ਜੇਐੱਨਐੱਨ, ਜਲੰਧਰ : ਬੀਤੇ ਨੌਂ ਸਤੰਬਰ ਨੂੰ ਡੀਏਵੀ ਫਲਾਈਓਵਰ ਕੋਲ ਕੈਂਟਰ ਦੀ ਟੱਕਰ ਨਾਲ ਹੋਈ ਐੱਨਆਰਆਈ ਦੀ ਪਤਨੀ ਦੀ ਮੌਤ ਤੋਂ ਬਾਅਦ ਵੀ ਸ਼ਹਿਰ ਦੇ ਕਈ ਇਲਾਕਿਆਂ 'ਚ ਭਾਰੀ ਵਾਹਨਾਂ ਦਾ ਦਾਖ਼ਲਾ ਬੰਦ ਨਹੀਂ ਹੋਇਆ ਹੈ। ਇਹ ਭਾਰੀ ਵਾਹਨ ਖੁੱਲ੍ਹੇਆਮ 11 ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤਕ ਪੁਲਿਸ ਨਾਕਿਆਂ ਦੇ ਸਾਹਮਣੇ ਲੰਘ ਰਹੇ ਹਨ। ਜਲੰਧਰ ਟ੍ਰੈਫਿਕ ਪੁਲਿਸ ਨੇ ਬਕਾਇਦਾ ਮਕਸੂਦਾਂ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਵਰਕਸ਼ਾਪ ਚੌਕ ਜਾਣ ਲਈ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤਕ ਲੰਘਣ ਦੀ ਛੋਟ ਦਿੱਤੀ ਹੋਈ ਹੈ। ਡੀਏਵੀ ਫਲਾਈਓਵਰ ਕੋਲ ਲੱਗੇ ਨਾਕੇ 'ਤੇ ਟ੍ਰੈਫਿਕ ਪੁਲਿਸ ਦੇ ਦੋ ਮੁਲਾਜ਼ਮਾਂ ਦਾ ਤਾਇਨਾਤੀ ਕੀਤੀ ਜਾਂਦੀ ਹੈ ਜੋ ਅਧਿਕਾਰੀਆਂ ਦੇ ਆਦੇਸ਼ਾਂ ਦਾ ਹਵਾਲਾ ਦੇ ਕੇ ਟਰੱਕਾਂ ਨੂੰ ਇਨ੍ਹਾਂ ਦੋ ਘੰਟਿਆਂ ਵਿਚਾਲੇ ਵਰਕਸ਼ਾਪ ਚੌਕ ਵੱਲੋਂ ਹੋ ਕੇ ਕਪੂਰਥਲਾ ਲਈ ਰਵਾਨਾ ਕਰ ਦਿੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਟਰੱਕ ਜਾਂ ਤਾਂ ਮੰਡੀ 'ਚ ਸਾਮਾਨ ਲੈ ਕੇ ਆਉਣ ਵਾਲੇ ਹੁੰਦੇ ਹਨ ਜਾਂ ਫਿਰ ਆਲੇ-ਦੁਆਲੇ ਦੇ ਟਰਾਂਸਪੋਰਟਰਾਂ ਦੇ ਜੋ ਪੁਲਿਸ ਦੀ ਦਿੱਤੀ ਛੋਟ ਦਾ ਲਾਹਾ ਲੈ ਕੇ ਆਸਾਨੀ ਨਾਲ ਸ਼ਹਿਰ 'ਚ ਦਾਖਲ ਹੋ ਜਾਂਦੇ ਹਨ।

