ਜਤਿੰਦਰ ਪੰਮੀ, ਜਲੰਧਰ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਆਗੂਆਂ ਨੇ ਕੇਂਦਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਪੀਏਪੀ ਚੌਂਕ ਜਲੰਧਰ ਵਿਖੇ ਸਵੇਰ 10 ਵਜੇ ਤੋਂ 12 ਵਜੇ ਤਕ ਜਾਰੀ ਰਹੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਡਾ. ਸੰਜੀਵ ਸ਼ਰਮਾ, ਸਾਬਕਾ ਹਲਕਾ ਪ੍ਰਧਾਨ ਜਲੰਧਰ ਸੈਂਟਰਲ ਤੇ ਸਾਬਕਾ ਉਪ ਪ੍ਰਧਾਨ ਪੰਜਾਬ ਨੇ ਕੀਤੀ, ਜਦਕਿ ਹੋਰ ਸਥਾਨਕ ਲੀਡਰਾਂ 'ਚ- ਸੰਤੋਖ ਸਰੋਆ, ਸੁਭਾਸ਼ ਪ੍ਰਭਾਕਰ , ਪਰਮਜੀਤ ਅਰੋੜਾ, ਕੇ ਕੇ ਵਰਮਾ, ਮਨਿੰਦਰ ਪਾਬਲਾ , ਕੌਸ਼ਲ ਸ਼ਰਮਾ, ਤੇਜ ਪਾਲ, ਮਨਜੀਤ ਸਿੰਘ,ਰਮਨ ,ਵਿਕਾਸ ਗਰੋਵਰ, ਅਨਿਲ ਹਾਂਡਾ, ਡਾ ਅਮਰਜੀਤ, ਰਾਜੇਸ਼ ਦੱਤਾ, ਕੇ ਕੇ ਸ਼ਰਮਾ, ਪਰਿਤੋਸ਼ ਸ਼ਰਮਾ, ਪ੍ਰਭਜੋਤ ਸਿੰਘ, ਅੇ ਐਨ ਸਹਿਗਲ ,ਕੇ ਪੀ ਠੇਕੇਦਾਰ, ਗੁਰਚਰਨ ਤੋਤਾ,ਰਜਿੰਦਰ ਵਿਰਦੀ ਸਮੇਤ ਬਹੁਤ ਕਾਰਕੁੰਨ ਸ਼ਾਮਲ ਸਨ।

ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਵਿਰੁੱਧ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਪ੍ਰਰੋਗਰਾਮ ਨੂੰ ਸਫਲ ਬਣਾਉਣਾ ਹੋਵੇਗਾ।

'ਆਪ' ਆਗੂਆਂ ਨੇ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਲਈ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਦੇ ਦੋਸ਼ੀ ਦੱਸਿਆ, ਕਿਉਂਕਿ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਨੇ ਹਾਈ ਪਾਵਰ ਕਮੇਟੀ 'ਚ ਚੁੱਪ-ਚਾਪ ਸਹਿਮਤੀ ਦੇ ਕੇ ਜਿੱਥੇ ਮੋਦੀ ਸਰਕਾਰ ਦਾ ਰਾਹ ਪੱਧਰਾ ਕੀਤਾ, ਉੱਥੇ ਬਾਦਲਾਂ ਨੇ ਇੱਕ ਵਜ਼ੀਰੀ ਬਚਾਉਣ ਲਈ ਉਦੋਂ ਤੱਕ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਕਾਲਤ ਜਾਰੀ ਰੱਖੀ ਜਦੋਂ ਤੱਕ ਲੋਕਾਂ ਨੇ ਪਿੰਡਾਂ 'ਚ ਬੋਰਡ ਲਗਾ ਕੇ ਇਨ੍ਹਾਂ ਦਾ ਵੜਨਾ ਬੰਦ ਨਹੀਂ ਕੀਤਾ।

'ਆਪ' ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਨਿਰੋਲ ਡਰਾਮਾ ਦੱਸਦਿਆਂ ਕਿਹਾ ਕਿ ਬਾਦਲ ਅਜੇ ਵੀ ਮੋਦੀ ਦੇ ਇਸ਼ਾਰਿਆਂ 'ਤੇ ਨੱਚਦੇ ਹਨ। ਇਸੇ ਲਈ ਬਾਦਲਾਂ ਨੇ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ ਲਈ 25 ਸਤੰਬਰ ਨੂੰ ਹੀ ਆਪਣਾ ਚੱਕਾ ਜਾਮ ਪ੍ਰਰੋਗਰਾਮ ਰੱਖ ਲਿਆ।

'ਆਪ' ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਭਾਜਪਾ ਆਗੂਆਂ ਨੂੰ ਮੋਦੀ ਦੀ ਚਮਚਾਗੀਰੀ ਕਰਨ ਦੀ ਥਾਂ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ।