ਪਿਆਰ, ਦੋਸਤੀ ਤੇ ਝਾਂਸੇ ਦੇ ਪਿੱਛੇ ਵੱਡਾ ਗਿਰੋਹ
ਪਿਆਰ, ਦੋਸਤੀ ਤੇ ਝਾਂਸੇ ਦੇ ਪਿੱਛੇ ਵੱਡਾ ਗਿਰੋਹ
Publish Date: Tue, 02 Dec 2025 09:05 PM (IST)
Updated Date: Tue, 02 Dec 2025 09:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡਸਟਰੀ ਏਰੀਆ ਦੇ ਇਕ ਸਕੂਲ ਤੋਂ 22 ਨਵੰਬਰ ਨੂੰ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ ਦੇ ਮਾਮਲੇ ’ਚ ਇਕ ਅਜਿਹਾ ਗਿਰੋਹ ਸਾਹਮਣੇ ਆ ਰਿਹਾ ਹੈ ਜੋ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਬਾਹਰ ਵੇਚ ਦਿੰਦਾ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਜਾਣ ਤੋਂ ਬਾਅਦ ਪੀੜਤਾਂ ਨੇ ਆਪਣੇ ਪਰਿਵਾਰ ਨਾਲ ਜੋ ਕੁਝ ਸਾਂਝਾ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸ਼ਹਿਰਾਂ ’ਚ ਕੁਝ ਗੈਂਗ ਪਿਆਰ, ਦੋਸਤੀ, ਵਿਆਹ ਤੇ ਸੁਪਨਿਆਂ ਦੇ ਝਾਂਸੇ ਨਾਲ ਮਾਸੂਮ ਕੁੜੀਆਂ ਨੂੰ ਜਾਲ ’ਚ ਫਸਾ ਕੇ ਦੂਰ-ਦੂਰ ਦੇ ਖੇਤਰਾਂ ’ਚ ਵੇਚਣ ਤੱਕ ਦੀ ਸਾਜ਼ਿਸ਼ ਰਚਦੇ ਹਨ। ਹਾਲਾਂਕਿ ਇਸ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਜਾਂਚ ਹੁਣ ਵੀ ਜਾਰੀ ਹੈ। ਸਾਬਕਾ ਸੀਪੀਐੱਸ ਕੇਡੀ ਭੰਡਾਰੀ, ਜਿਨ੍ਹਾਂ ਨੇ ਪਰਿਵਾਰ ਦੇ ਨਾਲ ਮਿਲ ਕੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ, ਦੇ ਦਬਾਅ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰ ਕੇ ਮੁਲਜ਼ਮਾਂ ਨੂੰ ਕਠੂਆ ਤੋਂ ਗ੍ਰਿਫ਼ਤਾਰ ਕੀਤਾ। ਕੁੜੀਆਂ ਨੇ ਦੱਸਿਆ ਕਿ ਜਿਸ ਦਿਨ ਉਹ ਲਾਪਤਾ ਹੋਈਆਂ, ਉਸ ਦਿਨ ਉਨ੍ਹਾਂ ਦੀ ਇਕ ਸਹੇਲੀ ਨੇ ਉਨ੍ਹਾਂ ਨੂੰ ਘਰ ਬੁਲਾਇਆ। ਦੋਵੇਂ ਕੋਈ ਸ਼ੱਕ ਕੀਤੇ ਬਿਨਾਂ ਉੱਥੇ ਚਲੀ ਗਈਆਂ। ਘਰ ’ਚ ਦੋ ਮੁੰਡੇ ਮੋਹਿੰਦਰ ਉਰਫ਼ ਬੇਲੀ ਤੇ ਸਨੀ ਉਰਫ਼ ਸ਼ੂਟਰ ਪਹਿਲਾਂ ਤੋਂ ਮੌਜੂਦ ਸਨ। ਗੱਲਾਂ-ਬਾਤਾਂ ਦੌਰਾਨ ਖਾਣ-ਪੀਣ ’ਚ ਕੁਝ ਸੁੱਟ ਦਿੱਤਾ ਗਿਆ, ਜਿਸ ਨਾਲ ਦੋਵੇਂ ਬੇਹੋਸ਼ ਹੋ ਗਈਆਂ। ਹੋਸ਼ ਆਇਆ ਤਾਂ ਉਹ ਪਠਾਨਕੋਟ ਨੇੜੇ ਸਨ। ਵਿਰੋਧ ਕਰਨ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ------------------ ਬਸੌਲੀ, ਕਠੂਆ, ਦਿੱਲੀ… ਤੇ ਫਿਰ ਵਾਪਸੀ ਕੁੜੀਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਪਠਾਨਕੋਟ ਤੋਂ ਬਸੌਲੀ ਲਿਜਾਇਆ ਗਿਆ। ਉੱਥੇ ਮੁਲਜ਼ਮ ਬੇਲੀ ਤੇ ਸਨੀ ਉਨ੍ਹਾਂ ਨੂੰ ਧਮਕਾਉਂਦੇ ਰਹੇ। ਫਿਰ ਉਨ੍ਹਾਂ ਨੂੰ ਕਠੂਆ ਲਿਆ ਗਿਆ, ਜਿੱਥੇ ਮੁਲਜ਼ਮਾਂ ਦਾ ਤੀਜਾ ਸਾਥੀ ਲੱਕੀ, ਜੋ ਬਸੌਲੀ ’ਚ ਇਕ ਹੋਟਲ ਚਲਾਉਂਦਾ ਹੈ ਉਨ੍ਹਾਂ ਦੇ ਨਾਲ ਰਿਹਾ। ਲੱਕੀ ਦੇ ਹੋਟਲ ’ਚ ਪੀੜਤ ਤੇ ਮੁਲਜ਼ਮ ਇਕ ਦਿਨ ਰੁਕੇ। ਫਿਰ ਦੋਵੇਂ ਕੁੜੀਆਂ ਨੂੰ ਦਿੱਲੀ ਭੇਜਿਆ ਗਿਆ। ਉੱਥੇ ਵੀ ਉਨ੍ਹਾਂ ਨੂੰ ਧਮਕਾਇਆ ਗਿਆ, ਮਾਰਿਆ-ਕੁੱਟਿਆ ਗਿਆ ਤੇ ਚੁੱਪ ਰਹਿਣ ਲਈ ਕਿਹਾ ਗਿਆ। ਕਿਸੇ ਕਾਰਨ ਕਰਕੇ ਮੁਲਜ਼ਮ ਉਨ੍ਹਾਂ ਨੂੰ ਵਾਪਸ ਜੰਮੂ ਦੀ ਸਾਈਡ ਲੈ ਕੇ ਆ ਰਹੇ ਸਨ ਕਿ ਇਸ ਦੌਰਾਨ ਜਲੰਧਰ ਪੁਲਿਸ ਲੋਕੇਸ਼ਨ ਟ੍ਰੇਸ ਕਰਕੇ ਬਸੌਲੀ ਤੇ ਕਠੂਆ ਪੁੱਜ ਗਈ। ---------------------- ਮੋਬਾਈਲ ਟ੍ਰੇਸਿੰਗ ਨੇ ਖੋਲ੍ਹਿਆ ਪੂਰਾ ਰਾਜ਼ ਪੁਲਿਸ ਨੇ ਕੁੜੀਆਂ ਦੇ ਮੋਬਾਈਲ ਤੇ ਇਕ ਮੁਲਜ਼ਮ ਦੇ ਕਾਲ ਰਿਕਾਰਡ ਦੇ ਆਧਾਰ ਤੇ ਸੁਰਾਗ ਲੱਭਿਆ। ਜਦੋਂ ਪੁਲਿਸ ਟੀਮ ਬਸੌਲੀ ਪੁੱਜੀ ਤਾਂ ਹੋਟਲ ਦੇ ਬਾਹਰ ਉਹ ਮੋਟਰਸਾਈਕਲ ਮਿਲ ਗਈ ਜਿਸਨੂੰ ਕੁੜੀਆਂ ਦੇ ਰਿਸ਼ਤੇਦਾਰ ਨੇ ਲਾਪਤਾ ਵਾਲੇ ਦਿਨ ਦੇਖਿਆ ਸੀ। ਹੋਟਲ ਮਾਲਕ ਲੱਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਹੌਲੀ-ਹੌਲੀ ਸਾਰੀ ਕਹਾਣੀ ਸਾਹਮਣੇ ਆਉਣ ਲੱਗੀ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਨੈੱਟਵਰਕ ਕਿੰਨੇ ਸੂਬਿਆਂ ’ਚ ਫੈਲਿਆ ਹੈ ਤੇ ਕਿੰਨੇ ਲੋਕ ਇਸ ’ਚ ਸ਼ਾਮਲ ਹਨ। ----------------------- ਪਿਆਰ ਤੇ ਵਿਆਹ ਦਾ ਝਾਂਸਾ ਦੇ ਕੇ ਫਸਾਉਣ ਵਾਲਾ ਵੱਡਾ ਗਿਰੋਹ ਸਾਬਕਾ ਸੀਪੀਐੱਸ ਕੇਡੀ ਭੰਡਾਰੀ ਮੁਤਾਬਕ ਇਹ ਕੋਈ ਛੋਟਾ ਮਾਮਲਾ ਨਹੀਂ, ਬਲਕਿ ਵੱਡੇ ਪੱਧਰ ’ਤੇ ਕੰਮ ਕਰਨ ਵਾਲਾ ਗਿਰੋਹ ਹੈ। ਇਹ ਗੈਂਗ ਸਕੂਲ-ਕਾਲਜਾਂ ਦੀਆਂ ਕੁੜੀਆਂ ਨੂੰ ਪਹਿਲਾਂ ਦੋਸਤੀ, ਪਿਆਰ, ਵਿਆਹ ਦੇ ਸੁਪਨੇ ਦਿਖਾ ਕੇ ਜਾਲ ’ਚ ਫਸਾਉਂਦਾ ਹੈ। ਫਿਰ ਮੌਕਾ ਮਿਲਦੇ ਹੀ ਉਨ੍ਹਾਂ ਨੂੰ ਬੇਹੋਸ਼ ਕਰ ਜਾਂ ਵਰਲਗਾ ਕੇ ਦੂਜੇ ਸੂਬਿਆਂ ਤੱਕ ਲੈ ਜਾਂਦਾ ਹੈ। ਪੀੜਤਾਂ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਹੋਰ ਵੀ ਕਈ ਕੁੜੀਆਂ ਨੂੰ ਅਗਵਾ ਕਰ ਚੁੱਕੇ ਹਨ ਜੋ ਵੱਖ-ਵੱਖ ਸ਼ਹਿਰਾਂ ਦੀਆਂ ਹਨ। ਇਸ ਮਾਮਲੇ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਕੁੜੀਆਂ ਨੂੰ ਹਰਿਆਣਾ ਦੇ ਉਨ੍ਹਾਂ ਪਿੰਡਾਂ ’ਚ ਵੇਚਿਆ ਜਾਂਦਾ ਹੈ, ਜਿੱਥੇ ਵੱਡੀ ਉਮਰ ਦੇ ਮੁੰਡਿਆਂ ਦੀ ਸ਼ਾਦੀ ਨਹੀਂ ਹੋ ਪਾਂਦੀ। ਕੁਝ ਨੂੰ ਘਰੇਲੂ ਕੰਮ, ਜ਼ਬਰਦਸਤੀ ਰਿਸ਼ਤੇ ਜਾਂ ਨਾਜਾਇਜ਼ ਸਰਗਰਮੀਆਂ ’ਚ ਧੱਕਿਆ ਜਾਂਦਾ ਹੈ। ---------------------- ਜਲੰਧਰ ’ਚ ਕੰਮ ਕਰਦਾ ਸੀ ਬੇਲੀ, ਉਸ ਨੇ ਰਚੀ ਸਾਰੀ ਸਾਜ਼ਿਸ਼ ਮੁਲਜ਼ਮ ਮੋਹਿੰਦਰ ਉਰਫ਼ ਬੇਲੀ ਲਗਭਗ ਛੇ ਮਹੀਨੇ ਪਹਿਲਾਂ ਜਲੰਧਰ ਦੇ ਟ੍ਰਾਂਸਪੋਰਟ ਨਗਰ ’ਚ ਕੰਮ ਕਰਦਾ ਸੀ। ਉੱਥੇ ਉਸ ਦੀ ਮੁਲਾਕਾਤ ਉਸ ਕੁੜੀ ਨਾਲ ਹੋਈ ਜਿਸ ਨੇ ਬਾਅਦ ’ਚ ਦੋ ਨਾਬਾਲਿਗਾਂ ਨੂੰ ਘਰ ਬੁਲਾਇਆ। ਬੇਲੀ ਤੇ ਸਨੀ ਸ਼ੂਟਰ ਨੇ ਪਹਿਲਾਂ ਹੀ ਦੋਵੇਂ ਕੁੜੀਆਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਸੀ। -------------- ਪਹਿਲਾਂ ਵੀ ਆਏ ਹਨ ਇਸ ਤਰ੍ਹਾਂ ਦੇ ਮਾਮਲੇ ਇਸ ਤਰ੍ਹਾਂ ਅਗਵਾ ਕਰਕੇ ਕੁੜੀਆਂ ਨੂੰ ਵੇਚਣ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ। ਕਈ ਸਾਲ ਪਹਿਲਾਂ ਮਾਡਲਿੰਗ ਦਾ ਝਾਂਸਾ ਦੇ ਕੇ ਜਲੰਧਰ ਤੋਂ ਇਕ ਕੁੜੀ ਨੂੰ ਦਿੱਲੀ ਲਿਜਾਇਆ ਗਿਆ ਸੀ। ਉਸ ਦਾ ਨਕਲੀ ਕਾਂਟ੍ਰੈਕਟ ਵੀ ਭੇਜਿਆ ਗਿਆ। ਦਿੱਲੀ ਪਹੁੰਚਦੇ ਹੀ ਉਸ ਦਾ ਫੋਨ ਖੋਹ ਲਿਆ ਗਿਆ ਤੇ ਉਸ ਨੂੰ ਫਲੈਟ ’ਚ ਬੰਦ ਕਰ ਦਿੱਤਾ ਗਿਆ। ਬਾਅਦ ਵਿਚ ਪੁਲਿਸ ਨੇ ਉਸ ਨੂੰ ਰੈਸਕਿਊ ਕੀਤਾ। ਇਸੇ ਤਰ੍ਹਾਂ ਅਹਿਮਦਾਬਾਦ ’ਚ ਨੌਕਰੀ ਤੇ ਜਲਦੀ ਪੈਸੇ ਕਮਾਉਣ ਦੇ ਲਾਲਚ ’ਚ ਇਕ ਕੁੜੀ ਨੂੰ ਹੋਸਟਲ ਤੋਂ ਫਸਾ ਕੇ ਲਿਜਾਇਆ ਗਿਆ ਤੇ ਉਸ ਤੋਂ ਜ਼ਬਰਦਸਤੀ ਨਾਜਾਇਜ ਕਾਲ ਸੈਂਟਰ ’ਚ ਕੰਮ ਕਰਵਾਇਆ ਗਿਆ। ---------------------- “ਜੇ ਪੁਲਿਸ ਇਸ ਮਾਮਲੇ ’ਚ ਕੁੜੀਆਂ ਦੀ ਸਹੇਲੀ ਤੇ ਜੰਮੂ ਵਿਚਲੇ ਮੁਲਜ਼ਮਾਂ ਦੇ ਸਾਥੀਆਂ ਨੂੰ ਕਾਬੂ ਕਰਕੇ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂ ਵੱਡਾ ਸਕੈਂਡਲ ਸਾਹਮਣੇ ਆ ਸਕਦਾ ਹੈ। ਇਹ ਇਕ ਸਰਗਰਮ ਗਿਰੋਹ ਦਾ ਕੰਮ ਲੱਗਦਾ ਹੈ। ਪੁਲਿਸ ਕਮਿਸ਼ਨਰ ਤੋਂ ਇਸ ਦੀ ਪੂਰੀ ਜਾਂਚ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਹੋਰ ਕੁੜੀਆਂ ਦੀ ਜ਼ਿੰਦਗੀ ਬਚ ਸਕੇ।” –ਸਾਬਕਾ ਸੀਪੀਐੱਸ ਕੇਡੀ ਭੰਡਾਰੀ