ਅਰਸ਼ਦੀਪ ਸਿੰਘ ਮਲਸੀਆਂ: ਅੱਜ ਦੇਰ ਸ਼ਾਮ ਸਥਾਨਕ ਸ਼ਾਹਕੋਟ ਰੋਡ 'ਤੇ ਏਪੀਐਸ ਨਰਸਿੰਗ ਕਾਲਜ ਦੇ ਨਜ਼ਦੀਕ ਇਕ ਪ੍ਰਾਈਵੇਟ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਪਤੀ-ਪਤਨੀ ਅਤੇ ਉਨ੍ਹਾਂ ਦਾ ਮਾਸੂਮ ਬੱਚਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਹੋਣਾ ਪਿਆ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਨਿਊ ਦੀਪ ਕੰਪਨੀ ਦੀ ਬੱਸ ਨੰਬਰ ਪੀ ਬੀ 30ਕੇ 2171 ਜਿਸ ਵਿੱਚ ਕਰੀਬ 35 ਸਵਾਰੀਆਂ ਸਨ ਮਾਤਾ ਚਿੰਤਪੁਰਨੀ ਤੋਂ ਡੱਬਵਾਲੀ ਜਾ ਰਹੀ ਸੀ ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਚੜੇ੍ਵਾਨ ਮੁਕਤਸਰ ਸਾਹਿਬ ਚਲਾ ਰਹੇ ਸਨ ਦੀ ਦੂਜੇ ਪਾਸੇ ਤੋਂ ਆ ਰਹੀ ਆਈ 10 ਕਾਰ ਨੰਬਰ ਪੀ ਬੀ 30 ਯੂ 8489 ਨਾਲ ਜ਼ੋਰਦਾਰ ਟੱਕਰ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੂੰ ਇਸਾਨ ਧਵਨ 32 ਪੁੱਤਰ ਸੁਭਾਸ਼ ਕੁਮਾਰ ਵਾਸੀ ਕੋਟਕਪੂਰਾ ਚਲਾ ਰਿਹਾ ਸੀ। ਉਹਨਾਂ ਦੇ ਨਾਲ ਉਨ੍ਹਾਂ ਦੀ ਪਤਨੀ ਗਾਇਤ੍ਰੀ ਅਤੇ ਉਨ੍ਹਾਂ ਦਾ ਬੱਚਾ ਓਵਾਨ ਵੀ ਨਾਲ ਸਨ। ਮਲਸੀਆਂ ਪਹੁੰਚਣ 'ਤੇ ਉਨ੍ਹਾਂ ਦੀ ਕਾਰ ਅਚਾਨਕ ਡਿਵਾਈਡਰ ਨਾਲ ਟਕਰਾਅ ਕੇ ਹਾਈਵੇ ਦੇ ਦੂਜੇ ਪਾਸਿਓਂ ਆ ਰਹੀ ਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਹਾਈਵੇ ਦੇ ਦੂਜੇ ਪਾਸੇ ਇੱਕ ਟੋਏ ਵਿੱਚ ਜਾ ਡਿੱਗੀ। ਇਸ ਟੱਕਰ 'ਚ ਕਾਰ ਸਵਾਰ ਤਿੰਨੋਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਾਈਵੇ ਪੈਟਰੋਲਿੰਗ ਦੀ ਗੱਡੀ 'ਚ ਏਐਸਆਈ ਜਸਵਿੰਦਰ ਸਿੰਘ ਅਤੇ ਏਐਸਆਈ ਹੇ ਰਾਮ ਵੱਲੋਂ ਸਿਵਲ ਹਸਪਤਾਲ ਨਕੋਦਰ ਲੈ ਜਾਇਆ ਗਿਆ। ਜੋ ਕਿ ਉਹਨਾਂ ਨੂੰ ਜਲੰਧਰ ਦੇ ਸੱਤਿਅਮ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਕਤ ਸੜਕ ਹਾਦਸੇ 'ਚ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ਦੇ ਚਾਲਕ ਲਖਵਿੰਦਰ ਸਿੰਘ ਦੇ ਵੀ ਸੱਟਾਂ ਲੱਗੀਆ।

ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਦੁਆਰਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਥੇ ਪਹਿਲਾਂ ਵੀ ਕਈ ਲੋਕ ਹਾਦਸਿਆਂ 'ਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਪਰ ਹਾਈਵੇ ਅਥਾਰਟੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Posted By: Jagjit Singh