ਜਾਂਚ ਜਾਰੀ

ਛਾਪੇਮਾਰੀ ਦੌਰਾਨ ਸੱਟੇਬਾਜ਼ ਗਿ੍ਫਤਾਰ, ਨਕਦੀ ਬਰਾਮਦ

ਪੁਲਿਸ ਨੇ ਮਾਮਲੇ ਦਰਜ ਕਰਕੇ ਆਰੰਭ ਕੀਤੀ ਪੁੱਛਗਿੱਛ

ਸੀਟੀਪੀ 26 -ਪੁਲਿਸ ਹਿਰਾਸਤ 'ਚ ਸੱਟੇਬਾਜ਼ ਤੇ ਠੱਗੀ ਦੇ ਦੋਸ਼ 'ਚ ਕਾਬੂ ਮੁਲਜ਼ਮ।(ਸੋਨੂੰ ਸ਼ਰਮਾ)

ਰਾਕੇਸ਼ ਗਾਂਧੀ, ਜਲੰਧਰ : ਸਪੈਸ਼ਲ ਆਪ੍ਰਰੇਸ਼ਨ ਯੂਨਿਟ ਦੀ ਪੁਲਿਸ ਨੇ ਏਟੀਐੱਮ ਬੂਥਾਂ 'ਚ ਲੋਕਾਂ ਨੂੰ ਝਾਂਸਾ ਦੇ ਕੇ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਇਕ ਠੱਗ ਤੇ ਤੇ ਇਕ ਸੱਟੇਬਾਜ਼ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਮੋਹਨ ਸਿੰਘ ਨੇ ਵਰਕਸਾਪ ਚੌਕ ਲਾਗੇ ਪੈਂਦੇ ਐੱਚਡੀਐੱਫਸੀ ਏਟੀਐੱਮ ਕੋਲੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਜਦੋਂ ਉਹ ਏਟੀਐੱਮ 'ਚ ਗਏ ਨੌਜਵਾਨ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਗਿਆ ਸੀ। ਉਕਤ ਨੌਜਵਾਨ ਪਛਾਣ ਅਬਰੀਸ ਕੁਮਾਰ ਵਾਸੀ ਨਿਊ ਗਾਂਧੀ ਨਗਰ ਵਜੋਂ ਹੋਈ ਹੈ। ਉਸ ਕੋਲੋਂ 1030 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਮਾਨ ਸਿੰਘ ਉਰਫ ਨਿੱਕਾ ਵਾਸੀ ਨਿਊ ਗਾਂਧੀ ਨਗਰ ਤੇ ਦੀਪਕ ਵਾਸੀ ਹਰਦਿਆਲ ਨਗਰ ਨਾਲ ਮਿਲ ਕੇ ਏਟੀਐਮ 'ਚੋਂ ਪੈਸੇ ਕਢਵਾਉਣ ਆਏ ਲੋਕਾਂ ਦੇ ਧੋਖੇ ਨਾਲ ਕਾਰਡ ਬਦਲ ਕੇ ਖਾਤਿਆਂ 'ਚੋਂ ਰੁਪਏ ਕਢਵਾਉਣ ਦੀਆਂ ਵਾਰਦਾਤਾਂ ਕਰਦਾ ਹੈ। ਹੁਣ ਤੱਕ ਉਹ ਅਜਿਹੀਆਂ ਚਾਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਨੇ ਤਿੰਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਦੀ ਤਲਾਸ਼ ਵਿਚ ਛਾਪਾਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ।

ਇਸੇ ਤਰ੍ਹਾਂ ਏਐੱਸਆਈ ਬਲਦੇਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਗੋ ਕੈਂਪ ਅੱਡੇ ਲਾਗੇ ਇਕ ਦੁਕਾਨ ਵਿੱਚ ਦੜੇ ਸੱਟੇ ਦਾ ਕੰਮ ਸ਼ਰੇਆਮ ਚੱਲ ਰਿਹਾ ਹੈ। ਇਸ 'ਤੇ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦੇ ਹੋਏ ਉਸ ਦੁਕਾਨ ਤੋਂ ਸਲਾਮਤ ਵਾਸੀ ਤਲਵੰਡੀ ੂਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਅਬਾਦਪੁਰਾ ਨੂੰ ਕਾਬੂ ਕਰਕੇ ਉਸ ਕੋਲੋਂ 5230 ਰੁਪਏ ਦੀ ਨਕਦੀ, ਦੜੇ-ਸੱਟੇ ਦੀਆਂ ਪਰਚੀਆਂ, ਲੈਪਟਾਪ, ਪਿ੍ਰੰਟਰ ,ਕੀਪੈਡ ਤੇ ਚਾਰਜਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਸੱਟੇਬਾਜ਼ ਦਾ ਦੂਜਾ ਸਾਥੀ ਰਾਜਿੰਦਰ ਸਿੰਘ ਉਰਫ ਬਿੱਟੂ ਪ੍ਰਧਾਨ ਵਾਸੀ ਆਬਾਦਪੁਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਦੀ ਗਿ੍ਫਤਾਰੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।