ਸੀਟੀਪੀ 5 - ਨਾਜਾਇਜ਼ ਸ਼ਰਾਬ ਤੇ ਮੁਲਜ਼ਮਾਂ ਦੇ ਨਾਲ ਏਡੀਸੀਪੀ ਸੁਡਰਵਿਜ਼ੀ, ਏਸੀਪੀ ਹਰਸਿਮਰਤ ਸਿੰਘ ਤੇ ਇੰਸਪੈਕਟਰ ਸੁਲੱਖਣ ਸਿੰਘ।(ਸੋਨੂੰ ਸ਼ਰਮਾ)

ਰਾਕੇਸ਼ ਗਾਂਧੀ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੁੱਚੀ ਪਿੰਡ ਵਿਚ ਇੱਕ ਗੋਦਾਮ 'ਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਦੀ ਖੇਪ ਬਰਾਮਦ ਕਰਕੇ ਦੋ ਤਸਕਰਾਂ ਨੂੰ ਕਾਬੂ ਕਰ ਲਿਆ, ਜਦਕਿ ਮੁੱਖ ਸਮੱਗਲਰ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸੁਦਰਵਿਜੀ ਤੇ ਏਸੀਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਠਾਨਕੋਟ ਚੌਕ ਲਾਗੇ ਨਾਕਾਬੰਦੀ ਕੀਤੀ ਹੋਈ ਸੀ। ਇਸ ਮੌਕੇ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਅਰਵਿੰਦਰ ਸਿੰਘ ਵਾਸੀ ਅਮਨ ਨਗਰ ਨੇ ਸੁੱਚੀ ਪਿੰਡ ਸਰਵਿਸ ਰੋਡ ਜੇ ਕੇ ਢਾਬੇ ਲਾਗੇ ਇੱਕ ਗੋਦਾਮ ਬਣਾਇਆ ਹੋਇਆ ਹੈ ਜਿਸ ਵਿੱਚ ਚੰਡੀਗੜ੍ਹ ਦੀ ਨਾਜਾਇਜ਼ ਸ਼ਰਾਬ ਸਟੋਰ ਕੀਤੀ ਹੋਈ ਹੈ। ਜਿਸ ਤੇ ਏਐੱਸਆਈ ਬਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਥਾਂ ਤੇ ਛਾਪਾਮਾਰੀ ਕੀਤੀ ਤਾਂ ਪੁਲਿਸ ਪਾਰਟੀ ਦੇਖ ਕੇ ਸ਼ਰਾਬ ਦੇ ਸਮੱਗਲਰ ਉੱਥੋਂ ਭੱਜ ਪਏ। ਪੁਲਿਸ ਪਾਰਟੀ ਨੇ ਪਿੱਛਾ ਕਰਕੇ ਦੋ ਸਮੱਗਲਰਾਂ ਰਾਕੇਸ ਕਾਲੀਆ ਅਤੇ ਪਵਨ ਭਾਰਦੁਆਜ ਦੋਵੇਂ ਵਾਸੀ ਅਮਨ ਨਗਰ ਨੂੰ ਗਿ੍ਫਤਾਰ ਕਰ ਲਿਆ ਜਦਕਿ ਅਰਵਿੰਦਰ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਪਾਰਟੀ ਨੇ ਜਦ ਗੋਦਾਮ ਦੀ ਤਲਾਸ਼ੀ ਲਈ ਤਾਂ ਗੋਦਾਮ ਵਿੱਚੋਂ 215 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।

ਰਾਕੇਸ਼ ਤੇ ਪਵਨ ਹਨ ਅਰਵਿੰਦਰ ਦੇ ਕਰਿੰਦੇ

ਮੁੱਢਲੀ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗੋਦਾਮ ਅਰਵਿੰਦਰ ਸਿੰਘ ਨੇ ਕਿਰਾਏ 'ਤੇ ਲਿਆ ਹੋਇਆ ਹੈ ਤੇ ਰਾਕੇਸ਼ ਤੇ ਪਵਨ ਉਸ ਕੋਲ ਕੰਮ ਕਰਦੇ ਹਨ। ਅਰਵਿੰਦਰ ਸਿੰਘ ਦੋਵਾਂ ਨੂੰ ਦਸ-ਦਸ ਹਜ਼ਾਰ ਰੁਪਏ ਮਹੀਨਾ ਤਨਖਾਹ ਦਿੰਦਾ ਹੈ, ਜਿਸ ਲਈ ਉਹ ਗਾਹਕਾਂ ਨੂੰ ਨਾਜਾਇਜ਼ ਸ਼ਰਾਬ ਸਪਲਾਈ ਕਰਦੇ ਹਨ। ਡੀਸੀਪੀ ਸੁਡਰਵਿਜ਼ੀ ਨੇ ਦੱਸਿਆ ਕਿ ਦੋਵਾਂ ਦੇ ਖਿਲਾਫ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ।