ਰਾਕੇਸ ਗਾਂਧੀ, ਜਲੰਧਰ : ਥਾਣਾ ਰਾਮਾ ਮੰਡੀ ਪੁਲਸ ਨੇ ਮਸਾਜ ਪਾਰਲਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੋਂ ਕਾਬੂ ਕੀਤੇ ਗਏ ਮੈਨੇਜਰ ਤੇ ਤਿੰਨ ਗਾਹਕਾਂ ਨੂੰ ਜੇਲ੍ਹ ਭੇਜ ਦਿੱਤਾ ਹੈ, ਜਦਕਿ ਕਾਬੂ ਕੀਤੀਆਂ ਗਈਆਂ ਚਾਰੇ ਕੁੜੀਆਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਨੂੰ ਰਾਤ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਚੱਲ ਰਹੇ ਗ੍ਰੈਂਡ ਬਿਊਟੀ ਸੈਲੂਨ ਸੈਂਟਰ 'ਤੇ ਛਾਪਾਮਾਰੀ ਕਰਕੇ ਉੱਥੋਂ ਇਤਰਾਜ਼ਯੋਗ ਹਾਲਤ 'ਚ ਚਾਰ ਕੁੜੀਆਂ ਤੇ ਤਿੰਨ ਗਾਹਕਾਂ ਨੂੰ ਗਿ੍ਫਤਾਰ ਕੀਤਾ ਸੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸੈਲੂਨ ਦੇ ਮੈਨੇਜਰ ਨੂੰ ਵੀ ਕਾਬੂ ਕੀਤਾ ਗਿਆ ਸੀ। ਪੁਲਿਸ ਨੇ ਗਿ੍ਫਤਾਰ ਕੀਤੇ ਗਏ ਸੁਰਿੰਦਰ ਕੁਮਾਰ ਵਾਸੀ ਹਮੀਰਪੁਰ, ਬਲਬੀਰ ਕੁਮਾਰ ਵਾਸੀ ਬੇਅੰਤ ਨਗਰ ਜਲੰਧਰ, ਸਵਿਮ ਵਾਸੀ ਜੋਧਪੁਰ' ਦੀਪਕ ਪੁਰੀ ਵਾਸੀ ਬਾਬਾ ਬੁੱਢਾ ਜੀ ਨਗਰ ਜਲੰਧਰ ਤੇ ਚਾਰ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਅੱਜ ਸਭ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਵੱਲੋਂ ਸੁਰਿੰਦਰ ਕੁਮਾਰ, ਬਲਬੀਰ ਕੁਮਾਰ, ਸਵਿਮ ਤੇ ਦੀਪਕ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ, ਜਦਕਿ ਚਾਰਾਂ ਕੁੜੀਆਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ ।

ਕਈ ਮਸਾਜ ਪਾਰਲਰ ਰਹੇ ਬੰਦ

ਪੁਲਿਸ ਵੱਲੋਂ ਗ੍ਰੈਂਡ ਬਿਊਟੀ ਸੈਲੂਨ ਸੈਂਟਰ 'ਤੇ ਬੀਤੇ ਦਿਨੀਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਅੱਜ ਸ਼ਹਿਰ 'ਚ ਚੱਲ ਰਹੇ ਕਈ ਮਸਾਜ ਪਾਰਲਰ ਬੰਦ ਰਹੇ। ਥਾਣਾ ਨੰਬਰ ਸੱਥ ਦੀ ਹੱਦ 'ਚ ਪੈਂਦੇ ਪੀਪੀਆਰ ਮਾਲ ਤਾਜ ਹੋਟਲ ਦੇ ਸਾਹਮਣੇ ਤੇ ਅਰਬਨ ਸਟੇਟ ਇਲਾਕੇ 'ਚ ਖੁੱਲ੍ਹੇ ਕਈ ਮਸਾਜ ਪਾਰਲਰ ਬੰਦ ਰਹੇ, ਜਦਕਿ ਜਿਹੜੇ ਮਸਾਜ ਪਾਰਲਰ ਅੱਜ ਖੁੱਲ੍ਹੇ ਸਨ, ਉਨ੍ਹਾਂ 'ਤੇ ਵੀ ਗਾਹਕ ਬਹੁਤ ਘੱਟ ਗਿਣਤੀ ਵਿੱਚ ਪਹੁੰਚੇ ।

ਲੱਗੀਆਂ ਆਗੂਆਂ ਦੀਆਂ ਤਸਵੀਰਾਂ

ਅਰਬਨ ਸਟੇਟ ਇਲਾਕੇ 'ਚ ਖੁੱਲ੍ਹੇ ਕੁਝ ਮਸਾਜ ਪਾਰਲਰਾਂ ਦੇ ਮਾਲਕਾਂ ਨੇ ਮਸਾਜ ਪਾਰਲਰਾਂ ਦੇ ਕਾਊਂਟਰ 'ਤੇ ਕਈ ਮੁਹੱਲਾ ਟਾਇਪ ਆਗੂਆਂ ਨਾਲ ਆਪਣੀਆਂ ਫੋਟੋਆਂ ਖਿਚਾ ਕੇ ਲਾਈਆਂ ਹੋਈਆਂ ਹਨ। ਮਸਾਜ ਪਾਰਲਰ 'ਤੇ ਸੇਵਾਵਾਂ ਲੈਣ ਲਈ ਆਉਣ ਵਾਲੇ ਗਾਹਕਾਂ 'ਤੇ ਰੋਹਬ ਪਾਉਣ ਲਈ ਇਨ੍ਹਾਂ ਤਸਵੀਰਾਂ ਦਾ ਵੀ ਸਹਾਰਾ ਲੈਂਦੇ ਹਨ। ਕਈ ਮਸਾਜ ਪਾਰਲਰ ਵਾਲੇ ਤਾਂ ਗਾਹਕਾਂ ਨੂੰ ਇੱਥੋਂ ਤੱਕ ਗਾਰੰਟੀ ਦਿੰਦੇ ਹਨ ਕਿ ਉਨ੍ਹਾਂ ਦੀ ਸੈਟਿੰਗ ਬਹੁਤ 'ਤੇ ਤੱਕ ਹੈ। ਇਸੇ ਤਰ੍ਹਾਂ ਪੀਪੀਆਰ ਮਾਲ ਦੀ ਦੂਜੀ ਮੰਜ਼ਿਲ 'ਤੇ ਖੁੱਲ੍ਹੇ ਮਸਾਜ ਪਾਰਲਰ 'ਚ ਬੈਠਾ ਵਿਅਕਤੀ ਹੀ ਆਪਣੇ ਆਪ ਨੂੰ ਬਹੁਤ ਪਹੁੰਚ ਵਾਲਾ ਆਗੂ ਦੱਸਦਾ ਹੈ।