਚ ਬੇਹੋਸ਼ ਮਿਲੀ ਸੀ, ਜਿੱਥੋਂ ਪ੍ਸ਼ਾਸਨ ਵੱਲੋਂ ਉਸ ਨੂੰ ਘਰ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਐਲੀਨਾ ਗਰੀਬੀ ਕਾਰਨ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਇਸ ਲਈ ਉਸ ਨੂੰ ਜਲੰਧਰ ਗਾਂਧੀ ਵਨੀਤਾ ਆਸ਼ਰਮ 'ਚ ਭੇਜ ਦਿੱਤਾ ਗਿਆ ਸੀ, ਜਦ ਪੁਲਿਸ ਵੱਲੋਂ ਐਲੀਨਾ ਦੇ ਘਰ ਵਾਲਿਆਂ ਨੂੰ ਉਸ ਨੂੰ ਲਿਜਾਣ ਲਈ ਕਿਹਾ ਗਿਆ ਸੀ ਤਾਂ ਉਨ੍ਹਾਂ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਜਦੋਂ ਪੁਲਿਸ ਵੱਲੋਂ ਘਰਦਿਆਂ ਨੂੰ ਫੋਨ ਕਰ ਕੇ ਉਸ ਦੀ ਲਾਸ਼ ਲਿਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੈਸੇ ਨਾ ਹੋਣ ਦਾ ਹਵਾਲਾ ਦੇ ਕੇ ਲਾਸ਼ ਵੀ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਐਲੀਨਾ ਦੀ ਮੌਤ ਤੋਂ ਬਾਅਦ ਡਿਊਟੀ ਮੈਜਿਸਟ੍ੇਟ ਗਗਨਦੀਪ ਸਿੰਘ ਨੇ ਮੰਗਲਵਾਰ ਚਾਈਲਡ ਪ੍ੋਟੈਕਸ਼ਨ ਹੋਮ ਦਾ ਦੌਰਾ ਕੀਤਾ ਅਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈਂਦਿਆਂ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਥਾਣਾ ਨੰਬਰ ਪੰਜ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਹੁਣ ਤਕ ਸਾਹਮਣੇ ਆਇਆ ਹੈ ਕਿ ਐਲੀਨਾ ਤਿੰਨ ਮਹੀਨੇ ਪਹਿਲੇ ਆਸਾਮ ਤੋਂ ਆਪਣੇ ਘਰੋਂ ਭੱਜ ਗਈ ਸੀ। ਇਸ ਦੌਰਾਨ ਉਹ ਕਿੱਥੇ-ਕਿੱਥੇ ਗਈ ਇਸ ਬਾਰੇ ਕੁਝ ਪਤਾ ਨਹੀਂ ਪਰ ਇਹ ਪਠਾਨਕੋਟ 'ਚ ਇਕ ਰੇਲ ਗੱਡੀ 'ਚ ਬੇਹੋਸ਼ ਮਿਲੀ ਸੀ। ਉੱਥੋਂ ਦੇ ਐੱਸਡੀਐੱਮ ਨੇ ਜਲੰਧਰ ਸਥਿਤ ਚਾਈਲਡ ਪ੍ੋਟੈਕਸ਼ਨ ਹੋਮ ਭੇਜਣ ਦੀ ਗੱਲ ਕਹੀ ਤੇ ਆਦੇਸ਼ ਦਿੱਤੇ ਸਨ ਕਿ ਐਲੀਨਾ ਨੂੰ ਉਸ ਦੇ ਘਰ ਪਹੁੰਚਾਇਆ ਜਾਵੇ। ਥਾਣਾ ਮੁਖੀ ਨੇ ਦੱਸਿਆ ਕਿ ਐਲੀਨਾ ਨਾਲ ਜਦ ਘਰ ਜਾਣ ਦੀ ਗੱਲ ਕੀਤੀ ਜਾਂਦੀ ਤਾਂ ਉਹ ਰੋ ਪੈਂਦੀ ਸੀ। ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਲੀਨਾ ਦਾ ਅੰਤਿਮ ਸਸਕਾਰ ਉਸ ਦੇ ਘਰ ਹੀ ਹੋਵੇ।

ਭਾਸ਼ਾ ਕਾਰਨ ਪੁਲਿਸ ਨਹੀਂ ਸਮਝ ਸਕੀ ਐਲੀਨਾ ਦਾ ਦਰਦ

ਇਹ ਗੱਲ ਤਾਂ ਪੱਕੀ ਹੈ ਕਿ ਐਲੀਨਾ ਦੀ ਮੌਤ ਦਾ ਕਾਰਨ ਗਰੀਬੀ ਸੀ ਪਰ ਆਖਰੀ ਸਮੇਂ ਭਾਸ਼ਾ ਵੀ ਉਸ ਦੀ ਦੁਸ਼ਮਣ ਬਣ ਗਈ,ਜਦੋਂ ਐਲੀਨਾ ਮਿਲੀ ਸੀ ਤਾਂ ਉਸ ਨੇ ਇਹ ਕਿਸੇ ਤਰੀਕੇ ਸਮਝਾ ਦਿੱਤਾ ਸੀ ਕਿ ਉਹ ਵਾਪਸ ਘਰ ਨਹੀਂ ਜਾਣਾ ਚਾਹੁੰਦੀ। ਕੁਝ ਬਣਨ ਦਾ ਸੁਪਨਾ ਲੈ ਕੇ ਉਹ ਘਰ ਤੋਂ ਭੱਜੀ ਸੀ ਤਾਂ ਕਿ ਘਰ ਵਾਲਿਆਂ ਦੀ ਗਰੀਬੀ ਵੀ ਦੂਰ ਕਰ ਸਕੇ ਪਰ ਇਸ ਬਾਰੇ ਉਹ ਖੁੱਲ੍ਹ ਕੇ ਕਿਸੇ ਨੂੰ ਆਪਣੀ ਗੱਲ ਨਾ ਸਮਝਾ ਸਕੀ ਕਿਉਂਕਿ ਉਸ ਦੀ ਭਾਸ਼ਾ ਹੀ ਸਮਝ ਨਹੀਂ ਆਉਂਦੀ ਸੀ।

ਲਾਸ਼ ਲੈਣ ਕੋਈ ਨਾ ਬਹੁੜਿਆ ਤਾਂ ਪੁਲਿਸ ਕਰੇਗੀ ਅੰਤਿਮ ਸਸਕਾਰ

ਐਲੀਨਾ ਦੇ ਘਰ ਵਾਲਿਆਂ ਨੇ ਪੈਸਿਆਂ ਦਾ ਹਵਾਲਾ ਦਿੰਦਿਆਂ ਲਾਸ਼ ਲਿਜਾਣ ਤੋਂ ਨਾਂਹ ਕਰ ਦਿੱਤੀ ਹੈ। ਥਾਣਾ-5 ਦੇ ਮੁਖੀ ਨਿਰਮਲ ਸਿੰਘ ਨੇ ਉਸ ਦੇ ਘਰਦਿਆਂ ਨੂੰ ਆਖਿਆ ਹੈ ਕਿ ਉਹ ਇਥੇ ਆ ਜਾਣ ਉਨ੍ਹਾਂ ਦਾ ਸਾਰਾ ਖ਼ਰਚਾ ਪੁਲਿਸ ਕਰੇਗੀ ਪਰ ਇਸ ਦੇ ਬਾਵਜੂਦ ਐਲੀਨਾ ਦੇ ਘਰ ਵਾਲਿਆਂ ਨੇ ਇਥੇ ਆਉਣ ਦੀ ਹਾਮੀ ਨਹੀਂ ਭਰੀ। ਜੇ 72 ਘੰਟਿਆਂ 'ਚ ਲਾਸ਼ ਲੈਣ ਕੋਈ ਨਾ ਆਇਆ ਤਾਂ ਜਲੰਧਰ 'ਚ ਹੀ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।