ਪਿ੍ਰਤਪਾਲ ਸਿੰਘ ਸ਼ਾਹਕੋਟ/ਮਲਸੀਆਂ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅਗਨੀਪਥ ਯੋਜਨਾ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਕੇ ਐੱਸਡੀਐੱਮ ਸ਼ਾਹਕੋਟ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ ਦੇ ਕੇ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੁਜ਼ਾਹਰੇ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੈਮੋਕੇ੍ਟਿਕ ਟੀਚਰਜ਼ ਫਰੰਟ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਸ਼ਾਹਕੋਟ ਦੇ ਵਰਕਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਕਿਸਾਨ, ਮਜ਼ਦੂਰ, ਅਧਿਆਪਕ ਤੇ ਤਰਕਸ਼ੀਲ ਕਾਰਕੁਨ ਇੱਥੋਂ ਦੇ ਬੱਸ ਅੱਡੇ 'ਤੇ ਇਕੱਠੇ ਹੋਏ। ਉਨ੍ਹਾਂ ਬੱਸ ਅੱਡੇ ਤੋਂ ਥਾਣੇ ਤਕ ਮੁਜ਼ਾਹਰਾ ਕਰਨ ਤੋਂ ਬਾਅਦ ਐੱਸਡੀਐੱਮ ਸ਼ਾਹਕੋਟ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ ਸੌਂਪਿਆ। ਇਸ ਮੌਕੇ ਜੁੜੇ ਇਕੱਠ ਨੂੰ ਬੀਕੇਯੂ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ, ਬਲਾਕ ਪ੍ਰਧਾਨ ਬਲਕਾਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ, ਡੀਟੀਐੱਫ ਪੰਜਾਬ ਦੇ ਸੂਬਾ ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ ਤੇ ਗੁਰਮੁੱਖ ਸਿੰਘ ਸਿੱਧੂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਖਵਿੰਦਰ ਬਾਗਪੁਰ ਅਤੇ ਬਿੱਟੂ ਰੂਪੇਵਾਲੀ ਨੇ ਸੰਬੋਧਨ ਕੀਤਾ। ਉਨ੍ਹਾਂ ਅਗਨੀਪਥ ਯੋਜਨਾ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਵਾਲੀ ਯੋਜਨਾ ਦੱਸਿਆ। ਇਸ ਮੌਕੇ ਮਨਜੀਤ ਸਿੰਘ ਸਾਬੀ, ਜਗੀਰ ਜੋਸਨ, ਹਰਜਿੰਦਰ ਸਿੰਘ, ਦੇਸ ਰਾਜ ਜਾਫਰਵਾਲ, ਨਿਰਮਲ ਸਿੰਘ ਖ਼ਾਲਸਾ, ਨਿੱਕੂ, ਜਸਪਾਲ ਸਿੰਘ, ਹਜੂਰਾ ਸਿੰਘ ਅਤੇ ਜਸਵੀਰ ਸਿੰਘ ਜੱਸਾ ਆਦਿ ਹਾਜ਼ਰ ਸਨ।