ਜਗਦੀਸ਼ ਕੁਮਾਰ, ਜਾਗਰਣ ਜਲੰਧਰ

ਜਗਦੀਸ਼ ਕੁਮਾਰ, ਜਾਗਰਣ
ਜਲੰਧਰ : ਕਿਸ਼ੋਰ ਅਵਸਥਾ ਵਿਚ ਕਈ ਕਾਰਨਾਂ ਕਰ ਕੇ ਸਰੀਰਕ, ਭਾਵਨਾਤਮਕ, ਵਿਹਾਰਕ ਅਤੇ ਮਾਨਸਿਕ ਸਿਹਤ ਨੂੰ ਲੈ ਕੇ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸ਼ੋਰਾਂ ਦਾ ਸਕਰੀਨ ਟਾਈਮ ਵਧਣ ਕਾਰਨ ਉਹ ਚਿੜਚਿੜੇ ਅਤੇ ਗੁੱਸੇਲ ਹੋ ਰਹੇ ਹਨ ਜਾਂ ਫਿਰ ਬੁਰੀ ਸੰਗਤ ਵਿਚ ਫਸ ਕੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਪ੍ਰੀਖਿਆਵਾਂ ਦੇ ਤਣਾਅ ਜਾਂ ਇੰਟਰਨੈੱਟ ਮੀਡੀਆ ਤੋਂ ਖ਼ਰਾਬ ਆਦਤਾਂ ਨੂੰ ਠੀਕ ਕਰਨ ਵਿਚ ਲੋਕਾਂ ਨੂੰ ਕਾਫੀ ਭਟਕਣਾ ਪੈ ਰਿਹਾ ਹੈ। 16 ਸਾਲਾ ਵਿਦਿਆਰਥੀ ਜੋ ਕਲਾਸ 11 ਵਿਚ ਪੜ੍ਹਦਾ ਹੈ, ਪਿਛਲੇ 6 ਮਹੀਨਿਆਂ ਤੋਂ ਨੀਂਦ ਨਾ ਆਉਣ ਅਤੇ ਲਗਾਤਾਰ ਸਿਰਦਰਦ ਦੀ ਸ਼ਿਕਾਇਤ ਕਰ ਰਿਹਾ ਸੀ। ਬੋਰਡ ਪ੍ਰੀਖਿਆਵਾਂ ਦਾ ਦਬਾਅ ਅਤੇ ਮਾਤਾ-ਪਿਤਾ ਦੀਆਂ ਉਮੀਦਾਂ ਨੇ ਉਸ ਨੂੰ ਚਿੰਤਾ ਅਤੇ ਘਬਰਾਹਟ ਨਾਲ ਭਰ ਦਿੱਤਾ ਸੀ। ਉਹ ਦੋਸਤਾਂ ਤੋਂ ਦੂਰੀ ਬਣਾਉਣ ਲੱਗਾ ਸੀ ਅਤੇ ਪੜ੍ਹਾਈ ਵਿਚ ਮਨ ਨਹੀਂ ਲੱਗਦਾ ਸੀ। ਇਸ ਮਾਮਲੇ ਨੂੰ ਲੈ ਕੇ ਮਾਤਾ-ਪਿਤਾ ਵੀ ਚਿੰਤਿਤ ਹੋ ਗਏ ਸਨ। ਪਿਤਾ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਹਨ ਅਤੇ ਇੰਨਾ ਪੈਸਾ ਨਹੀਂ ਹੈ ਕਿ ਉਹ ਨਿੱਜੀ ਸੈਂਟਰ ਵਿਚ ਜਾ ਕੇ ਪੁੱਤਰ ਦਾ ਇਲਾਜ ਕਰਵਾ ਸਕਣ। ਉਨ੍ਹਾਂ ਨੂੰ ਪਿਮਸ ਵਿਚ ਹਾਲ ਹੀ ਵਿਚ ਸਾਥੀ ਕਲੀਨਿਕ ਵਿਚ ਮਨੋਵਿਗਿਆਨੀ ਨਾਲ 4 ਸੈਸ਼ਨਾਂ ਦੀ ਕਾਊਂਸਲਿੰਗ ਅਤੇ ਰਿਲੈਕਸੇਸ਼ਨ ਤਕਨੀਕਾਂ ਤੋਂ ਬਾਅਦ ਵਿਦਿਆਰਥੀ ਦੇ ਨੀਂਦ ਦੇ ਪੈਟਰਨ ਵਿਚ ਸੁਧਾਰ ਆਇਆ। ਸਮਾਂ ਮੈਨੇਜਮੈਂਟ ਅਤੇ ਸਟੱਡੀ ਪਲਾਣ ਬਣਾ ਕੇ ਉਸ ਨੂੰ ਪੜ੍ਹਾਈ ਦਾ ਤਣਾਅ ਘਟਾਉਣ ਵਿਚ ਮਦਦ ਮਿਲੀ। ਵਰਤਮਾਨ ਵਿਚ ਉਹ ਨਾ ਸਿਰਫ ਨਿਯਮਿਤ ਸਕੂਲ ਜਾ ਰਿਹਾ ਹੈ, ਬਲਕਿ ਡਿਬੇਟ ਟੀਮ ਦਾ ਹਿੱਸਾ ਵੀ ਬਣ ਚੁੱਕਾ ਹੈ।
ਇਸੇ ਤਰ੍ਹਾਂ 14 ਸਾਲਾ ਕੁੜੀ ਨੂੰ ਲੱਗਦਾ ਸੀ ਕਿ ਉਹ ਦੂਜੀਆਂ ਕੁੜੀਆਂ ਵਾਂਗ ਖੂਬਸੂਰਤ ਨਹੀਂ ਹੈ। ਇੰਟਰਨੈੱਟ ਮੀਡੀਆ ’ਤੇ ਲਗਾਤਾਰ ਰੀਲਜ਼ ਦੇਖਣ ਕਾਰਨ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ਖ਼ਰਾਬ ਹੋ ਗਈਆਂ। ਉਸ ਨੇ ਖਾਣਾ ਛੱਡਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਨੂੰ ਕਮਜ਼ੋਰੀ ਅਤੇ ਚੱਕਰ ਆਉਣ ਲੱਗੇ। ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਕਾਫੀ ਚਿੰਤਿਤ ਹੋ ਗਏ। ਉਨ੍ਹਾਂ ਨੇ ਬੱਚਿਆਂ ਅਤੇ ਔਰਤ ਰੋਗ ਮਾਹਿਰਾਂ ਨੂੰ ਵੀ ਦਿਖਾਇਆ ਪਰ ਇਲਾਜ ਨਾਲ ਕੋਈ ਖਾਸ ਫਰਕ ਨਹੀਂ ਪਿਆ। ਉਸ ਦੇ ਪਿਤਾ ਜੀ ਹਰ ਰੋਜ਼ ਲੁਧਿਆਣਾ ਕੰਮ ਲਈ ਜਾਂਦੇ ਹਨ ਅਤੇ ਇਲਾਜ ’ਤੇ ਖਰਚ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ। ਉਸ ਦੀ ਮਾਂ ਉਸ ਨੂੰ ਲੈ ਕੇ ਪਿਮਸ ਪਹੁੰਚੀ ਤਾਂ ਉੱਥੇ ਸਾਥੀ ਐਡੋਲਸੈਂਟ ਵੈੱਲਨੈੱਸ ਕਲੀਨਿਕ ਦਾ ਪਤਾ ਲੱਗਾ। ਉੱਥੇ ਮੌਜੂਦ ਟੀਮ ਨੇ ਉਸ ਨੂੰ ਉਮਰ ਮੁਤਾਬਿਕ ਸੰਤੁਲਿਤ ਖੁਰਾਕ ਯੋਜਨਾ ਦਿੱਤੀ। ਇੱਥੇ ਕਾਊਂਸਲਰ ਨੇ ਬਾਡੀ ਪਾਜ਼ੇਟੀਵਿਟੀ ਅਤੇ ਡਿਜੀਟਲ ਡੀਟਾਕਸ ’ਤੇ ਕੰਮ ਕੀਤਾ। 3 ਮਹੀਨਿਆਂ ਵਿਚ ਉਸ ਦਾ ਵਜ਼ਨ ਸਥਿਰ ਹੋ ਗਿਆ। ਹੀਮੋਗਲੋਬਿਨ ਵਧਿਆ ਅਤੇ ਉਹ ਫਿਰ ਤੋਂ ਡਾਂਸ ਕਲਾਸ ਸ਼ੁਰੂ ਕਰਨ ਲੱਗੀ। ਉਸ ਦੀ ਮਾਂ ਕਹਿੰਦੀ ਹੈ ਕਿ ਹੁਣ ਉਹ ਸ਼ੀਸ਼ੇ ਵਿਚ ਆਪਣੇ ਆਪ ਨੂੰ ਦੇਖ ਕੇ ਮੁਸਕਰਾਉਂਦੀ ਹੈ।
ਪਿਮਸ ਨੇ ਸਾਥੀ ਐਡੋਲਸੈਂਟ ਵੈੱਲਨੈੱਸ ਕਲੀਨਿਕ ਦੇ ਸ਼ੁਰੂਆਤੀ ਦੌਰ ਵਿਚ ਲਗਪਗ ਸੱਤ ਕਿਸ਼ੋਰਾਂ ਨੂੰ ਠੀਕ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪਿਮਸ ਦੇ ਵਾਈਸ ਚੇਅਰਮੈਨ ਡਾ. ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਵੀਰਵਾਰ ਅਤੇ ਸ਼ਨਿਚਰਵਾਰ ਨੂੰ ਪਿਮਸ ਹਸਪਤਾਲ ਦੇ ਪੀਡੀਯਾਟ੍ਰਿਕਸ ਵਿਭਾਗ ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਕਲੀਨਿਕ ਦਾ ਮੁੱਖ ਟੀਚਾ ਕਿਸ਼ੋਰ ਅਵਸਥਾ ਦੌਰਾਨ ਸਾਹਮਣਾ ਕਰਨ ਵਾਲੀਆਂ ਔਖੀਆਂ ਸਿਹਤ ਅਤੇ ਕਾਊਂਸਲਿੰਗ ਸਬੰਧੀ ਜ਼ਰੂਰਤਾਂ ਨੂੰ ਸਮੇਂ ’ਤੇ ਪਛਾਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੈ। ਕਿਸ਼ੋਰ ਅਵਸਥਾ ਵਿਚ ਤੇਜ਼ੀ ਨਾਲ ਹੋ ਰਹੇ ਸਰੀਰਕ, ਹਾਰਮੋਨਲ ਅਤੇ ਭਾਵਨਾਤਮਕ ਬਦਲਾਅ ਅਕਸਰ ਬੱਚਿਆਂ ਅਤੇ ਮਾਪਿਆਂ ਦੋਵਾਂ ਲਈ ਚੁਣੌਤੀਪੂਰਨ ਹੁੰਦੇ ਹਨ।
ਇਸ ਵਿਚ ਸਿਰਫ ਦਸ ਰੁਪਏ ਦੀ ਓਪੀਡੀ ਪਰਚੀ ’ਤੇ ਕਿਸ਼ੋਰਾਂ ਵਿਚ ਸਰੀਰਕ ਵਿਕਾਸ, ਜਵਾਨ ਹੋਣ ਸਬੰਧੀ ਬਦਲਾਅ ਅਤੇ ਆਮ ਸਿਹਤ ਜਾਂਚ, ਮਾਨਸਿਕ ਸਿਹਤ ਸਕ੍ਰੀਨਿੰਗ, ਭਾਵਨਾਤਮਕ ਅਤੇ ਵਿਹਾਰਕ ਸਹਾਇਤਾ, ਜੀਵਨਸ਼ੈਲੀ ਅਤੇ ਖੁਰਾਕ ਸਬੰਧੀ ਸਲਾਹ, ਭਵਿੱਖ ਦੀ ਤਿਆਰੀ ਅਤੇ ਸਰੀਰਕ ਵਿਕਾਸ ਦੀ ਨਿਗਰਾਨੀ ’ਤੇ ਫੋਕਸ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਕਿਸ਼ੋਰ ਆਪਣੀਆਂ ਸਮੱਸਿਆਵਾਂ ਨੂੰ ਖੁੱਲ੍ਹ ਕੇ ਨਹੀਂ ਦੱਸਦੇ। ਸਾਥੀ ਕਲੀਨਿਕ ਇਸ ਗੈਪ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਥੇ ਡਾਕਟਰ, ਮਨੋਵਿਗਿਆਨੀ ਅਤੇ ਕਾਊਂਸਲਰ ਮਿਲ ਕੇ ਹਰ ਕਿਸ਼ੋਰ ਨੂੰ ਨਿੱਜੀ ਮਾਰਗਦਰਸ਼ਨ ਦੇਣਗੇ।