ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ 5 ਦੀ ਪੁਲਿਸ ਨੇ ਹਾਈਕੋਰਟ 'ਚੋਂ ਜ਼ਮਾਨਤ ਕੈਂਸਲ ਹੋਣ ਤੋਂ ਬਾਅਦ ਗਾਇਬ ਹੋਏ ਕਤਲ ਕੇਸ ਦੇ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਅੱਜ ਉਸ ਵੇਲੇ ਗਿ੍ਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਘਰਦਿਆਂ ਨੂੰ ਮਿਲਣ ਲਈ ਆਪਣੇ ਮੁਹੱਲੇ ਵਿਚ ਆਇਆ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਬਰਜਿੰਦਰ ਸਿੰਘ ਨੇ ਕਿਹਾ ਕਿ ਮੁਕੱਦਮਾ ਨੰਬਰ 116 ਮਿਤੀ 11/10/2001 ਧਾਰਾ 302/34 ਦੇ ਦੋਸ਼ੀ ਜਤਿੰਦਰ ਉਰਫ ਰੈਂਕ ਵਾਸੀ ਬਸਤੀ ਦਾਨਿਸ਼ਮੰਦਾਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੇ ਸਜ਼ਾ ਦੌਰਾਨ ਹਾਈ ਕੋਰਟ ਵਿਚੋਂ ਜ਼ਮਾਨਤ ਲੈ ਲਈ ਸੀ ਪਰ ਕੁਝ ਸਮਾਂ ਬਾਅਦ ਅਦਾਲਤ ਵੱਲੋਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ ਪਰ ਜਤਿੰਦਰ ਉਸ ਤੋਂ ਬਾਅਦ ਜੇਲ੍ਹ ਵਿਚ ਵਾਪਸ ਨਹੀਂ ਪਹੁੰਚਿਆ, ਜਿਸ ਕਾਰਨ ਪੁਲਿਸ ਲਗਾਤਾਰ ਉਸ ਦੀ ਤਲਾਸ਼ ਕਰ ਰਹੀ ਸੀ। ਸ਼ੁੱਕਰਵਾਰ ਥਾਣਾ ਪੰਜ ਦੇ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਤਿੰਦਰ ਆਪਣੇ ਘਰਦਿਆਂ ਨੂੰ ਮਿਲਣ ਲਈ ਆਪਣੇ ਮੁਹੱਲੇ ਵਿਚ ਆਇਆ ਹੋਇਆ ਹੈ, ਜਿਸ 'ਤੇ ਏਐੱਸਆਈ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਸਤੀ ਦਾਨਿਸ਼ਮੰਦਾਂ ਵਿਚ ਛਾਪੇਮਾਰੀ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ।