ਛਾਪੇਮਾਰੀ

-ਮੌਕੇ ਤੋਂ ਬਰਾਮਦ ਹੋਈ ਲੱਖਾਂ ਰੁੁਪਏ ਦੀ ਨਕਦੀ ਤੇ ਤਾਸ਼

-ਪੁਲਿਸ ਨੇ ਜੂਆ ਐਕਟ ਤਹਿਤ ਕੇਸ ਦਰਜ ਕਰਕੇ ਆਰੰਭੀ ਜਾਂਚ

ਸੀਟੀਪੀ-5-ਸੀਆਈਏ ਸਟਾਫ ਦੀ ਹਿਰਾਸਤ 'ਚ ਕਾਬੂ ਕੀਤੇ ਗਏ ਜੁਆਰੀਏ। ਸੋਨੂੰ ਸ਼ਰਮਾ

ਰਾਕੇਸ਼ ਗਾਂਧੀ, ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੱਟੇਬਾਜ਼ ਬਲਦੇਵ ਰਾਜ ਮੱਟੂ ਦੇ ਘਰ ਛਾਪਾਮਾਰੀ ਕਰਕੇ ਉੱਥੇ ਜੂਆ ਖੇਡ ਰਹੇ 5 ਜੁਆਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੱਖਾਂ ਦੀ ਨਕਦੀ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਮੇਜਰ ਕਰਾਇਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਐੱਸਆਈ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਟੇਲ ਚੌਕ ਮੌਜੂਦ ਸੀ। ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸੱਟੇਬਾਜ਼ ਬਲਦੇਵ ਰਾਜ ਉਰਫ ਮੱਟੂ ਵਾਸੀ ਕਰਾਰ ਖਾਂ ਮੁਹੱਲਾ ਦੇ ਘਰ ਇਸ ਵੇਲੇ ਕਈ ਰਈਸਜ਼ਾਦੇ ਜੂਆ ਖੇਡ ਰਹੇ ਹਨ। ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੀ ਪੁਲਿਸ ਨੇ ਮੁਹੱਲਾ ਕਰਾਰ ਖਾਂ 'ਚ ਪੈਂਦੇ ਮੱਟੂ ਦੇ ਘਰ ਛਾਪਾਮਾਰੀ ਕੀਤੀ। ਉਥੇ ਜੂਆ ਖੇਡ ਰਹੇ ਜੁਆਰੀਆਂ 'ਚ ਹਫੜਾ-ਦਫੜੀ ਪੈ ਗਈ।

ਪੁਲਿਸ ਨੇ ਮੌਕੇ 'ਤੇ ਜੂਆ ਖੇਡ ਰਹੇ ਪੰਜ ਜੁਆਰੀਆਂ ਬਲਦੇਵ ਰਾਜ ਉਰਫ ਮੱਟੂ ਮੁਹੱਲਾ ਕਰਾਰ ਖਾਂ, ਵਿਕਾਸ ਸ਼ਰਮਾ ਵਾਸੀ ਖਾਂਬਰਾ, ਅਮਨਦੀਪ ਸਿੰਘ ਵਾਸੀ ਮੁਹੱਲਾ ਸੁਰਾਜਗੰਜ ਦੀਪਕ ਵਾਸੀ ਸ਼ਿਵ ਨਗਰ ਤੇ ਅਜੇ ਵਰਮਾ ਉਰਫ਼ ਗੋਰਾ ਵਾਸੀ ਵਿਰਦੀ ਕਾਲੋਨੀ ਬਸਤੀ ਬਾਵਾ ਖੇਲ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਦੀ 2,13,300 ਰੁਪਏ ਦੀ ਨਕਦੀ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ। ਪੁਲਿਸ ਨੇ ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।