ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਜਲੰਧਰ ਸ਼ਹਿਰ ਵਿਖੇ ਅੱਜ ਖੁੱਲ੍ਹ ਰਹੇ 6 ਆਮ ਆਦਮੀ ਕਲੀਨਿਕਾਂ ਲਈ ਸ਼ਨਿੱਚਰਵਾਰ ਦੇਰ ਰਾਤ ਮੈਡੀਕਲ ਸਟਾਫ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ। ਐਤਵਾਰ ਸਵੇਰੇ 7:30 ਵਜੇ ਨਵੇਂ ਉਮੀਦਵਾਰਾਂ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਗਈ ਤੇ ਉਮੀਦਵਾਰਾਂ ਨੂੰ ਮੈਰਿਟ ਦੇ ਆਧਾਰ 'ਤੇ ਸਟੇਸ਼ਨ ਅਲਾਟ ਕੀਤੇ ਗਏ ਅਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਆਮ ਆਦਮੀ ਕਲੀਨਿਕਾਂ ਦੇ ਸਟਾਫ਼ ਨੂੰ ਇਕੱਠਾ ਕਰ ਕੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਆਮ ਆਦਮੀ ਕਲੀਨਿਕ ਰਾਜਨ ਕਾਲੋਨੀ ਵਿਖੇ ਡਾ. ਐਲਫਰਡ, ਆਮ ਆਦਮੀ ਕਲੀਨਿਕ ਕਬੀਰ ਵਿਹਾਰ ਵਿਖੇ ਡਾ. ਕਮਲੇਸ਼ ਕੁਮਾਰ, ਆਮ ਆਦਮੀ ਕਲੀਨਿਕ ਅਲਾਵਲਪੁਰ ਵਿਖੇ ਡਾ. ਰਾਜਿੰਦਰ ਗਿੱਲ, ਆਮ ਆਦਮੀ ਕਲੀਨਿਕ ਰਸੂਲਪੁਰ ਵਿਖੇ ਡਾ. ਰੋਸ਼ਨ ਲਾਲ, ਆਮ ਆਦਮੀ ਕਲੀਨਿਕ ਫਰਵਾਲਾ ਵਿਖੇ ਡਾ. ਮੋਹਿੰਦਰਜੀਤ ਸਿੰਘ, ਆਮ ਆਦਮੀ ਕਲੀਨਿਕ ਪਾਸਲਾ ਵਿਖੇ ਡਾ. ਨੀਨਾ ਵੱਲੋਂ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਗਈ। ਅਰਬਨ ਆਮ ਆਦਮੀ ਕਲੀਨਿਕਾਂ ਵਿਚ ਫਾਰਮਾਸਿਸਟ ਤੇ ਕਲੀਨਿਕ ਅਸਿਸਟੈਂਟ ਵੀ ਤਾਇਨਾਤ ਕਰ ਦਿੱਤੇ ਗਏ ਹਨ। ਮਰੀਜ਼ ਦੇਖਣ ਦੀ ਮੁੱਢਲੀ ਪ੍ਰਕਿਰਿਆ ਐਤਵਾਰ ਨੂੰ ਹੀ ਸ਼ੁਰੂ ਕਰ ਦਿੱਤੀ ਗਈ ਅਤੇ ਤਿਆਰੀ ਮੁਕੰਮਲ ਹੋਣ ਉਪਰੰਤ ਰਸਮੀ ਉਦਘਾਟਨ 15 ਅਗਸਤ ਨੂੰ ਪਤਵੰਤੇ ਸੱਜਣਾਂ ਵੱਲੋਂ ਕੀਤਾ ਜਾਵੇਗਾ।