ਉਨ੍ਹਾਂ ਦੱਸਿਆ ਕਿ ਯਾਦਗਾਰ ਉਸਾਰਨ ਦੇ ਉਦੇਸ਼ ਨਾਲ ਪਿਛਲੇ ਸਾਲ ਉਨ੍ਹਾਂ ਨੇ ਇਰਾਕ ਦੇ ਅਯਾਤੁੱਲ ਸਈਅਦ ਹੁਸੈਨ ਅਲ-ਸਦਰ ਫਾਊਂਡੇਸ਼ਨ ਟਰੱਸਟ ਦੇ ਮੁਖੀ ਅਯਾਤੁੱਲਾ ਅਲ-ਫਕੀਹ ਸਈਅਦ ਹੁਸੈਨ ਇਸਮਾਇਲ ਅਲ ਸਦਰ ਨਾਲ ਫਰਵਰੀ ਤੇ ਅਗਸਤ ਅਤੇ ਸਤੰਬਰ ’ਚ ਸੁੰਨੀ ਬੋਰਡ ਦੇ ਮੁਖੀ ਮਿਸ਼ਾਨ-ਅਲ-ਖ਼ਜ਼ਰਾਜੀ ਨਾਲ ਮੁਲਾਕਾਤਾਂ ਕੀਤੀਆ ਸਨ। ਦੋਵਾਂ ਹੀ ਆਗੂਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਦੀ ਸੰਸਥਾ ਨੂੰ ਉਕਤ ਸਥਾਨ ਦੇ ਨੇੜੇ ਹੀ ਯਾਦਗਾਰ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਸੀ।

ਜਤਿੰਦਰ ਪੰਮੀ/ਹਨੀ ਸੋਢੀ, ਪੰਜਾਬੀ ਜਾਗਰਣ, ਜਲੰਧਰ : ਇਰਾਕ ਦੀ ਰਾਜਧਾਨੀ ਬਗਦਾਦ ’ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਗੁਰੂ ਸਾਹਿਬ ਦੀ ਯਾਦਗਾਰ ਜਲਦ ਉਸਾਰੀ ਜਾਵੇਗੀ। ਮਿਸ਼ਨ ਬਾਬਾ ਨਾਨਕ ਬਗਦਾਦ ਦੇ ਉਪਰਾਲਿਆ ਨੂੰ ਬੂਰ ਪੈਣ ਪੈਣ ਲੱਗਾ ਹੈ ਤੇ ਇਰਾਕ ਦੇ ਰੇਲਵੇ ਵਿਭਾਗ ਨੇ ਯਾਦਗਾਰ ਲਈ ਜਗ੍ਹਾ ਦੇਣ ਵਾਸਤੇ ਹਾਂ ਕਰ ਦਿੱਤੀ ਹੈ। ਇਰਾਕ ਦੇ ਸੈਰ-ਸਪਾਟਾ ਮੰਤਰੀ ਨੇ ਵੀ ਗੁਰੂ ਸਾਹਿਬ ਦੀ ਯਾਦਗਾਰ ਦੇ ਦਰਸ਼ਨ ਕਰਨ ਵਾਲੇ ਸਿੱਖਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਵੀਜ਼ਾ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਐੱਸਏ ਤੋਂ ਐੱਨਆਰਆਈ ਤੇ ਮਿਸ਼ਨ ਬਾਬਾ ਨਾਨਕ ਬਗਦਾਦ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਸੋਢੀ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਕੀਤਾ।
ਉਨ੍ਹਾਂ ਦੱਸਿਆ ਕਿ ਯਾਦਗਾਰ ਉਸਾਰਨ ਦੇ ਉਦੇਸ਼ ਨਾਲ ਪਿਛਲੇ ਸਾਲ ਉਨ੍ਹਾਂ ਨੇ ਇਰਾਕ ਦੇ ਅਯਾਤੁੱਲ ਸਈਅਦ ਹੁਸੈਨ ਅਲ-ਸਦਰ ਫਾਊਂਡੇਸ਼ਨ ਟਰੱਸਟ ਦੇ ਮੁਖੀ ਅਯਾਤੁੱਲਾ ਅਲ-ਫਕੀਹ ਸਈਅਦ ਹੁਸੈਨ ਇਸਮਾਇਲ ਅਲ ਸਦਰ ਨਾਲ ਫਰਵਰੀ ਤੇ ਅਗਸਤ ਅਤੇ ਸਤੰਬਰ ’ਚ ਸੁੰਨੀ ਬੋਰਡ ਦੇ ਮੁਖੀ ਮਿਸ਼ਾਨ-ਅਲ-ਖ਼ਜ਼ਰਾਜੀ ਨਾਲ ਮੁਲਾਕਾਤਾਂ ਕੀਤੀਆ ਸਨ। ਦੋਵਾਂ ਹੀ ਆਗੂਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਦੀ ਸੰਸਥਾ ਨੂੰ ਉਕਤ ਸਥਾਨ ਦੇ ਨੇੜੇ ਹੀ ਯਾਦਗਾਰ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਸੀ।
ਹਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਬਗਦਾਦ ਸਥਿਤ ਬਾਬਾ ਨਾਨਕ ਜੀ ਦੀ ਜਗ੍ਹਾ ਤੋਂ 200 ਮੀਟਰ ਦੀ ਦੂਰੀ ’ਤੇ ਸਾਢੇ ਤਿੰਨ ਕਿੱਲ੍ਹੇ ਰੇਲਵੇ ਦੀ ਜ਼ਮੀਨ ਹੈ, ਜੋ ਕਿ ਮੁੱਲ ਖਰੀਦੀ ਜਾਵੇਗੀ। ਇਸ ਜ਼ਮੀਨ ਲਈ ਇਰਾਕੇ ਦੇ ਰੇਲਵੇ ਮੰਤਰੀ ਨਾਲ ਮੀਟਿੰਗ ਹੋ ਚੁੱਕੀ ਹੈ, ਜਿਨ੍ਹਾਂ ਨੇ ਜ਼ਮੀਨ ਮੁੱਲ ਦੇਣ ਲਈ ਹਾਂ ਕਰ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਯਾਦਗਾਰ ਦੀ ਉਸਾਰੀ ਲਈ ਉੱਥੋਂ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨਾਲ ਮੁਲਾਕਾਤ ਕੀਤੀ ਜਾਣੀ ਹੈ, ਜਿਸ ਲਈ ਗੱਲਬਾਤ ਚੱਲ ਰਹੀ ਹੈ। ਅਗਲੇ ਸਾਲ ਦੇ ਸ਼ੁਰੂ ’ਚ ਇਹ ਮੁਲਾਕਾਤ ਹੋਣ ਦੀ ਆਸ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਮਨਜ਼ੂਰੀ ਮਿਲਣ ਉਪਰੰਤ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਸਾਰੀ ਜਾਣ ਵਾਲੀ ਯਾਦਗਾਰ ਅੰਦਰ ਸਿਹਤ ਕੇਂਦਰ ਤੇ ਲੰਗਰ ਹਾਲ ਬਣਾਇਆ ਜਾਵੇਗਾ। ਆਉਣ ਵਾਲੇ ਸਮੇਂ ’ਚ ਜਦੋਂ ਵੀ ਸਿੱਖ ਕੌਮ ਉੱਥੇ ਰਹਿਣ ਲੱਗੇਗੀ ਤਾਂ ਉਸ ਜਗ੍ਹਾ ਗੁਰਦੁਆਰਾ ਵੀ ਬਣਾਇਆ ਜਾਵੇਗਾ।
ਸਿੱਖਾਂ ਨੂੰ ਬਗਦਾਦ ਲਈ ਬਿਨਾਂ ਰੁਕਾਵਟ ਮਿਲੇਗਾ ਵੀਜ਼ਾ
ਹਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆ ਨਾਲ ਇਰਾਕ ਸਰਕਾਰ ਦੇ ਸੈਰ-ਸਪਾਟਾ ਮੰਤਰੀ ਡਾ. ਅਹਿਮਦ ਫਕਾਕ ਅਲ-ਬਦਰਾਨੀ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਨੂੰ ਵਿਰਾਸਤੀ ਥਾਂ ਬਣਾਉਣ ਤੋਂ ਇਲਾਵਾ ਇਸ ਜਗ੍ਹਾ ਦੇ ਦਰਸ਼ਨ ਕਰਨ ਵਾਲੇ ਵਿਸ਼ਵ ਭਰ ਦੇ ਸਿੱਖਾਂ ਨੂੰ ਬਿਨਾਂ ਕਿਸੇ ਰੁਕਾਵਟ ਵੀਜ਼ਾ ਜਾਰੀ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਸੋਢੀ ਨੇ ਕਿਹਾ ਕਿ ਜੇਕਰ ਕੋਈ ਸਿੱਖ ਭਰਾ ਬਗਦਾਦ ਜਾ ਕੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਉਕਤ ਅਸਥਾਨ ਦੇ ਦਰਸ਼ਨ ਕਰਨ ਦਾ ਅਭਿਲਾਸ਼ੀ ਹੈ ਪਰ ਉਸ ਕੋਲ ਖਰਚ ਲਈ ਪੂਰੇ ਪੈਸੇ ਨਹੀਂ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ, ਉਹ ਵਿੱਤੀ ਸਹਿਯੋਗ ਕਰਨ ਲਈ ਤਿਆਰ ਹਨ।
ਯਾਦਗਾਰ ਨੇੜਲੇ ਖੂਹ ਦੀ ਹੈ ਬਹੁਤ ਮਾਨਤਾ
ਸੋਢੀ ਨੇ ਅੱਗੇ ਦੱਸਿਆ ਕਿ ਜਿਸ ਅਸਥਾਨ ’ਤੇ ਗੁਰੂ ਨਾਨਕ ਦੇਵ ਜੀ ਠਹਿਰੇ ਸਨ, ਉਸ ਦੇ ਨੇੜੇ ਹੀ ਇਕ ਪਵਿੱਤਰ ਖੂਹ ਹੈ। ਹਾਲਾਂਕਿ ਬਗਦਾਦ ’ਚ ਵੀ ਜ਼ਮੀਨ ਹੇਠਾਂ ਤੇਲ ਦੇ ਖੂਹ ਹਨ ਪਰ ਇਸ ਖੂਹ ਦਾ ਪਾਣੀ ਮਿੱਠਾ ਹੈ। ਸਥਾਨਕ ਲੋਕਾਂ ’ਚ ਇਸ ਖੂਹ ਦੀ ਕਾਫੀ ਮਾਨਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਖੂਹ ਦੇ ਨੇੜੇ ਪੱਥਰ ਦੀ ਸਿੱਲ ’ਚ ਕੁਦਰਤੀ ਬਾਟੇ ’ਚ ਖੂਹ ਦਾ ਪਾਣੀ ਪਾ ਕੇ ਉਸ ਨੂੰ ਬੱਚੇ ਨੂੰ ਪਿਆਇਆ ਜਾਂਦਾ ਹੈ, ਜਿਸ ਨੂੰ ਬੋਲਣ ’ਚ ਸਮੱਸਿਆ ਆਉਂਦੀ ਹੈ। ਇਸ ਪਵਿੱਤਰ ਪਾਣੀ ਦੇ ਪੀਣ ਨਾਲ ਬੱਚਾ ਕੁਝ ਦਿਨਾਂ ਅੰਦਰ ਹੀ ਸਹੀ ਬੋਲਣਾ ਸ਼ੁਰੂ ਕਰ ਦਿੰਦਾ ਹੈ। ਹਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਉਹ ਆਪਣੀ ਸਾਥੀ ਨਾਲ ਉਕਤ ਖੂਹ ’ਤੇ ਜਾ ਕੇ ਪਾਣੀ ਪੀ ਕੇ ਆਏ ਹਨ, ਜੋ ਕਿ ਸੱਚਮੁੱਚ ਮਿੱਠੇ ਜਲ ਸਮਾਨ ਹੈ।