ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸ਼ਹਿਰ ਦੇ ਪ੍ਰਾਇਵੇਟ ਸਕੂਲ ਵਿੱਚ 12ਵੀਂ ਕਲਾਸ ਵਿੱਚ ਪੜ੍ਹਦੀ 18 ਸਾਲਾ ਵਿਦਿਆਰਥਣ ਸਕੂਲ ਦੀ ਬੱਸ ਚਲਾਉਂਦੇ ਨੌਜਵਾਨ ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਾਲਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਦੋਵਾਂ ਦਾ ਅਜੇ ਤਕ ਸੁਰਾਗ ਨਹੀਂ ਲੱਗ ਸਕਿਆ।

ਇਸ ਸਬੰਧੀ ਪਿੰਡ ਲੜੋਈ ਦੇ ਬਜ਼ੁਰਗ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਲੜਕੇ ਦੀ ਕਰੀਬ 11 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ । ਉਸ ਦੀ ਬਾਲਗ ਲੜਕੀ ਭੋਗਪੁਰ ਦੇ ਪ੍ਰਾਇਵੇਟ ਸਕੂਲ ਵਿਖੇ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ 31 ਜੁਲਾਈ ਨੂੰ ਸਵੇਰੇ 7.30 ਵਜੇ ਦੇ ਕਰੀਬ ਘਰੋਂ ਸਕੂਲ ਪੜ੍ਹਨ ਲਈ ਗਈ ਅਤੇ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਈ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਸਕੂਲ ਵਿਚੋਂ ਪਤਾ ਕਰਨ 'ਤੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਲੜਕੀ 31 ਜੁਲਾਈ ਨੂੰ ਸਕੂਲ ਨਹੀਂ ਆਈ । ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਲੁਹਾਰਾਂ ਦਾ ਵਸਨੀਕ ਅਮਰਜੀਤ ਸਿੰਘ ਜੋ ਸਕੂਲ ਦੀ ਬੱਸ ਚਲਾਉਂਦਾ ਹੈ, ਉਸ ਦੀ ਲੜਕੀ ਨਾਲ ਸਕੂਲ ਆਉਣ ਕਰਕੇ ਜਾਣ-ਪਹਿਚਾਣ ਹੋ ਗਈ । ਉਹਨਾਂ ਦੱਸਿਆ ਕਿ ਲੜਕੀ ਦੀ ਆਪਣੇ ਪੱਧਰ 'ਤੇ ਭਾਲ ਕਰਨ ਤੇ ਜਦੋਂ ਲੜਕੀ ਨਹੀਂ ਮਿਲੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਬੱਸ ਡਰਾਈਵਰ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ ਅਤੇ ਘਰ ਵਿਚ ਪਏ 6 ਤੋਲੇ ਸੋਨੇ ਦੇ ਗਹਿਣੇ ਵੀ ਗਾਇਬ ਹਨ । ਉਹਨਾਂ ਮੰਗ ਕੀਤੀ ਕਿ ਪੁਲਿਸ ਵੱਲੋ ਲੜਕੀ ਦੀ ਭਾਲ ਕੀਤੀ ਜਾਵੇ ਤੇ ਉਕਤ ਲੜਕੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ਇਸ ਸਬੰਧੀ ਮਾਮਲੇ ਦੀ ਤਫਤੀਸ਼ ਕਰ ਰਹੇ ਥਾਣੇਦਾਰ ਪ੍ਰੇਮਜੀਤ ਸਿੰਘ ਨੇ ਦਸਿਆ ਕਿ ਲੜਕੀ-ਲੜਕੇ ਦੀ ਭਾਲ ਕਰਨ ਲਈ ਵੱਖ-ਵੱਖ ਜਗਾਹ 'ਤੇ ਛਾਪੇਮਾਰੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਕੋਈ ਸੁਰਾਗ ਨਹੀ ਮਿਲਿਆ ।

Posted By: Jagjit Singh