--

ਸਵੇਰੇ 11 ਵਜੇ ਤੋਂ ਦੁਪਹਿਰ ਇਕ ਵਜੇ ਤਕ ਭਾਰੀ ਵਾਹਨਾਂ ਨੂੰ ਛੋਟ

ਮਕਸੂਦਾਂ ਤੋਂ ਵਰਕਸ਼ਾਪ ਚੌਕ ਹੁੰਦੇ ਹੋਏ ਭਾਰੀ ਵਾਹਨਾਂ ਨੂੰ ਕਪੂਰਥਲਾ ਵੱਲ ਜਾਣ ਲਈ ਜਲੰਧਰ ਟ੍ਰੈਫਿਕ ਪੁਲਿਸ ਨੇ ਸਵੇਰੇ 11 ਵਜੇ ਤੋਂ ਦੁਪਹਿਰ ਇਕ ਵਜੇ ਤਕ ਦੀ ਛੋਟ ਦਿੱਤੀ ਹੋਈ ਹੈ ਜਿਸ ਪਿੱਛੇ ਪੁਲਿਸ ਦਾ ਤਰਕ ਹੈ ਕਿ ਇਸ ਸਮੇਂ ਸੜਕ 'ਤੇ ਆਵਾਜਾਈ ਘੱਟ ਹੁੰਦੀ ਹੈ। ਇਨ੍ਹਾਂ ਭਾਰੀ ਵਾਹਨਾਂ ਨੂੰ ਇਸ ਰਸਤਿਓਂ ਨਿਕਲਣ ਦੀ ਆਜ਼ਾਦੀ ਦਿੱਤੀ ਹੈ ਪਰ ਅਕਸਰ ਇਹ ਦੇਖਣ ਨੂੰ ਮਿਲਿਆ ਹੈ ਕਿ ਪੁਲਿਸ ਦੀ ਇਸ ਛੋਟ ਦਾ ਮੰਡੀ ਤੇ ਟਰਾਂਸਪੋਰਟਰਾਂ ਦੇ ਟਰੱਕ ਖੁੱਲ੍ਹ ਕੇ ਲਾਹਾ ਲੈਂਦੇ ਹਨ ਤੇ ਆਸਾਨੀ ਨਾਲ ਇਸ ਸਮੇਂ ਵਿਚਾਲੇ ਇਸ ਛੋਟ ਦਾ ਲਾਹਾ ਲੈ ਕੇ ਸ਼ਹਿਰ 'ਚ ਦਾਖਲ ਹੁੰਦੇ ਹਨ। ਬੁੱਧਵਾਰ ਨੂੰ ਜਾਗਰਣ ਟੀਮ ਨੇ ਜਦੋਂ ਸਵੇਰੇ 11 ਵਜੇ ਤੋਂ ਇਕ ਵਜੇ ਤਕ ਮੌਕੇ ਦਾ ਜਾਇਜ਼ਾ ਲਿਆ ਤਾਂ ਇਨ੍ਹਾਂ ਦੋ ਘੰਟਿਆਂ ਵਿਚਾਲੇ ਡੀਏਵੀ ਕੋਲ ਲੱਗੇ ਨਾਕੇ ਤੋਂ ਕਰੀਬ 100 ਟਰੱਕ ਲੰਘੇ। ਮਾਮਲੇ ਨੂੰ ਲੈ ਕੇ ਜਦੋਂ ਨਾਕੇ 'ਤੇ ਤਾਇਨਾਤ ਏਐੱਸਆਈ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਨੂੰ ਲੰਘਣ ਲਈ ਦੋ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਕਿਸੇ ਵੀ ਵਾਹਨ ਨੂੰ ਰਾਤ ਅੱਠ ਵਜੇ ਤੋਂ ਪਹਿਲਾਂ ਸ਼ਹਿਰ 'ਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

--

ਛੇ ਮਹੀਨੇ 'ਚ ਤਿੰਨ ਨੇ ਗੁਆਈ ਜਾਨ, ਕਈ ਜ਼ਖ਼ਮੀ

ਬੀਤੇ ਕੁਝ ਦਿਨਾਂ ਤੋਂ ਡੀਏਵੀ ਫਲਾਈਓਵਰ 'ਤੇ ਆਏ ਦਿਨ ਹਾਦਸੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਬੀਤੇ 19 ਅਪ੍ਰਰੈਲ ਨੂੰ ਡੀਏਵੀ ਫਲਾਈਓਵਰ ਕੋਲ ਆਪਣੇ ਪਿਤਾ ਨਾਲ ਕ੍ਰਿਕਟ ਦੀ ਕੋਚਿੰਗ ਲੈ ਕੇ ਨਿੱਜੀ ਅਕੈਡਮੀ ਤੋਂ ਵਾਪਸ ਆ ਰਹੇ ਮਾਸੂਮ ਦੀ ਟਰੱਕ ਤੇ ਐਕਟਿਵਾ ਦੀ ਟੱਕਰ 'ਚ ਦਰਦਨਾਕ ਮੌਤ ਹੋ ਗਈ। ਉਥੇ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਪਿਤਾ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਘਟਨਾ ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਟਰੱਕ ਡਰਾਈਵਰ ਨਸ਼ੇ ਦੀ ਹਾਲਾਤ 'ਚ ਟਰੱਕ ਚਲਾ ਰਿਹਾ ਸੀ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ। ਜੂਨ ਮਹੀਨੇ 'ਚ ਵੀ ਡੀਏਵੀ ਫਲਾਈਓਵਰ ਕੋਲ ਇਕ ਐਕਟਿਵਾ ਸਵਾਰ ਬਜ਼ੁਰਗ ਨੂੰ ਟਰੱਕ ਨੇ ਪਿੱਿਛਓਂ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਬੇਕਾਬੂ ਹੋ ਕੇ ਬਜ਼ੁਰਗ ਸਕੂਟੀ ਸਮੇਤ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ। ਘਟਨਾ ਵਾਲੀ ਥਾਂ 'ਤੇ ਬਜ਼ੁਰਗ ਦੀ ਮੌਤ ਹੋ ਗਈ। ਬੀਤੀ 9 ਸਤੰਬਰ ਨੂੰ ਡੀਏਵੀ ਕਾਲਜ ਦੇ ਫਲਾਈਓਵਰ ਨੇੜੇ 11 ਵਜੇ ਇਕ ਕੈਂਟਰ ਨੇ ਸਕੂਟੀ ਸਵਾਰ ਅੌਰਤ ਨੂੰ ਟੱਕਰ ਮਾਰ ਦਿੱਤੀ। ਸਕੂਟੀ ਸਵਾਰ ਤੇਜਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਕੈਂਟਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ ਜੋ ਨਸ਼ੇ 'ਚ ਦੱਸਿਆ ਜਾ ਰਿਹਾ ਸੀ। ਤੇਜਿੰਦਰ ਕੌਰ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆਈ ਸੀ ਤੇ ਜਲੰਧਰ 'ਚ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਸੀ। ਕੋਰਸ ਪੂਰਾ ਹੋਣ ਤੋਂ ਬਾਅਦ ਉਸ ਨੇ ਪਤੀ ਕੋਲ ਜਾਣਾ ਸੀ। ਉਥੇ ਇਸ ਰਾਹ 'ਤੇ ਹੋਏ ਹਾਦਸਿਆਂ 'ਚ ਬੀਤੇ ਛੇ ਮਹੀਨਿਆਂ 'ਚ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਚੁੱਕੇ ਹਨ।

--

ਨਾਕੇ 'ਤੇ ਲੱਗਾ ਨੋ ਐਂਟਰੀ ਦਾ ਬੋਰਡ ਫਿਰ ਵੀ ਪੂਰੇ ਦਿਨ ਲੰਘਦੇ ਹਨ ਵਾਹਨ

ਮਕਸੂਦਾਂ ਸਬਜ਼ੀ ਮੰਡੀ ਦੇ ਸਾਹਮਣੇ ਟ੍ਰੈਫਿਕ ਪੁਲਿਸ ਵੱਲੋਂ ਨੋ ਐਂਟਰੀ ਜ਼ੋਨ ਦਾ ਬੋਰਡ ਲਾਇਆ ਗਿਆ ਹੈ। ਉਸ ਤੋਂ ਕੁਝ ਦੂਰੀ 'ਤੇ ਹੀ ਟ੍ਰੈਫਿਕ ਪੁਲਿਸ ਦਾ ਨਾਕਾ ਵੀ ਲੱਗਾ ਹੋਇਆ ਹੈ। ਉਸ ਬੋਰਡ 'ਤੇ ਸਮਾਂ ਵੀ ਲਿਖਿਆ ਹੈ ਕਿ ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਅੱਠ ਵਜੇ ਤਕ ਭਾਰੀ ਵਾਹਨ ਸ਼ਹਿਰ 'ਚ ਦਾਖ਼ਲ ਨਹੀਂ ਹੋ ਸਕਦੇ। ਨਾਲ ਹੀ ਭਾਰੀ ਵਾਹਨਾਂ ਨੂੰ 11 ਵਜੇ ਤੋਂ ਦੁਪਹਿਰ 1 ਵਜੇ ਤਕ ਕਪੂਰਥਲਾ ਵੱਲ ਜਾਣ ਲਈ ਛੋਟ ਵੀ ਦਿੱਤੀ ਗਈ ਹੈ। ਇਸ ਦੇ ਬਾਵਜੂਦ ਭਾਰੀ ਵਾਹਨ ਸਾਰਾ ਦਿਨ ਸ਼ਹਿਰ 'ਚ ਦਾਖ਼ਲ ਹੁੰਦੇ ਹਨ।

--

ਡੀਜੀਪੀ ਤੋਂ ਲੈ ਕੇ ਕੇਂਦਰੀ ਆਵਾਜਾਈ ਮੰਤਰੀ ਨੂੰ ਸ਼ਿਕਾਇਤ

ਇਸ ਸੜਕ 'ਤੇ ਕਰੀਬ ਨੌਂ ਸਕੂਲ ਤੇ ਕਾਲਜ ਹਨ ਜਿਨ੍ਹਾਂ 'ਚ ਹਜ਼ਾਰਾਂ ਬੱਚੇ ਪੜ੍ਹਦੇ ਹਨ। ਸਕੂਲ ਤੇ ਕਾਲਜ ਆਉਣ-ਜਾਣ ਵਾਲੇ ਬੱਚੇ ਇਸੇ ਰੂਟ ਦਾ ਇਸਤੇਮਾਲ ਕਰਦੇ ਹਨ। ਭਾਰੀ ਵਾਹਨਾਂ ਦੇ ਇਸ ਰੂਟ ਤੋਂ ਲੰਘਣ ਕਾਰਨ ਇਨ੍ਹਾਂ ਬੱਚਿਆਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਬੀਤੇ ਅਪ੍ਰਰੈਲ ਮਹੀਨੇ 'ਚ ਡੀਏਵੀ ਕਾਲਜ ਦੇ ਪੁਲ 'ਤੇ ਹਾਦਸੇ 'ਚ ਪਿਤਾ ਨਾਲ ਸਕੂਟੀ 'ਤੇ ਸਵਾਰ ਹੋ ਕੇ ਆ ਰਹੇ ਇਕ ਬੱਚੇ ਦੀ ਮੌਤ ਹੋ ਗਈ ਸੀ। ਟਰੱਕਾਂ ਦੇ ਦਾਖਲੇ ਨੂੰ ਲੈ ਕੇ ਕਈ ਵਾਰ ਲੋਕ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਸੌਂਪ ਚੁੱਕੇ ਹਨ ਪਰ ਇਸ ਪਾਸੇ ਅੱਜ ਤਕ ਧਿਆਨ ਨਹੀਂ ਦਿੱਤਾ ਗਿਆ ਹੈ। ਕਰੀਬ ਦੋ ਸਾਲ ਪਹਿਲਾਂ ਮਾਮਲੇ ਨੂੰ ਲੈ ਕੇ ਕੇਂਦਰੀ ਆਵਾਜਾਈ ਮੰਤਰੀ, ਡੀਜੀਪੀ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਇਸ ਮੁੱਦੇ ਨੂੰ ਲੈ ਕੇ ਪੱਤਰ ਰਾਹੀਂ ਸ਼ਿਕਾਇਤ ਕਰ ਕੇ ਇਸ ਗੱਲ ਦੀ ਮੰਗ ਕੀਤੀ ਗਈ ਸੀ ਕਿ ਇਸ ਇਲਾਕੇ 'ਚੋਂ ਲੰਘਣ ਵਾਲੇ ਸਾਰੇ ਵਾਹਨਾਂ 'ਤੇ ਰੋਕ ਲਾਈ ਜਾਵੇ ਪਰ ਹੁਣ ਤਕ ਉਨ੍ਹਾਂ ਸਾਰੀਆਂ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

--

ਲੋਕਾਂ ਦੀ ਮੰਗ ਰਾਤ ਨੂੰ ਹੀ ਲੰਘਣ ਭਾਰੀ ਵਾਹਨ

ਸ਼ਹਿਰ ਦੇ ਇਸ ਇਲਾਕੇ 'ਚ ਭਾਰੀ ਵਾਹਨਾਂ ਦੇ ਦਿਨ 'ਚ ਦਾਖਲੇ ਨੂੰ ਲੈ ਕੇ ਲੋਕਾਂ ਤੇ ਸਥਾਨਕ ਦੁਕਾਨਦਾਰਾਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਮਾਮਲੇ ਨੂੰ ਲੈ ਕੇ ਜਦੋਂ ਇਲਾਕੇ ਦੇ ਕਾਂਗਰਸੀ ਆਗੂ ਐਡਵੋਕੇਟ ਅਜੇ ਕੁਮਾਰ ਲੱਕੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲ ਤੇ ਕਾਲਜ ਹੋਣ ਦੇ ਨਾਲ-ਨਾਲ ਕਈ ਹਸਪਤਾਲ ਵੀ ਇਸ ਰੋਡ 'ਤੇ ਹੀ ਹਨ। ਆਏ ਦਿਨ ਭਾਰੀ ਵਾਹਨਾਂ ਦੇ ਇਲਾਕੇ 'ਚ ਦਾਖਲ ਹੋਣ ਨਾਲ ਹਾਦਸੇ ਹੁੰਦੇ ਹਨ ਜਿਸ ਦਾ ਨੋਟਿਸ ਲੈਂਦਿਆਂ ਵਾਹਨਾਂ ਦੇ ਦਿਨ 'ਚ ਦਾਖਲੇ 'ਤੇ ਰੋਕ ਲਾਈ ਜਾਣੀ ਚਾਹੀਦੀ ਤੇ ਭਾਰੀ ਵਾਹਨ ਇਸ ਰੋਡ 'ਤੇ ਰਾਤ ਵੇਲੇ ਹੀ ਨਿਕਲਣੇ ਚਾਹੀਦੇ ਹਨ ਤਾਂ ਕਿ ਹਾਦਸਿਆਂ 'ਤੇ ਰੋਕ ਲਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

--

ਕੁਤਾਹੀ ਵਰਤਣ ਵਾਲੇ ਖ਼ਿਲਾਫ਼ ਲਿਆ ਜਾਵੇਗਾ ਸਖ਼ਤ ਐਕਸ਼ਨ

ਮਾਮਲੇ ਨੂੰ ਲੈ ਕੇ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਭਾਰੀ ਵਾਹਨਾਂ ਦੇ ਦਾਖ਼ਲੇ ਲਈ ਸਿਰਫ 11 ਵਜੇ ਤੋਂ 1 ਵਜੇ ਤਕ ਦੀ ਛੋਟ ਦਿੱਤੀ ਗਈ ਹੈ। ਜੇ ਇਸ ਆਦੇਸ਼ ਦੀ ਪਾਲਣਾ 'ਚ ਕੋਈ ਕੁਤਾਹੀ ਵਰਤੀ ਜਾਂਦੀ ਹੈ ਤਾਂ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ।