ਰਾਕੇਸ਼ ਗਾਂਧੀ, ਜਲੰਧਰ : ਬਸਤੀ ਬਾਵਾ ਖੇਲ 'ਚ ਸ਼ਰਾਬ ਠੇਕੇਦਾਰ ਦੇ ਕਰਿੰਦੇ ਦੀ ਲੁੱਟ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਪੁਲਿਸ ਜਾਂਚ 'ਚ ਇਹ ਮਾਮਲਾ ਲੁੱਟ ਦਾ ਨਾ ਹੋ ਕੇ ਗੱਡੀ ਨੂੰ ਸਾਈਡ ਨਾ ਦੇਣ 'ਤੇ ਕੁੱਟਮਾਰ ਦਾ ਨਿਕੱਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ (ਪੱਛਮੀ) ਪਲਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਕਿਸ਼ਨ ਚੌਧਰੀ ਵਾਸੀ ਜਲੰਧਰ ਕੂੰਜ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਚੱਢਾ ਗਰੁੱਪ ਕੋਲ ਕੰਮ ਕਰਦਾ ਹੈ। ਦੁਪਹਿਰ ਵੇਲੇ ਉਹ ਗੱਡੀ 'ਚ ਜਾ ਰਿਹਾ ਸੀ। ਦਰੋਨਾ ਗਾਰਡਨ ਲਾਗੇ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ਦੇ ਸਿਰ 'ਚ ਲੋਹੇ ਦਾ ਕੜਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਦੇ ਡੈਸ਼ਬੋਰਡ 'ਚੋਂ 25 ਹਜ਼ਾਰ ਰੁਪਏ ਦੀ ਨਕਦੀ ਚੁੱਕ ਕੇ ਫ਼ਰਾਰ ਹੋ ਗਏ। ਪੁਲਿਸ ਨੇ ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ਼ ਦੀ ਜਾਂਚ ਕੀਤੀ। ਜਾਂਚ 'ਚ ਸਾਹਮਣੇ ਆਇਆ ਕਿ ਮੋਟਰਸਾਈਕਲ ਸਵਾਰਾਂ ਨੂੰ ਕਿਸ਼ਨ ਚੌਧਰੀ ਵੱਲੋਂ ਸਾਈਡ ਨਾ ਦੇਣ ਤੋਂ ਬਾਅਦ ਆਪਣੀ ਗੱਡੀ ਭਜਾ ਲਈ ਗਈ ਸੀ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਰੋਨਾ ਗਾਰਡਨ ਲਾਗੇ ਉਸ ਨੂੰ ਰੋਕ ਕੇ ਗੱਡੀ 'ਚੋਂ ਬਾਹਰ ਕੱਢ ਕੇ ਮਾਰਕੁੱਟ ਕੀਤੀ ਸੀ। ਏਸੀਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਮਾਰਕੁੱਟ ਕਰਨ ਵਾਲੇ ਨੌਜਵਾਨ ਦੀ ਪਛਾਣ ਨੋਨੀ ਪੱੁਤਰ ਮੂਲਾ ਸਿੰਘ, ਬਘੇਲ ਸਿੰਘ ਪੁੱਤਰ ਗੁਰਦੀਪ ਸਿੰਘ, ਰਾਜਨ ਪੁੱਤਰ ਕਰਨੈਲ ਸਿੰਘ ਤੇ ਇਕ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਰਕੁੱਟ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤਕ ਲੁੱਟ ਵਾਲੀ ਕੋਈ ਘਟਨਾ ਸਾਹਮਣੇ ਨਹੀਂ ਆਈ।