ਅਮਰਜੀਤ ਸਿੰਘ ਵੇਹਗਲ, ਜਲੰਧਰ : ਨੂਰਪੁਰ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ 'ਚ ਸੰਗਰਾਂਦ ਦੇ ਦਿਹਾੜੇ ਮੌਕੇ ਵਿਵਾਦ ਹੋ ਗਿਆ ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ। ਦੱਸਿਆ ਜਾ ਰਿਹਾ ਪਿੰਡ ਨੂਰਪੁਰ 'ਚ ਰਹਿ ਰਹੇ ਆਮ ਆਦਮੀ ਪਾਰਟੀ ਦੇ ਆਗੂ ਪਿਆਰਾ ਰਾਮ ਕਲੇਰ ਵੱਲੋਂ ਸੰਗਰਾਂਦ ਦੇ ਦਿਹਾੜੇ ਮੌਕੇ ਪ੍ਰਸ਼ਾਦ ਵੰਡਣ ਦੀ ਮਨਾਹੀ ਕਰਨ ਉਪਰੰਤ ਖ਼ੁਦ ਮੰਦਿਰ ਦੀ ਪ੍ਰਧਾਨਗੀ ਲੈਣ ਲਈ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।

ਇਸ ਸਬੰਧੀ ਪੰਚਾਇਤ ਮੈਂਬਰ ਸ਼ਾਮਾ ਕਟਾਰੀਆ ਤੇ ਮੌਜੂਦਾ ਪ੍ਰਧਾਨ ਮਲਕੀਤ ਸੰਧੂ ਨੇ ਦੱਸਿਆ ਕਿ ਜਦ ਸਵੇਰੇ ਕੀਰਤਨ ਉਪਰੰਤ ਗੰ੍ਥੀ ਗੁਰਦੁਆਰਾ ਸਾਹਿਬ 'ਚ ਇਕੱਤਰ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਜਾਣ ਲੱਗਾ ਤਾਂ ਸੰਗਤ 'ਚੋਂ ਆਮ ਆਦਮੀ ਪਾਰਟੀ ਦੇ ਆਗੂ ਪਿਆਰਾ ਰਾਮ ਕਲੇਰ ਵੱਲੋਂ ਗੰ੍ਥੀ ਨੂੰ ਪ੍ਰਸ਼ਾਦ ਨਹੀਂ ਵੰਡਣ ਦਿੱਤਾ ਤੇ ਮਾਈਕ 'ਚ ਆਪਣੇ ਆਪ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਦਾ ਪ੍ਰਧਾਨ ਬਣਨ ਲਈ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਉਪਰੰਤ ਇਕੱਤਰ ਸੰਗਤ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਉਸ ਦੇ ਨਾਲ ਆਏ ਹੋਰ ਕੁਝ ਵਿਅਕਤੀਆਂ ਵੱਲੋਂ ਪਿਆਰਾ ਰਾਮ ਕਲੇਰ ਨੂੰ ਧੱਕੇ ਨਾਲ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਸੰਗਤ ਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮੰਦਿਰ ਦੇ ਬਾਹਰ ਗੱਲਬਾਤ ਕਰਨ ਲਈ ਕਿਹਾ ਪਰ ਉਨ੍ਹਾਂ ਵੱਲੋਂ ਕਿਸੇ ਦੀ ਵੀ ਗੱਲ ਨਹੀਂ ਮੰਨੀ ਗਈ । ਉਨ੍ਹਾਂ ਦੱਸਿਆ ਕਿ ਸੰਗਤ ਦਾ ਵਿਰੋਧ ਵੇਖ ਕੇ ਉਹ ਜਾਂਦੇ ਹੋਏ ਇਹ ਕਹਿ ਕੇ ਗਏ ਕਿ ਉਹ ਹਰ ਹਾਲਤ 'ਚ ਮੰਦਿਰ ਦੀ ਪ੍ਰਧਾਨਗੀ ਲੈ ਕੇ ਰਹਿਣਗੇ। ਜਿਸ ਉਪਰੰਤ ਇਲਾਕਾ ਨਿਵਾਸੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਇਕੱਤਰ ਹੋ ਕੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ 'ਚ ਪਿਆਰਾ ਰਾਮ ਕਲੇਰ, ਨਿਰੰਜਨ ਦਾਸ, ਨਵਦੀਪ ਕਲੇਰ, ਕ੍ਰਿਸ਼ਨ ਦਿਆਲ ਤੇ ਕੁਲਵਿੰਦਰ ਕੌਰ ਵੱਲੋਂ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਹਾਜ਼ਰੀ 'ਚ ਚੱਲਦੇ ਪਾਠ ਦੌਰਾਨ ਮੰਦਾ ਬੋਲਣਾ, ਧੱਕਾ-ਮੁੱਕੀ ਕਰ ਕੇ ਤੇ ਪ੍ਰਸ਼ਾਦ ਨਾ ਵਰਤਾਉਣ ਦੇਣ ਕਰ ਕੇ ਮਰਿਆਦਾ ਦੀ ਬੇਅਦਬੀ ਕੀਤੀ ਹੈ। ਇਨ੍ਹਾਂ ਵਿਰੁੱਧ ਮਰਿਆਦਾ ਭੰਗ ਕਰਨ ਤਹਿਤ ਕਾਰਵਾਈ ਕੀਤੀ ਜਾਵੇ। ਜਿਸ ਉਪਰੰਤ ਪੁਲਿਸ ਵੱਲੋਂ ਪਿੰਡ ਪੁੱਜ ਕੇ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।

====

ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ- ਥਾਣਾ ਮੁਖੀ

ਪੰਚਾਇਤ ਮੈਂਬਰ ਸ਼ਾਮਾ ਕਲੇਰ ਨੇ ਦੱਸਿਆ ਕਿ ਜਦ ਪੁਲਿਸ ਇਸ ਸਬੰਧੀ ਪਿੰਡ 'ਚ ਪੁੱਜੀ ਤਾਂ ਪਿਆਰਾ ਰਾਮ ਕਲੇਰ ਨਾਲ ਸਮੇਤ ਉਸ ਦੇ ਸਾਥੀ ਘਰਾਂ 'ਚੋਂ ਫ਼ਰਾਰ ਹੋ ਗਏ। ਇਸ ਸਬੰਧੀ ਪਿਆਰਾ ਰਾਮ ਕਲੇਰ ਤੇ ਕੁਝ ਹੋਰ ਸਹਿਯੋਗੀਆਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਮੰਗਲਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ 'ਚ ਬੁਲਾਇਆ ਗਿਆ ਹੈ।