ਪੱਤਰ ਪ੍ਰਰੇਰਕ, ਅੱਪਰਾ : ਸਥਾਨਕ ਪੁਲਿਸ ਚੌਂਕੀ ਦੇ ਮੁਖੀ ਕਸ਼ਮੀਰ ਸਿੰਘ ਤੇ ਗੁਰਦੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲਿਸ ਨੇ ਮੰਡੀ ਰੋਡ 'ਤੇ ਲਾਏ ਨਾਕੇ ਦੌਰਾਨ ਪੈਦਲ ਤੁਰੇ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਕੋਲੋਂ 120 ਨਸ਼ੀਲੀਆਂ ਗੋਲੀਆਂ ਤੇ 50 ਕੈਪਸੂਲ ਬਰਾਮਦ ਕੀਤੇ। ਮੁਲਜ਼ਮ ਦੀ ਪਛਾਣ ਚਮਕੌਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਚੱਕ ਸਾਹਬੂ (ਅੱਪਰਾ) ਵਜੋਂ ਹੋਈ। ਪੁਲਿਸ ਨੇ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਚੌਂਕੀ ਦੇ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਆਰੰਭੀ ਹੋਈ ਹੈ।