ਮਦਨ ਭਾਰਦਵਾਜ, ਜਲੰਧਰ : ਛਾਉਣੀ ਹਲਕੇ 'ਚ ਨਗਰ ਨਿਗਮ ਅਧੀਨ ਆਉਂਦੇ ਇਲਾਕੇ 'ਚ 105 ਏਕੜ ਵਿਚ 18 ਨਾਜਾਇਜ਼ ਕਾਲੋਨੀਆਂ ਕੱਟਣ ਤੇ ਨਗਰ ਨਿਗਮ ਨੂੰ 50 ਕਰੋੜ ਦਾ ਚੂਨਾ ਲਾਉਣ ਵਾਲੇ ਮਾਮਲੇ 'ਚ ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਕੱਲ੍ਹ ਵੀਰਵਾਰ ਤੋਂ ਜਾਂਚ ਸ਼ੁਰੂ ਕਰੇਗੀ। ਹੁਣ ਤਕ ਕੀਤੀ ਗਈ ਮੁੱਢਲੀ ਜਾਂਚ ਵਿਚ ਇਹ ਪਾਇਆ ਗਿਆ ਹੈ ਕਿ ਕਾਲੋਨਾਈਜ਼ਰ ਨੇ ਮਾਮੁੂਲੀ ਫੀਸ ਜਮ੍ਹਾ ਕਰਾ ਕੇ ਕਾਲੋਨੀਆਂ ਨੂੰ ਮਨਜ਼ੂਰ ਕਰਨ ਦੀ ਦਰਖਾਸਤ ਦੇਣ ਦੇ ਬਾਅਦ ਕਾਲੋਨੀਆਂ ਕੱਟ ਦੇ ਪਲਾਟ ਵੇਚ ਦਿੱਤੇ। ਨਿਗਮ ਦੀ ਬਕਾਇਆ ਬਣਦੀ ਫੀਸ ਜਮ੍ਹਾ ਨਹੀਂ ਕਰਾਈ ਜਦੋਂਕਿ ਇਕ ਕਾਲੋਨੀ ਲਈ ਸਿਰਫ 4 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫੀਸ ਜਮ੍ਹਾ ਕਰਾਈ। ਇਸ ਵਿਚ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ। ਚੇਅਰਮੈਨ ਨਿਰਮਲ ਸਿੰਘ ਨਿੰਮਾ ਤੇ ਕਮੇਟੀ ਮੈਂਬਰ ਸੁਸ਼ੀਲ ਕਾਲੀਆ ਕੱਲ੍ਹ ਬਿਲਡਿੰਗ ਬਰਾਂਚ ਦੀ ਟੀਮ ਲੈ ਕੇ ਉੁਕਤ 18 ਨਾਜਾਇਜ਼ ਕਲੋਨੀਆਂ ਦੀ ਪੈਮਾਇਸ਼ ਕਰਨਗੇ। ਐਡਹਾਕ ਕਮੇਟੀ ਨੇ ਕਾਲੋਨਾਈਜ਼ਰ ਰਾਕੇਸ਼ ਕੁਮਾਰ ਦੀ ਨਵੀਂ ਕੱਟੀ ਜਾ ਰਹੀ ਕਾਲੋਨੀ ਦੀ ਵੀ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਐਡਹਾਕ ਕਮੇਟੀ ਨੂੰ ਇਹ ਵੀ ਪਤਾ ਲੱਗਾ ਹੈ ਕਿ ਰਾਕੇਸ਼ ਕੁਮਾਰ 20 ਹੋਰ ਕਾਲੋਨੀਆਂ ਕੱਟਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਾਲੋਨਾਈਜ਼ਰ ਇਸ ਇਲਾਕੇ 'ਚ ਕਾਲੋਨੀਆਂ ਕੱਟਣ ਦਾ ਕੰਮ ਕਰ ਰਹੇ ਹਨ। ਖਾਸ ਕਰਕੇ ਪਰਾਗਪੁਰ ਦੀ ਨਵੀਂ ਰੋਡ ਦੇ ਆਸੇ-ਪਾਸੇ ਨਾਜਾਇਜ਼ ਕਲੋਨੀਆਂ ਕੱਟਣ ਦਾ ਕੰਮ ਜਾਰੀ ਹੈ।

ਬਾਕਸ

ਵਿਧਾਇਕ ਦਾ ਹਲਕਾ ਨਾਜਾਇਜ਼ ਕਾਲੋਨੀਆਂ ਦਾ ਗੜ੍ਹ

ਕੈਂਟ ਦੇ ਵਿਧਾਇਕ ਪਰਗਟ ਸਿੰਘ ਦਾ ਹਲਕਾ ਨਾਜਾਇਜ਼ ਕਾਲੋਨੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ ਜਦੋਂਕਿ ਵਿਧਾਇਕ ਪਰਗਟ ਸਿੰਘ ਹਮੇਸ਼ਾ ਨਾਜਾਇਜ਼ ਕਾਲੋਨੀਆਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹੇ ਹਨ। ਇਸ ਦੇ ਬਾਵਜੂਦ ਕਲੋਨੀਆਂ ਕੱਟਣ ਦਾ ਸਿਲਸਲਾ ਜਾਰੀ ਹੈ।

ਬਾਕਸ

ਅਧਿਕਾਰੀਆਂ 'ਤੇ ਕਾਰਵਾਈ ਸੰਭਵ

ਐਡਹਾਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਤੇ ਮੈਂਬਰ ਸੁਸ਼ੀਲ ਕਾਲੀਆ ਨੇ ਕਿਹਾ ਹੈ ਕਿ ਉਕਤ ਨਾਜਾਇਜ਼ ਕਾਲੋਨੀਆਂ ਬਿਲਡਿੰਗ ਬਰਾਂਚ ਦੀ ਮਿਲੀਭੁਗਤ ਨਾਲ ਹੀ ਕੱਟੀਆਂ ਗਈਆਂ ਹਨ ਤੇ ਜਿਹੜੇ ਅਧਿਕਾਰੀ ਮਿਲੀਭੁਗਤ ਵਿਚ ਸ਼ਾਮਲ ਪਾਏ ਜਾਣਗੇ। ਉਨ੍ਹਾਂ ਦੇ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਏਗੀ। ਖਾਸ ਕਰਕੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਜਿਨ੍ਹਾਂ ਦੇ ਅਧੀਨ ਉਕਤ ਇਲਾਕਾ ਆਉਂਦਾ ਹੈ। ਐਡਹਾਕ ਕਮੇਟੀ ਉਨ੍ਹਾਂ ਕਾਲੋਨਾਈਜ਼ਰਾਂ ਦੇ ਖਿਲਾਫ ਵੀ ਕਾਰਵਾਈ ਕਰਨ ਲਈ ਜਾਂਚ ਦੀ ਤਿਆਰ ਕਰ ਲਈ ਹੈ, ਜਿਨ੍ਹਾਂ ਨੇ 10 ਫੀਸਦੀ ਫੀਸ ਜਮ੍ਹਾ ਕਰਾ ਕੇ ਵੱਡੀਆਂ ਕਾਲੋਨੀਆਂ ਕੱਟ ਦਿਤੀਆਂ, ਜਦੋਂਕਿ 90 ਫੀਸਦੀ ਰਕਮ ਜਮ੍ਹਾ ਹੀ ਨਹੀਂ ਕਰਾਈ।