ਗਿਆਨ ਸੈਦਪੁਰੀ, ਸ਼ਾਹਕੋਟ : ਚੋਣਾਂ ਦੇ ਕੁਝ ਹਫ਼ਤੇ ਪਹਿਲਾ ਜਿਸ ਤਰ੍ਹਾਂ ਦੀ ਪ੍ਰਚਾਰ ਮੁਹਿੰਮ ਵੇਖਣ ਨੂੰ ਮਿਲਦੀ ਹੁੰਦੀ ਹੈ, ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 'ਆਪ' ਵੱਲੋਂ ਉਹੋ ਜਿਹਾ ਮਾਹੌਲ ਸਿਰਜਣ ਦਾ ਅਭਿਆਸ 8 ਮਹੀਨੇ ਪਹਿਲਾ ਹੀ ਸ਼ੁਰੂ ਕੀਤਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਵਾਹਨਾਂ 'ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਲਈ ਬਿਜਲੀ ਮਾਫ਼ੀ ਦੇ ਕੀਤੇ ਵਾਅਦਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਤੋਂ ਪ੍ਰਚਾਰ 'ਚ ਅਗੇਤ ਹਾਸਲ ਕਰਨ ਲਈ ਅਜਿਹਾ ਕਰਨ ਲਈ ਹਾਈ ਕਮਾਨ ਵੱਲੋਂ ਦਿਸ਼ਾ ਨਿਰਦੇਸ਼ ਆਏ ਹਨ। ਪੂਰੇ ਹਲਕੇ 'ਚ 'ਝਾੜੂ ਵਾਲੇ ਆ ਗਏ' ਦੇ ਰੌਲੇ-ਰੱਲੇ ਵਾਲੇ ਪ੍ਰਚਾਰ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।

ਦੱਸਣਯੋਗ ਹੈ ਕਿ 'ਆਪ' ਦੇ ਸਥਾਨਕ ਆਗੂਆਂ ਵੱਲੋਂ ਇਹ ਪ੍ਰਚਾਰ ਮੁਹਿੰਮ ਸਾਂਝੇ ਮੰਚ ਤੋਂ ਨਹੀਂ ਚੱਲ ਰਹੀ। ਝਾੜੂ ਵਾਲੀ ਪਾਰਟੀ ਦੀ ਟਿਕਟ ਦੇ ਵੱਖ-ਵੱਖ ਦਾਅਵੇਦਾਰਾ ਵੱਲੋਂ ਆਪੋ ਆਪਣੇ ਪੱਧਰ 'ਤੇ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਸਪੋਰਟਸ ਵਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਚੱਠਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪ੍ਰਚਾਰ ਮੁਹਿੰਮ ਚਾਰ ਦਿਨਾਂ ਵਾਸਤੇ ਚਲਾਈ ਗਈ ਹੈ। ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਤਿੰਨ ਬਲਾਕਾਂ ਸ਼ਾਹਕੋਟ, ਲੋਹੀਆ ਤੇ ਮਹਿਤਪੁਰ 'ਚ ਤਿੰਨ ਵਹੀਕਲਾਂ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਬੀਸੀ ਵਿੰਗ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਜਿੰਦਰ ਸਿੰਘ ਰਾਮਪੁਰ ਕਿਸੇ ਮੀਟਿੰਗ ਵਿਚ ਹੋਣ ਕਾਰਨ ਮੋਬਾਈਲ ਫ਼ੋਨ ਉਨ੍ਹਾਂ ਦੇ ਪੀਏ ਨੇ ਉਠਾਇਆ। ਉਨ੍ਹਾਂ ਦੱਸਿਆ ਕਿ ਰਾਮਪੁਰ ਵੱਲੋਂ ਵੱਖ-ਵੱਖ ਚਾਰ ਵਹੀਕਲਾਂ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਬੀਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਾਰਟੀ ਕਨਵੀਨਰ ਕੇਜਰੀਵਾਲ ਦੇ ਮੁਫ਼ਤ ਅਤੇ 24 ਘੰਟੇ ਬਿਜਲੀ ਦੇਣ ਦੇ ਗਰੰਟੀ ਵਾਲੇ ਐਲਾਨ ਨੂੰ ਹਰ ਘਰ ਤਕ ਪਹੁੰਚਾਉਣ ਲਈ ਪ੍ਰਚਾਰ ਮੁਹਿੰਮ ਚਲਾਈ ਗਈ ਹੈ। ਕਿਸਾਨ ਵਿੰਗ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤੇ ਸੀਨੀਅਰ ਪਾਰਟੀ ਆਗੂ ਰਤਨ ਸਿੰਘ ਕਾਕੜ ਕਲਾਂ ਨੇ ਦੱਸਿਆ ਕਿ ਉਹ ਪ੍ਰਚਾਰ ਲਈ ਲਾਏ ਗਏ ਵਹੀਕਲਾਂ 'ਚ ਆਉਂਦੇ ਦਿਨੀਂ ਹੋਰ ਵਾਧਾ ਕਰ ਰਹੇ ਹਨ।