ਜਤਿੰਦਰ ਪੰਮੀ, ਜਲੰਧਰ : ਟੋਕੀਓ ਓਲੰਪਿਕ 'ਚ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਕਾਂਸੇ ਦਾ ਮੈਡਲ ਜਿੱਤ ਕੇ ਦੇਸ਼ ਵਾਸੀਆਂ ਨੂੰ ਤੋਹਫਾ ਦਿੱਤਾ ਹੈ। ਭਾਰਤ ਦੀ ਜਿੱਤ ਦੇ ਨਾਲ ਹੀ ਸ਼ਹਿਰ 'ਚ ਜਸ਼ਨ ਦਾ ਮਾਹੌਲ ਬਣ ਗਿਆ। ਭਾਰਤੀ ਹਾਕੀ ਟੀਮ 'ਚ ਸ਼ਾਮਲ ਜਲੰਧਰ ਦੇ ਚਾਰ ਖਿਡਾਰੀ ਕਪਤਾਨ ਮਨਪ੍ਰਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ ਤੇ ਹਾਰਦਿਕ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਪਿੰਡ ਮਿੱਠਾਪੁਰ 'ਚ ਮੈਡਲ ਜਿੱਤਣ 'ਤੇ ਲੱਡੂ ਵੰਡੇ ਗਏ। ਪਰਿਵਾਰਕ ਮੈਂਬਰਾਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ। ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਗਲ 'ਚ ਢੋਲ ਪਾ ਕੇ ਖੂਬ ਭੰਗੜਾ ਪਾਇਆ। ਮੈਡਲ ਜਿੱਤਣ 'ਤੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਸੀ ਅਤੇ ਖੁਸ਼ੀ 'ਚ ਖੀਵੇ ਹੋਏ ਉਹ ਭਾਵੁਕ ਵੀ ਹੋ ਗਏ। ਮੈਡਲ ਦੀ ਜਿੱਤ 'ਤੇ ਸ਼ਹਿਰ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਅਤੇ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।

ਕਪਤਾਨ ਮਨਪ੍ਰਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਮੈਡਲ ਜਿੱਤਣ ਦੀ ਖੁਸ਼ੀ 'ਚ ਭੰਗੜਾ ਪਾਇਆ। ਮਨਜੀਤ ਕੌਰ ਨੇ ਕਿਹਾ ਕਿ ਮਨਪ੍ਰਰੀਤ ਸਿੰਘ ਦਾ ਸੁਪਨਾ ਓਲੰਪਿਕ 'ਚ ਮੈਡਲ ਜਿੱਤਣ ਦਾ ਸੀ। 41 ਸਾਲ ਬਾਅਦ ਭਾਰਤ ਨੇ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਜਦੋਂ ਮਨਪ੍ਰਰੀਤ ਘਰ ਸੀ ਤਾਂ ਓਲੰਪਿਕ 'ਚ ਮੈਡਲ ਜਿੱਤਣ ਬਾਰੇ ਗੱਲ ਕਰਦਾ ਸੀ।

------------

28 ਸੈਕੰਡ 'ਚ ਮਿਲਿਆ ਪੈਨਲਟੀ ਕਾਰਨਰ ਤਾਂ ਪਰਿਵਾਰਕ ਮੈਂਬਰਾਂ ਦੇ ਸਾਹ ਸੁੱਕੇ

ਭਾਰਤ-ਜਰਮਨੀ ਵਿਚਾਲੇ ਮੈਚ ਦੇ ਆਖਰੀ 28 ਸੈਕੰਡ 'ਚ ਜਰਮਨੀ ਨੂੰ ਮਿਲੇ ਪੈਨਲਟੀ ਕਾਰਨਰ ਨਾਲ ਮਨਦੀਪ ਸਿੰਘ ਤੇ ਵਰੁਣ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਸਾਹ ਸੁੱਕ ਗਏ ਸਨ। ਭਾਰਤ ਇਕ ਗੋਲ ਨਾਲ ਅੱਗੇ ਚੱਲ ਰਿਹਾ ਸੀ। ਜਦੋਂ ਜਰਮਨੀ ਦੇ ਪੈਨਲਟੀ ਕਾਰਨ ਨੂੰ ਭਾਰਤ ਦੀ ਰੱਖਿਆ ਪੰਕਤੀ ਨੇ ਵਿਅਰਥ ਕਰ ਦਿੱਤਾ ਤਾਂ ਪਰਿਵਾਰਕ ਮੈਂਬਰ ਖੁਸ਼ੀ ਨਾਲ ਭੰਗੜਾ ਪਾਉਣ ਲੱਗ ਪਏ। ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ।

----------------

ਦੇਸ਼ ਵਾਸੀਆਂ ਦੀਆਂ ਸ਼ੁੱਭਕਾਮਨਾਵਾਂ ਲਿਆਈਆਂ ਰੰਗ : ਪਰਿਵਾਰਕ ਮੈਂਬਰ

ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਤੇ ਮਾਂ ਦਵਿੰਦਰਜੀਤ ਕੌਰ, ਵਰੁਣ ਕੁਮਾਰ ਦੇ ਪਿਤਾ ਬ੍ਹਮਾਨੰਦ ਤੇ ਮਾਂ ਸ਼ਕੁੰਤਲਾ ਦੇਵੀ, ਹਾਰਦਿਕ ਦੇ ਪਿਤਾ ਵਰਿੰਦਰਪ੍ਰਰੀਤ ਸਿੰਘ ਤੇ ਮਾਂ ਕਮਲਜੀਤ ਕੌਰ ਨੇ ਕਿਹਾ ਕਿ 41 ਸਾਲ ਪੁਰਾਣੇ ਮੈਡਲ ਦੇ ਸੋਕੇ ਨੂੰ ਟੀਮ ਨੇ ਖਤਮ ਕਰ ਦਿੱਤਾ ਹੈ। ਉਹ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੇ। ਟੀਮ 'ਚ ਜਲੰਧਰ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂਬਰਾਂ ਨੇ ਕਿਹਾ ਕਿ ਪੁੱਤਰਾਂ ਦਾ ਟੀਚਾ ਓਲੰਪਿਕ 'ਚ ਮੈਡਲ ਜਿੱਤਣ ਦਾ ਸੀ। ਸੈਮੀਫਾਈਨਲ ਦੀ ਹਾਰ ਨਾਲ ਨਿਰਾਸ਼ ਸਨ। ਦੇਸ਼ ਵਾਸੀਆਂ ਦੀਆਂ ਸ਼ੱੁਭਕਾਮਨਾਵਾਂ ਦੀ ਬਦੌਲਤ ਭਾਰਤੀ ਟੀਮ ਨੇ ਮੈਡਲ ਜਿੱਤਿਆ ਹੈ।

-------------------

ਮੈਡਲ ਜਿੱਤਣ 'ਤੇ ਜ਼ਿਲ੍ਹਾ ਖੇਡ ਦਫਤਰ 'ਚ ਖੁਸ਼ੀ ਦਾ ਮਾਹੌਲ

ਭਾਰਤੀ ਹਾਕੀ ਟੀਮ ਵੱਲੋਂ ਕਾਂਸੇ ਦਾ ਮੈਡਲ ਜਿੱਤਣ 'ਤੇ ਜ਼ਿਲ੍ਹਾ ਖੇਡ ਦਫਤਰ 'ਚ ਵੀ ਖੁਸ਼ੀ ਦਾ ਮਾਹੌਲ ਰਿਹਾ। ਜ਼ਿਲ੍ਹਾ ਖੇਡ ਅਧਿਕਾਰੀ ਉਮੇਸ਼ ਸ਼ਰਮਾ ਓਲੰਪੀਅਨ ਤੇ ਚੀਫ ਹਾਕੀ ਕੋਚ ਰਜਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਮੇਸ਼ ਸ਼ਰਮਾ ਨੇ ਕਿਹਾ ਕਿ ਟੀਮ 'ਚ ਜਲੰਧਰ ਦੇ ਚਾਰ ਖਿਡਾਰੀ ਹਨ, ਜਿਨ੍ਹਾਂ ਨੇ ਵਧੀਆ ਹਾਕੀ ਖੇਡੀ ਹੈ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ, ਹਾਕੀ ਪ੍ਰਮੋਟਰ ਸਰਿੰਦਰ ਭਾਪਾ, ਏਐੱਸ ਬੈਂਸ ਆਦਿ ਹਾਜ਼ਰ ਸਨ।

-------------

ਪੰਜਾਬ ਐਂਡ ਸਿੰਧ ਬੈਂਕ ਨੇ ਹਾਕੀ ਟੀਮ ਨੂੰ ਦਿੱਤੀ ਵਧਾਈ

ਜਲੰਧਰ-ਟੋਕੀਓ ਓਲੰਪਿਕ 'ਚ ਕਾਂਸੇ ਦਾ ਮੈਡਲ ਜੇਤੂ ਭਾਰਤੀ ਹਾਕੀ ਟੀਮ ਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਤੇ ਅਧਿਕਾਰੀਆਂ ਨੇ ਵਧਾਈ ਦਿੱਤੀ। ਬੈਂਕ ਦੇ ਡੀਜੀਐੱਮ ਰਾਜੇਸ਼ ਮਲਹੋਤਰਾ ਨੇ ਕਿਹਾ ਕਿ ਭਾਰਤੀ ਟੀਮ ਨੇ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਕੇ ਮੈਡਲ ਆਪਣੇ ਨਾਂ ਕੀਤਾ ਹੈ। ਇਸ ਜਿੱਤ ਦੇ ਨਾਲ ਹੀ ਹਾਕੀ ਦੀ ਨਵੀਂ ਪਨੀਰੀ ਤਿਆਰ ਹੋਵੇਗੀ।