ਲੱਗਾ ਜਾਮ

ਸੀਟੀਪੀ 22 : ਰੋਸ ਧਰਨੇ 'ਤੇ ਬੈਠੇ ਹੋਏ ਮਿ੍ਤਕ ਨੌਜਵਾਨ ਦੇ ਵਾਰਸ।

ਸੀਟੀਪੀ 22ਏ : ਪ੍ਰਦਰਸ਼ਨ ਦੌਰਾਨ ਲੱਗੇ ਲੰਮੇ ਜਾਮ 'ਚ ਫਸੇ ਵਾਹਨ।

ਸੀਟੀਪੀ 22ਬੀ - ਪ੍ਰਦਰਸ਼ਨਕਾਰੀਆਂ ਦੀ ਗੱਲਬਾਤ ਸੁਣਦੇ ਹੋਏ ਏਸੀਪੀ ਜਸਬਿੰਦਰ ਖਹਿਰਾ।

ਅਮਰਜੀਤ ਸਿੰਘ ਵੇਹਗਲ, ਜਲੰਧਰ : ਡੀਏਵੀ ਕਾਲਜ ਦੇ ਪੁਲ਼ 'ਤੇ 6 ਅਕਤੂਬਰ ਨੂੰ ਦੇਰ ਰਾਤ ਮਾਰਕੁੱਟ ਕਰਨ 'ਤੇ ਜ਼ਖ਼ਮੀ ਹੋਏ ਦੋ ਮੋਟਰਸਾਈਕਲ ਸਵਾਰਾਂ 'ਚੋਂ ਇਕ ਦੀ ਇਲਾਜ ਦੌਰਾਨ 6 ਦਿਨ ਬਾਅਦ ਮੌਤ ਹੋਣ ਉਪਰੰਤ ਮਿ੍ਤਕ ਨੌਜਵਾਨ ਦੇ ਵਾਰਸਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਅੱਜ ਪੀੜਤ ਪਰਿਵਾਰ ਨੇ ਮਕਸੂਦਾਂ ਚੌਕ 'ਚ ਰੋਸ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ।

ਇਸ ਮੌਕੇ ਮਿ੍ਤਕ ਨੌਜਵਾਨ ਦੇ ਵਾਰਸਾਂ ਨੇ ਪੁਲਿਸ 'ਤੇ ਦੋਸ਼ ਲਾਏ ਕਿ ਪੁਲਿਸ ਮਾਰਕੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਿਢੱਲ ਵਰਤ ਰਹੀ ਹੈ। ਮਿ੍ਤਕ ਦੇ ਵਾਰਸਾਂ ਵੱਲੋਂ ਮਕਸੂਦਾਂ ਚੌਕ 'ਚ ਚਾਰੇ ਪਾਸੇ ਜਾਮ ਲਾ ਕੇ ਕਰੀਬ ਡੇਢ ਘੰਟਾ ਆਵਾਜਾਈ ਰੋਕੀ ਰੱਖੀ।

ਇਸ ਦੌਰਾਨ ਐਂਬੂਲੈਂਸ ਤੇ ਫਾਇਰ ਬਿ੍ਗੇਡ ਦੇ ਵਾਹਨਾਂ ਨੂੰ ਵੀ ਜਾਮ 'ਚੋਂ ਲੰਘਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਏਸੀਪੀ (ਉੱਤਰੀ) ਗੁਰਬਿੰਦਰ ਖਹਿਰਾ, ਥਾਣਾ ਮੁਖੀ ਸੁਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਮਕਸੂਦਾਂ ਚੌਕ ਪੁੱਜੇ। ਇਸ ਮੌਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਜਦੋਂ ਤਕ ਪੁਲਸ ਹਤਿਆਰਿਆਂ ਨੂੰ ਕਾਬੂ ਨਹੀਂ ਕਰਦੀ, ਉਹ ਉਸ ਵੇਲੇ ਤਕ ਮਿ੍ਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਦੌਰਾਨ ਏਸੀਪੀ ਗੁਰਵਿੰਦਰ ਖਹਿਰਾ ਵੱਲੋਂ ਤਿੰਨੇ ਮੁਲਜ਼ਮਾਂ 'ਤੇ ਮੁਕੱਦਮਾ ਦਰਜ ਕਰਨ ਦਾ ਭਰੋਸਾ ਦਿੱਤੇ ਜਾਣ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਹਟਾਇਆ ਗਿਆ।

ਜ਼ਿਕਰਯੋਗ ਹੈ ਕਿ ਮਿ੍ਤਕ ਨੌਜਵਾਨ ਮਨਪ੍ਰਰੀਤ ਸਿੰਘ ਦਾ ਆਪਣੇ ਦੋਸਤਾਂ ਨਾਲ ਵਿਵਾਦ ਹੋ ਗਿਆ ਸੀ। ਵਿਵਾਦ ਦੌਰਾਨ ਉਸ ਦੇ ਦੋਸਤਾਂ ਕਰਨ, ਮਨੀ ਤੇ ਗੋਪੀ ਆਦਿ ਨੇ ਮਨਪ੍ਰਰੀਤ ਸਿੰਘ ਤੇ ਉਸ ਦੇ ਮਾਮੇ ਦੇ ਪੁੱਤਰ ਯਾਦਵਿੰਦਰ ਸਿੰਘ ਨੂੰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਸੀ। ਇਸ ਦੌਰਾਨ ਮਨਪ੍ਰਰੀਤ ਸਿੰਘ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮਨਪ੍ਰਰੀਤ ਸਿੰਘ ਦੀ ਹਾਲਤ ਨਾਜੁਕ ਦੱਸਦੇ ਹੋਇਆਂ ਉਸ ਨੂੰ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।