ਰਾਕੇਸ਼ ਗਾਂਧੀ, ਜਲੰਧਰ : ਜਲੰਧਰ-ਨਕੋਦਰ ਰੋਡ 'ਤੇ ਸਥਿਤ ਪਿੰਡ ਪ੍ਰਤਾਪਪੁਰਾ ਨੇੜੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਾਸਾਰ ਸਪਲੈਂਡਰ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ ਨੂੰ ਨਕੋਦਰ ਤੋਂ ਜਲੰਧਰ ਆ ਰਹੀ ਇਕ ਤੇਜ਼ ਰਫਤਾਰ ਸਕਾਰਪੀਓ ਨੇ ਪਿੰਡ ਪ੍ਰਤਾਪਪੁਰਾ ਨੇੜੇ ਟੱਕਰ ਮਾਰ ਦਿੱਤੀ। ਹਾਦਸੇ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਿਸ ਨੇ ਸਕਾਰਪੀਓ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ ।

ਜਾਣਕਾਰੀ ਅਨੁਸਾਰ ਚਾਹਤ ਪੁੱਤਰ ਮਹਿੰਦਰ ਪਾਲ ਵਾਸੀ ਗਾਜੀਪੁਰ ਸੁਲਤਾਨਪੁਰ ਆਪਣੇ ਦੋਸਤ ਪੰਕਜ ਵਾਸੀ ਨਕੋਦਰ ਨਾਲ ਸਪਲੈਂਡਰ ਮੋਟਰਸਾਈਕਲ 'ਤੇ ਜਲੰਧਰ ਤੋਂ ਨਕੋਦਰ ਸਹੁਰੇ ਘਰ ਜਾ ਰਿਹਾ ਸੀ। ਉਹ ਪ੍ਰਤਾਪਪੁਰਾ ਨੇੜੇ ਪਹੁੰਚੇ ਤਾਂ ਨਕੋਦਰ ਸਾਈਡ ਤੋਂ ਆ ਰਹੀ ਇਕ ਤੇਜ਼ ਰਫਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਹ ਦੋਵੇਂ ਹੇਠਾਂ ਡਿਗ ਪਏ ਤੇ ਚਾਹਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਾਂਬੜਾ ਦੇ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਮੌਕੇ 'ਤੇ ਪਹੁੰਚੇ ਤੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਦਕਿ ਗੰਭੀਰ ਰੂਪ 'ਚ ਜ਼ਖ਼ਮੀ ਪੰਕਜ ਨੂੰ ਲਾਗੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਨੇ ਸਕਾਰਪੀਓ ਦੇ ਡਰਾਈਵਰ ਅਵਤਾਰ ਸਿੰਘ ਵਾਸੀ ਬਿਆਸ ਪਿੰਡ ਨੂੰ ਕਾਬੂ ਕਰ ਲਿਆ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ।