ਗਿਆਨ ਸੈਦਪੁਰੀ, ਸ਼ਾਹਕੋਟ : ਦੋ ਖੱਬੇ ਪੱਖੀ ਸਿਆਸੀ ਪਾਰਟੀਆਂ ਵਲੋ ਡੀਐੱਸਪੀ ਸ਼ਾਹਕੋਟ ਦੇ ਦਫਤਰ ਅੱਗੇ ਸ਼ੁੱਕਰਵਾਰ ਨੂੰ ਧਰਨਾ ਲਾਇਆ ਗਿਆ। ਧਰਨੇ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਲਾਇਆ ਗਿਆ ਧਰਨਾ ਰਾਤ ਦਿਨ ਜਾਰੀ ਰਹੇਗਾ। ਸੀਪੀਆਈ ਦੇ ਆਗੂ ਚਰਨਜੀਤ ਥੰਮੂਵਾਲ, ਸੰਦੀਪ ਅਰੋੜਾ ਅਤੇ ਆਰਐੱਮਪੀਆਈ ਦੇ ਆਗੂ ਨਿਰਮਲ ਸਿੰਘ ਸਹੋਤਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 24 ਨਵੰਬਰ ਨੂੰ ਮਹਿਤਪੁਰ ਖੇਤਰ ਦੇ ਇੱਕ ਸਕੂਲ ਦੇ ਪ੍ਰਬੰਧਕਾਂ ਨੇ ਸਕੂਲ ਵਿਚ ਲੱਗੇ ਦਰਖਤ ਕੱਟ ਦਿੱਤੇ ਸਨ। ਉਸ ਵੇਲੇ ਸੀਪੀਆਈ ਵੱਲੋਂ ਦਰਖਤ ਕੱਟਣ ਵਾਲਿਆ ਵਿਰੁੱਧ ਕਾਰਵਾਈ ਕਰਨ ਲਈ ਜੰਗਲਾਤ ਵਿਭਾਗ ਤੱਕ ਪਹੁੰਚ ਕੀਤੀ ਗਈ ਸੀ। ਪਰ ਕੋਈ ਕਾਰਵਾਈ ਨਹੀਂ ਰਿਹਾ। ਉਸ ਮੌਕੇ ਐੱਸਐੱਚਓ ਮਹਿਤਪੁਰ ਨੇ ਕੁਝ ਆਗੂਆਂ ਵਿਰੁੱਧ ਕੇਸ ਦਰਜ ਕਰ ਦਿੱਤੇ ਸਨ। ਪੁਲਿਸ ਦੀ ਜਿਆਦਤੀ ਵਿਰੁੱਧ ਆਵਾਜ਼ ਉਠਾਉਣ 'ਤੇ ਡੀਐੱਸਪੀ ਸ਼ਾਹਕੋਟ ਨੇ ਵਾਅਦਾ ਕੀਤਾ ਸੀ ਕਿ ਆਗੂਆਂ ਵਿਰੁੱਧ ਕੀਤੇ ਕੇਸ ਵਾਪਿਸ ਲਏ ਜਾਣਗੇ ਪਰ ਵਾਅਦਾ ਨਿਭਾਇਆ ਨਹੀਂ ਗਿਆ। ਉਸ ਵਾਅਦਾ ਖ਼ਿਲਾਫ਼ੀ ਵਿਰੁੱਧ ਧਰਨਾ ਲਾਇਆ ਗਿਆ ਹੈ। ਧਰਨੇ ਨੂੰ ਸੁਨੀਲ ਕੁਮਾਰ,ਰਸੀਦ ਮਸੀਹ ਨਈਅਰ, ਵਿਕਰਮ ਮੰਢਾਲਾ,ਬਲਵਿੰਦਰ ਸਿੰਘ ਤਲਵੰਡੀ ਮਾਧੋ,ਸੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਬੰਧੀ ਡੀਐੱਸਪੀ ਸ਼ਾਹਕੋਟ ਪਿਆਰਾ ਸਿੰਘ ਥਿੰਦ ਤੇ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਨਵੰਬਰ 2019 ਵਿੱਚ ਮਹਿਤਪੁਰ ਵਿਖੇ ਹਾਈਵੇ ਰੋਕਿਆ ਗਿਆ ਸੀ। ਐੱਸਐੱਚਓ ਮਹਿਤਪੁਰ ਨੂੰ ਮੰਦਾ ਵੀ ਬੋਲਿਆ ਗਿਆ ਸੀ। ਐੱਸਐੱਚਓ ਮਹਿਤਪੁਰ ਨੇ ਕੁਝ ਆਗੂਆਂ ਵਿਰੁੱਧ ਕੇਸ ਦਰਜ ਕੀਤੇ ਸਨ। ਇਨ੍ਹਾਂ ਆਗੂਆਂ ਨੇ ਹਾਈ ਕੋਰਟ ਵਿਚ ਰਿੱਟ ਦਾਇਰ ਕਰਵਾਈ ਸੀ। ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਪੀ (ਹੈੱਡ ਕੁਆਟਰ) ਜਲੰਧਰ ਨੇ ਜਾਂਚ ਕੀਤੀ ਸੀ। ਇਸ ਜਾਂਚ 'ਚ ਪਟੀਸ਼ਨ ਕਰਤਾ ਦੋਸ਼ੀ ਪਾਏ ਗਏ ਸਨ। ਖਬਰ ਲਿਖੇ ਜਾਣ ਤੱਕ ਧਰਨਾਕਾਰੀ ਆਗੂਆਂ ਅਤੇ ਪੁਲਿਸ ਵਿਚਕਾਰ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਸੀ।