ਸੀਟੀਪੀ18 ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ

ਮਦਨ ਭਾਰਦਵਾਜ, ਜਲੰਧਰ : ਸਰਕਾਰ ਨੇ ਗਊਸ਼ਾਲਾ ਲਈ ਸ਼ਹਿਰੀ ਕਮਰਸ਼ੀਅਲ ਜ਼ਮੀਨ ਵੇਚ ਕੇ ਪਿੰਡਾਂ 'ਚ ਸਸਤੀ ਤੇ ਖੁੱਲੀ ਜ਼ਮੀਨ ਖਰੀਦ ਕੇ ਉਥੇ ਗਊਸ਼ਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ ਅਤੇ ਇਸ ਸਬੰਧ ਵਿਚ ਨਗਰ ਨਿਗਮਾਂ ਵਲੋਂ ਵੀ ਸੁਝਾਅ ਮੰਗੇ ਗਏ ਹਨ। ਇਸ ਸਬੰਧ 'ਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਦੀਆਂ ਨਗਰ ਨਿਗਮਾਂ ਨੂੰ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵੱਡੀਆਂ ਗਊਸ਼ਾਲਾਵਾਂ ਦਾ ਹੋਣਾ ਲਾਜ਼ਮੀ ਹੈ ਕਿਉਂ ਕਿ ਇਸ ਸਮੇਂ ਜਿਹੜੀਆਂ ਗਊਸ਼ਾਲਾਵਾਂ ਸ਼ਹਿਰ 'ਚ ਚੱਲ ਰਹੀਆਂ ਹਨ, ਉਹ ਛੋਟੀਆਂ ਹੋ ਗਈਆਂ ਹਨ ਕਿਉਂਕਿ ਅਵਾਰਾ ਪਸ਼ੂਆਂ ਦੀ ਗਿਣਤੀ ਦਿਨੋੱ-ਦਿਨ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਹੁਣ ਵੱਡੀਆਂ ਗਊਸ਼ਾਲਾਵਾਂ ਬਣਾਉਣ ਦੀ ਜ਼ਰੂਰਤ ਹੈ। ਇਸ ਲਈ ਸ਼ਹਿਰਾਂ ਦੀ ਥਾਂ ਪਿੰਡਾਂ ਵਿਚ ਵਧੇਰੀਆਂ ਤੇ ਸਸਤੀਆਂ ਜ਼ਮੀਨਾਂ ਵੇਚ ਕੇ ਉਥੇ ਗਊਸ਼ਾਲਾਵਾਂ ਬਣਾਈਆਂ ਜਾਣ ਤਾਂ ਜੋ ਅਵਾਰਾ ਪਸ਼ੂਆਂ ਨੂੰ ਸੰਭਾਲਿਆ ਜਾ ਸਕੇ।

ਅਜਿਹਾ ਕਰਨ ਨਾਲ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਤੋਂ ਨਿਜਾਤ ਮਿਲੇਗੀ ਤੇ ਕੀਮਤੀ ਜਾਨਾਂ ਵੀ ਬਚਣਗੀਆਂ। ਇਸ ਦੇ ਨਾਲ ਹੀ ਸਥਾਨਕ ਸਰਕਾਰਾਂ ਵਿਭਾਗ ਨੇ ਵੱਖ-ਵੱਖ ਨਿਗਮਾਂ ਤੋਂ ਗਊਸ਼ਾਲਾਵਾਂ ਲਈ ਸੁਝਾਅ ਵੀ ਮੰਗੇ ਹਨ ਜਿਹੜੇ ਕਿ ਇਕ ਹਫਤੇ ਅੰਦਰ ਭੇਜਣ ਲਈ ਕਿਹਾ ਗਿਆ ਹੈ।

ਵਰਨਣਯੋਗ ਹੈ ਕਿ ਇਸ ਸਮੇਂ ਜਲੰਧਰ ਵਿਚ ਦੇਵੀ ਤਲਾਬ ਤੇ ਸਲੇਮਪੁਰ ਮੁਸਲਮਾਨਾਂ 'ਚ ਦੋ ਗਊਸ਼ਾਲਾਵਾਂ ਕੰਮ ਕਰ ਰਹੀਆਂ ਹਨ ਤੇ ਤੀਜੀ ਸ਼ਾਹਕੋਟ 'ਚ ਬਣ ਰਹੀ ਹੈ। ਜਿਹੜੀਆਂ ਗਊਸ਼ਾਲਾਵਾਂ ਸ਼ਹਿਰ 'ਚ ਹਨ, ਉਨ੍ਹਾਂ ਵਿਚ ਅਵਾਰਾ ਪਸ਼ੂਆਂ ਦੀ ਗਿਣਤੀ ਕਾਫੀ ਵੱਧ ਚੁਕੀ ਹੈ ਤੇ ਉਨ੍ਹਾਂ ਦੀ ਅਵਾਰਾ ਪਸ਼ੂ ਰੱਖਣ ਦੀ ਸਮੱਰਥਾ ਘਟ ਗਈ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਵਲੋਂ ਪਿੰਡਾਂ ਵਿਚ ਵਾਧੂ ਜ਼ਮੀਨਾਂ ਦੀ ਖਰੀਦ ਕਰਕੇ ਗਊਸ਼ਾਲਾਵਾਂ ਬਣਾਊਣ ਦਾ ਸੁਝਾਅ ਦਿੱਤਾ ਗਿਆ ਹੈ।

ਸਰਕਾਰ ਨੂੰ ਸੁਝਾਅ ਭੇਜਾਂਗੇ : ਹਰਚਰਨ ਸਿੰਘ

ਇਸ ਸਬੰਧ ਵਿਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਉਕਤ ਸਰਕੂਲਰ ਦਾ ਜਾਇਜ਼ਾ ਲੈ ਰਹੇ ਹਨ ਤੇ ਛੇਤੀ ਹੀ ਉਹ ਸਰਕਾਰ ਨੂੰ ਆਪਣੇ ਸੁਝਾਅ ਵੀ ਭੇਜਣਗੇ। ਉਨ੍ਹਾਂ ਨੇ ਸਰਕਾਰ ਵਲੋਂ ਆਏ ਉਕਤ ਸਰਕੂਲਰ ਦੀ ਪੁਸ਼ਟੀ ਵੀ ਕੀਤੀ ਹੈ।