ਸ.ਸ., ਜਲੰਧਰ : ਨਾਬਾਲਗ ਨਾਲ ਦੋਸਤੀ ਕਰ ਕੇ ਉਸ ਨੂੰ ਨਸ਼ੀਲੀ ਦਵਾਈ ਪਿਲਾ ਕੇ ਸ਼ੋਸ਼ਣ ਕੀਤਾ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਨਿਊ ਰਤਨ ਨਗਰ ਨਿਵਾਸੀ ਅੰਕੁਸ਼ ਕੁਮਾਰ ਜਾਇਸਵਾਲ ਵਜੋਂ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਲੈਦਰ ਕੰਪਲੈਕਸ ਨੇੜੇ ਕਿਸੇ ਨਿੱਜੀ ਕੰਪਨੀ 'ਚ ਕੰਮ ਕਰਦੀ ਹੈ ਉਹ ਹਰ ਰੋਜ਼ ਆਪਣੀ ਵੱਡੀ ਭੈਣ ਨੂੰ ਖਾਣਾ ਦੇਣ ਜਾਂਦੀ ਸੀ। ਭੈਣ ਦੀ ਕੰਪਨੀ 'ਚ ਕੰਮ ਕਰਨ ਵਾਲੇ ਲੜਕੇ ਨਾਲ ਦੋਸਤੀ ਹੋ ਗਈ। 2 ਮਹੀਨੇ ਬਾਅਦ ਦੋਵਾਂ ਨੇ ਇਕ-ਦੂਜੇ ਨਾਲ ਬਾਹਰ ਘੁੰਮਣਾ ਸ਼ੁਰੂ ਕਰ ਦਿੱਤਾ। ਉਹ ਇਕ ਦਿਨ ਉਸ ਨੂੰ ਹੋਟਲ ਲੈ ਗਿਆ ਤੇ ਉਸ ਨੇ ਉਥੇ ਜਾ ਕੇ ਕੋਲਡ ਡਰਿੰਕ 'ਚ ਮਿਲਾ ਕੇ ਕੁਝ ਦੇ ਦਿੱਤਾ ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਲੜਕੇ ਨੇ ਉਸ ਦਾ ਫਾਇਦਾ ਉਠਾ ਕੇ ਸਰੀਰਕ ਸਬੰਧ ਬਣਾਏ ਤੇ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਨੇ ਦੱਸਿਆ ਕਿ ਉਸ ਨੂੰ ਵੀਡੀਓ ਦਿਖਾ ਕੇ ਬਲੈਕਮੇਲ ਕਰ ਕੇ ਕਈ ਵਾਰ ਉਸ ਦਾ ਫਾਇਦਾ ਉਠਾਇਆ ਤੇ ਤੰਗ ਕਰਨ ਲੱਗਾ। ਲੜਕੀ ਨੇ ਇਸ ਸਬੰਧੀ ਜਦੋਂ ਆਪਣੇ ਘਰ 'ਚ ਗੱਲ ਕੀਤੀ ਤਾਂ ਪਰਿਵਾਰਕ ਮੈਂਬਰਾਂ ਨੇ ਥਾਣਾ ਬਸਤੀ ਬਾਵਾ ਖੇਲ 'ਚ ਲੜਕੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ।

---

ਪਰਿਵਾਰ ਦਾ ਦੋਸ਼, ਹੋਟਲ ਦਾ ਨਾਂ ਨਹੀਂ ਪਾਇਆ ਮਾਮਲੇ 'ਚ

ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੇ ਨੇ ਜਿਸ ਹੋਟਲ 'ਚ ਲਿਜਾ ਕੇ ਲੜਕੀ ਨੂੰ ਨਸ਼ੀਲੀ ਦਵਾਈ ਦੇ ਕੇ ਗਲਤ ਕੰਮ ਕੀਤਾ, ਉਸ ਦੇ ਪ੍ਰਬੰਧਕਾਂ ਦੀ ਮਿਲੀਭੁਗਤ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਹੋਟਲ ਦਾ ਨਾਂ ਵੀ ਮਾਮਲੇ 'ਚ ਪਾਇਆ ਜਾਵੇ ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਇਸ ਸਬੰਧੀ ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ ਤੇ ਕਿਹਾ ਕਿ ਜੇ ਹੋਟਲ ਦਾ ਨਾਂ ਮਾਮਲੇ 'ਚ ਦਰਜ ਨਹੀਂ ਹੋਇਆ ਤਾਂ ਉਹ ਛੇਤੀ ਹੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ।