14 ਮਹੀਨਿਆਂ ਤੋਂ ਨਹੀਂ ਹੋਈ ਦਿਸ਼ਾ ਕਮੇਟੀ ਦੀ ਮੀਟਿੰਗ
ਨਹੀਂ ਹੋ ਰਹੀ ਵਿਕਾਸ
Publish Date: Sat, 23 May 2026 08:12 PM (IST)
Updated Date: Sun, 24 May 2026 04:14 AM (IST)

ਨਹੀਂ ਹੋ ਰਹੀ ਵਿਕਾਸ ਕਾਰਜਾਂ ਦੀ ਸਮੀਖਿਆ ਜਾਗਰਣ ਸੰਵਾਦਦਾਤਾ, ਜਲੰਧਰ ਕੇਂਦਰ ਸਰਕਾਰ ਵੱਲੋਂ ਸਪਾਂਸਰ ਕੀਤੀਆਂ ਸਕੀਮਾਂ ਦੀ ਨਿਗਰਾਨੀ ਤੇ ਤਾਲਮੇਲ ਲਈ ਜ਼ਿਲ੍ਹਾ ਪੱਧਰ ’ਤੇ ਦਿਸ਼ਾ (ਜ਼ਿਲ੍ਹਾ ਵਿਕਾਸ ਤੇ ਨਿਗਰਾਨ ਕਮੇਟੀ) ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਮੁੱਖ ਮੰਤਵ ਜਨਤਕ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਬਿਹਤਰ ਤਾਲਮੇਲ ਨਾਲ ਵਿਕਾਸ ਕਾਰਜਾਂ ਨੂੰ ਤੇਜ਼ ਕਰਨਾ ਹੈ ਪਰ ਜਲੰਧਰ ਇਸ ’ਚ ਫਾਡੀ ਦੱਸਿਆ ਜਾ ਰਿਹਾ ਹੈ, ਜਿੱਥੇ ਪਿਛਲੇ 14 ਮਹੀਨਿਆਂ ਤੋਂ ਦਿਸ਼ਾ ਕਮੇਟੀ ਦੀ ਮੀਟਿੰਗ ਨਹੀਂ ਹੋਈ। ਸਥਾਨਕ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਮੇਟੀ ਦੇ ਚੇਅਰਮੈਨ ਹਨ, ਜਦਕਿ ਡੀਸੀ ਕਮੇਟੀ ਦੇ ਸਕੱਤਰ ਹੁੰਦੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਵਿਧਾਇਕ ਤੇ ਮੇਅਰ ਕਮੇਟੀ ਦੇ ਮੈਂਬਰ ਹਨ। ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਕਮੇਟੀ ਦੀ ਹਰ 3 ਮਹੀਨੇ ਬਾਅਦ ਮੀਟਿੰਗ ਕਰਨੀ ਲਾਜ਼ਮੀ ਹੈ ਪਰ ਇਸ ਸਬੰਧੀ ਇੱਕੋ ਇੱਕ ਮੀਟਿੰਗ ਮਾਰਚ 2025 ’ਚ ਜਲੰਧਰ ’ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਹੋਈ ਸੀ, ਜਿਸ ਤੋਂ ਬਾਅਦ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ, ਜਦਕਿ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਸੰਸਦ ਮੈਂਬਰ ਵਜੋਂ ਆਪਣਾ 2 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਹਨ। ------------ ਬਾਕਸ-- ਕਿਹੜੀਆਂ ਯੋਜਨਾਵਾਂ ਹੋ ਰਹੀਆਂ ਪ੍ਰਭਾਵਿਤ ? ਦਿਸ਼ਾ ਕਮੇਟੀ ਦੀ ਪਿਛਲੀ ਮੀਟਿੰਗ ’ਚ ਸੰਸਦ ਮੈਂਬਰਨੇ ਮਨਰੇਗਾ ਮਜ਼ਦੂਰਾਂ ਨੂੰ ਸਾਲ ’ਚ 100 ਦਿਨ ਦੇ ਕੰਮ ਦੀ ਬਜਾਏ ਸਿਰਫ਼ 30 ਦਿਨ ਕੰਮ ਮਿਲਣ ਦਾ ਮੁੱਦਾ ਅਧਿਕਾਰੀਆਂ ਕੋਲ ਉਠਾਇਆ ਸੀ। ਕੇਂਦਰ ਸਰਕਾਰ ਨੇ ਬਾਅਦ ’ਚ ਇਸ ਸਕੀਮ ਦਾ ਨਾਂ ਬਦਲ ਕੇ ‘ਜੀ ਰਾਮ ਜੀ’ ਰੱਖ ਦਿੱਤਾ, ਜਿਸ ਸਬੰਧੀ ਕਾਂਗਰਸ ਨੇ ਪੰਜਾਬ ਦੇ ਪਿੰਡਾਂ ’ਚ ਮੁਹਿੰਮ ਵੀ ਚਲਾਈ ਸੀ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਜਲੰਧਰ ਦੌਰੇ ਦੌਰਾਨ ਮਜ਼ਦੂਰਾਂ ਨੂੰ 100 ਦਿਨਾਂ ਤੋਂ ਕੰਮ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਦੇ ਬਾਵਜੂਦ ਸੰਸਦ ਮੈਂਬਰ ਚੰਨੀ ਇਸ ਸਕੀਮ ਸਬੰਧੀ ਕੋਈ ਮੀਟਿੰਗ ਨਹੀਂ ਕਰ ਸਕੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਵਾਏ ਯੋਜਨਾ ਦੇ ਲਾਭਪਾਤਰੀਆਂ ਨੂੰ ਫੰਡ ਮਿਲਣ ’ਚ ਦੇਰੀ ਦਾ ਮਾਮਲਾ ਪੈਂਡਿੰਗ ਹੈ। --------- ਬਾਕਸ-- ਸਰਫੇਸ ਵਾਟਰ ਪ੍ਰੋਜੈਕਟ ’ਚ ਹੋ ਰਹੀ ਦੇਰੀ ਸ਼ਹਿਰ ਦੇ ਲੋਕਾਂ ਨੂੰ 24/7 ਪਾਣੀ ਮੁਹੱਈਆ ਕਰਵਾਉਣ ਲਈ ਸਮਾਰਟ ਸਿਟੀ ਤਹਿਤ ਚਲਾਏ ਜਾ ਰਹੇ ਸਰਫੇਸ ਵਾਟਰ ਪ੍ਰੋਜੈਕਟ ਦਾ ਕੰਮ ਕਰੀਬ 2 ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਠੇਕਾ ਕੰਪਨੀ ’ਤੇ ਕਰੋੜਾਂ ਰੁਪਏ ਦਾ ਜੁਰਮਾਨਾ ਲਾਇਆ ਹੈ, ਫਿਰ ਵੀ ਇਹ ਪ੍ਰਾਜੈਕਟ ਲਟਕਦਾ ਜਾ ਰਿਹਾ ਹੈ। ਕਾਰਨ ਇਹ ਹੈ ਕਿ ਖਾਸ ਤੌਰ ’ਤੇ ਸਮਾਰਟ ਸਿਟੀ ਪ੍ਰਾਜੈਕਟਾਂ ਨੂੰ ਲੈ ਕੇ ਕੋਈ ਸਮੀਖਿਆ ਮੀਟਿੰਗ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਕਈ ਸਮਾਰਟ ਸਿਟੀ ਪ੍ਰਾਜੈਕਟਾਂ ’ਚ ਵਿੱਤੀ ਬੇਨਿਯਮੀਆਂ ਨੂੰ ਲੈ ਕੇ ਖੁਦ ਕਾਂਗਰਸੀ ਆਗੂਆਂ ਨੇ ਵੱਖ-ਵੱਖ ਦੋਸ਼ ਲਾਏ ਹਨ, ਜਿਸ ਸਬੰਧੀ ਕੇਂਦਰ ਸਰਕਾਰ ਦੀ ਆਡਿਟ ਰਿਪੋਰਟ ’ਚ ਕਈ ਸਵਾਲ ਖੜ੍ਹੇ ਕੀਤੇ ਗਏ ਹਨ ਪਰ ਲਗਾਤਾਰ ਨਿਗਰਾਨੀ ਨਾ ਹੋਣ ਕਾਰਨ ਹੁਣ ਤੱਕ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ------------- ਬਾਕਸ-- ਜਲਦ ਹੋਵੇਗੀ ਕਮੇਟੀ ਦੀ ਮੀਟਿੰਗ : ਚੰਨੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਜਲਦੀ ਹੀ ਦਿਸ਼ਾ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਸਬੰਧੀ ਪ੍ਰਸਤਾਵ ਜਲਦੀ ਹੀ ਨਵੇਂ ਡੀਸੀ ਸਾਹਿਬ ਨੂੰ ਭੇਜਿਆ ਜਾਵੇਗਾ। ਪਿਛਲੇ 14 ਮਹੀਨਿਆਂ ਤੋਂ ਕੋਈ ਮੀਟਿੰਗ ਨਾ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਸਾਬਕਾ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਕਾਰਜਕਾਲ ਦੌਰਾਨ ਨਿੱਜੀ ਰੁਝੇਵਿਆਂ ਕਾਰਨ ਮੀਟਿੰਗ 2 ਵਾਰ ਮੁਲਤਵੀ ਕਰਨੀ ਪਈ ਸੀ। ਹੁਣ ਨਵੇਂ ਡੀਸੀ ਵਰਜੀਤ ਵਾਲੀਆ ਆ ਗਏ ਹਨ। ਉਨ੍ਹਾਂ ਨਾਲ ਤਾਲਮੇਲ ਕਰ ਕੇ ਮੀਟਿੰਗ ਦੀ ਤਰੀਕ ਤੈਅ ਕੀਤੀ ਜਾਵੇਗੀ।