ਸੀਟੀਪੀ12-ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ

ਮਦਨ ਭਾਰਦਵਾਜ, ਜਲੰਧਰ : ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਨਿਯੁਕਤੀ ਦੇ ਬਾਅਦ ਵੀ ਲੋਕਾਂ 'ਚ ਟਰੱਸਟ ਪ੍ਰਤੀ ਬੇਵਸਾਹੀ ਦੀ ਭਾਵਨਾ ਹੈ ਤੇ ਨਾ ਹੀ ਸ਼ਹਿਰ ਵਾਸੀ ਨਿਲਾਮੀ ਦੌਰਾਨ ਟਰੱਸਟ ਦੀਆਂ ਜਾਇਦਾਦਾਂ ਖਰੀਦਣ ਦਾ ਹੌਸਲਾ ਨਹੀਂ ਜੁਟਾ ਪਾ ਰਹੇ ਹਨ। ਉਧਰ ਟਰੱਸਟ ਦੇ ਚੇਅਰਮੈਨ ਨੇ ਆਪਣੇ ਥੋੜੇ੍ਹ ਸਮੇਂ ਦੇ ਕਾਰਜਕਾਲ ਦੌਰਾਨ 27 ਥਾਵਾਂ ਦੀ ਨਿਲਾਮੀ ਕੀਤੀ, ਜਿਸ 'ਚ ਟਰੱਸਟ ਨੇ ਲੱਗਪੱਗ 9 ਕਰੋੜ ਰੁਪਏ ਦੀ ਵਸੂਲੀ ਵੀ ਕੀਤੀ ਹੈ।

ਦੱਸਣਾ ਬਣਦਾ ਹੈ ਕਿ ਚੇਅਰਮੈਨ ਵਜੋਂ ਦਲਜੀਤ ਸਿੰਘ ਆਹਲੂਵਾਲੀਆ ਨੂੰ ਚਾਰਜ ਸੰਭਾਲਿਆ ਲੱਗਪੱਗ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੈ ਤੇ ਉਹ ਲਗਾਤਾਰ ਆਰਥਿਕ ਸੰਕਟ ਦਾ ਸ਼ਿਕਾਰ ਇੰਪਰੂਵਮੈਂਟ ਟਰੱਸਟ ਦੇ ਕਰਜ਼ਿਆਂ ਨੂੰ ਖਤਮ ਕਰਨ ਤੇ ਉਨ੍ਹਾਂ ਦੀਆਂ ਕਿਸ਼ਤਾਂ ਦਾ ਹੀ ਪ੍ਰਬੰਧ ਕਰਨ 'ਚ ਲੱਗੇ ਹੋਏ ਹਨ। ਇਸ ਕਾਰਨ ਟਰੱਸਟ ਦੇ ਸਟਾਫ ਨੂੰ ਤਨਖਾਹ ਵੀ ਹਫਤਾ 10 ਦਿਨ ਦੇਰੀ ਨਾਲ ਹੀ ਮਿਲ ਰਹੀ ਹੈ।

ਚੇਅਰਮੈਨ ਆਹਲੂਵਾਲੀਆ ਵਲੋਂ ਅਹੁਦਾ ਸੰਭਾਲਣ ਦੇ ਬਾਅਦ ਇਕ ਵਾਰ ਨਿਲਾਮੀ ਕਰਾ ਕੇ ਲੱਗਪੱਗ 9 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਸੀ, ਪਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਚੇਅਰਮੈਨ ਟਰੱਸਟ ਦੀ ਹੋਰ ਕੋਈ ਵੀ ਜਾਇਦਾਦ ਨੀਲਾਮ ਨਹੀਂ ਕਰ ਸਕੇ। ਟਰੱਸਟ ਪ੍ਰਤੀ ਲੋਕਾਂ 'ਚ ਭਰੋਸੇ ਦੀ ਭਾਵਨਾ ਪੈਦਾ ਕਰਨ ਲਈ ਚੇਅਰਮੈਨ ਵੱਲੋਂ ਲੋਕਾਂ ਦੇ ਕੰਮ ਤੇਜ਼ੀ ਨਾਲ ਕੀਤੇ ਤੇ ਉਨ੍ਹਾਂ ਦੀਆਂ ਕਿਸ਼ਤਾਂ ਜਮ੍ਹਾ ਕਰਾਈਆਂ ਤੇ ਲੋਕਾਂ ਨੂੰ ਭਰੋਸਾ ਵੀ ਦਿੱਤਾ ਕਿ ਜਿਹੜੀ ਉਹ ਰਕਮ ਜਮ੍ਹਾ ਕਰਾਉਣਗੇ, ਉਹ ਉਸੇ ਸਕੀਮ ਅੰਦਰ ਉਥੇ ਵਿਕਾਸ ਕੰਮ ਵੀ ਕਰਾਉਣਗੇ।

ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਕਿਸ਼ਤਾਂ ਜਮ੍ਹਾ ਕਰਾਉਣ ਦੇ ਬਾਵਜੂਦ ਕਿਸੇ ਵੀ ਸਕੀਮ ਵਿਚ ਵਿਕਾਸ ਕੰਮ ਸ਼ੁਰੂ ਨਹੀਂ ਹੋ ਸਕੇ। ਉਧਰ ਚੇਅਰਮੈਨ ਨੇ ਦਾਅਵਾ ਕੀਤਾ ਹੈ ਕਿ 2 ਦਿਨਾਂ 'ਚ ਹਰ ਫਾਈਲ ਦਾ ਕੰਮ ਮੁਕੰਮਲ ਕਰਕੇ ਸਬੰਧੰਤ ਵਿਅਕਤੀ ਦੇ ਹਵਾਲੇ ਕੀਤਾ ਜਾਵੇਗਾ, ਪਰ ਫਿਰ ਵੀ ਲੋਕਾਂ ਨੂੰ ਵਿਸ਼ਵਾਸ ਪੈਦਾ ਨਹੀਂ ਹੋ ਰਿਹਾ। ਇਸੇ ਲਈ ਚੇਅਰਮੈਨ ਨੇ ਆਪਣਾ ਪੀਏ ਬਦਲ ਕੇ ਅਜੇ ਮਲਹੋਤਰਾ ਨੂੰ ਲਗਾਇਆ ਹੈ ਤੇ ਉਸ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਫਾਈਲ ਨੂੰ ਨਜ਼ਰ0ਅੰਦਾਜ਼ ਨਾ ਕਰੇ ਤੇ ਤੁਰੰਤ ਉਨ੍ਹਾਂ ਦੇ ਨੋਟਿਸ 'