ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ : ਥਾਣਾ ਪਤਾਰਾ (ਆਦਮਪੁਰ) ਦੇ ਪਿੰਡ ਢੱਡੇ 'ਚ ਸ਼ੇਖੇ ਫਲਾਈਓਵਰ ਨਜ਼ਦੀਕ ਪੇਂਟ ਤੇ ਕੈਮੀਕਲ ਬਣਾਉਣ ਵਾਲੀ ਫੈਕਟਰੀ ਐੱਸਆਰਪੀ ਕੋਟਿੰਗ ਤੇ ਕੈਮੀਕਲ ਪਿੰਡ ਢੱਡਾ ਹੁਸ਼ਿਆਰਪੁਰ ਰੋਡ 'ਚ ਸੋਮਵਾਰ ਸ਼ਾਮ ਕਰੀਬ 6 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨੇ ਦੇਖਦਿਆਂ ਹੀ ਦੇਖਦਿਆਂ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਵਾਲੀ ਥਾਂ 'ਤੇ ਫਾਇਰ ਬਿ੍ਗੇਡ ਵਿਭਾਗ ਦੀਆਂ ਕੀਰਬ 10 ਤੋਂ 11 ਗੱਡੀਆਂ ਤੇ ਮੁਲਾਜ਼ਮਾਂ ਨੇ ਵਾਰੀ-ਵਾਰੀ ਅੱਗ ਨੂੰ ਬੁਝਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਕਰੀਬ 3 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਇੰਨੀ ਭਿਆਨਕ ਸੀ ਕਿ ਵੇਖਣ ਆਏ ਸੈਂਕੜੇ ਲੋਕ ਖੇਤਾਂ ਵੱਲੇ ਭੱਜਦੇ ਨਜ਼ਰ ਆਏ। ਪਤਾ ਲੱਗਾ ਹੈ ਕਿ ਇਸ ਕੈਮੀਕਲ ਫੈਕਟਰੀ 'ਚ ਸੈਂਕੜਿਆਂ ਦੇ ਹਿਸਾਬ ਨਾਲ ਥਿਨਰ ਤੇ ਹੋਰ ਕੈਮੀਕਲ ਦੇ ਡਰੰਮਨੁਮਾ ਬੰਦ ਡੱਬੇ ਪਏ ਹੋਏ ਸਨ, ਜੋ ਜ਼ੋਰਦਾਰ ਧਮਾਕਿਆਂ ਨਾਲ ਹਵਾ 'ਚ ਕਰੀਬ 40 ਤੋਂ 50 ਫੁੱਟ ਉੱਚੇ ਉੱਡਦੇ ਨਜ਼ਰ ਆਏ। ਘਟਨਾ ਵਾਲੀ ਥਾਂ 'ਤੇ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਤੋਂ ਇਲਾਵਾ, ਡੀਐੱਸਪੀ ਆਦਮਪੁਰ ਹਰਿੰਦਰ ਸਿੰਘ ਮਾਨ, ਥਾਣਾ ਪਤਾਰਾ ਇੰਸਪੈਕਟਰ ਵਿਨੋਦ ਕੁਮਾਰ, ਐੱਸਆਈ ਜੋਗਿੰਦਰ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪੁੱਜੇ ਪੁੱਜੇ। ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ।

--

ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਕੈਮੀਕਲ ਫੈਕਟਰੀ 'ਚ ਅੱਗ ਏਨੀ ਭਿਆਨਕ ਸੀ ਕਿ ਲਾਗਲੇ ਪਿੰਡਾਂ ਦੇ ਲੋਕ ਧਮਾਕਿਆਂ ਦੀ ਆਵਾਜ਼ ਨਾਲ ਦਹਿਸ਼ਤ 'ਚ ਨਜ਼ਰ ਆਏ। ਇਹ ਫੈਕਟਰੀ ਬਾਹਰ ਖੇਤਾਂ 'ਚ ਹੋਣ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੈਕਟਰੀ ਨਾਲ ਸਬੰਧਿਤ ਲੋਕਾਂ ਨੇ ਦੱਸਿਆ ਕਿ ਸ਼ਾਮ ਕਰੀਬ 5.30 ਵੇਲੇ ਛੁੱਟੀ ਹੋ ਚੁੱਕੀ ਸੀ। ਸਾਰੇ ਮਜ਼ਦੂਰ ਆਪੋ-ਆਪਣੇ ਘਰਾਂ ਨੂੰ ਜਾ ਚੁੱਕੇ ਸਨ।

--

ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ

ਫੈਕਟਰੀ ਮਾਲਕਾਂ ਨੇ ਦੱਸਿਆ ਕਿ ਫਿਲਹਾਲ ਸ਼ਾਮ ਵੇਲੇ ਮਜ਼ਦੂਰਾਂ ਨੂੰ ਛੁੱਟੀ ਹੋਣ ਉਪਰੰਤ ਅਚਾਨਕ ਫੈਕਟਰੀ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਪਰ ਅੱਗ ਦੇ ਕਾਰਨਾਂ ਤੇ ਨੁਕਸਾਨ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ।

--

ਫੈਕਟਰੀ 'ਚ ਪਏ ਸਨ ਸੈਂਕੜੇ ਕੈਮੀਕਲ ਦੇ ਡਰੰਮ

ਅੱਗ ਲੱਗਣ ਵਾਲੀ ਥਾਂ 'ਤੇ ਮੌਜੂਦ ਲੋਕਾਂ ਤੋਂ ਪਤਾ ਲੱਗਾ ਹੈ ਕਿ ਫੈਕਟਰੀ 'ਚ ਸ਼ੈੱਡ ਵਰਗੇ ਹਾਲ 'ਚ ਭਾਰੀ ਮਾਤਰਾ 'ਚ ਕੈਮੀਕਲ ਦੇ ਡਰੰਮ ਪਏ ਸਨ। ਅੱਗ ਲੱਗਣ ਮਗਰੋਂ ਭਿਆਨਕ ਲਾਟਾਂ ਸਾਰੇ ਫੈਕਟਰੀ ਦੇ ਸੰਚਾਲਕਾਂ ਤੇ ਉਥੇ ਮੌਜੂਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਸਨ। ਫਾਇਰ ਬਿ੍ਗੇਡਦੇ ਮੁਲਾਜ਼ਮਾਂ ਨੇ ਸਖ਼ਤ ਮੁਸ਼ੱਕਤ ਮਗਰੋਂ ਅੱਗ 'ਤੇ ਲਗਪਗ 3 ਘੰਟੇ ਬਾਅਦ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਇਹ ਫੈਕਟਰੀ ਕੁਝ ਸਮਾਂ ਪਹਿਲਾ ਹੀ ਬਣਾਈ ਗਈ ਸੀ।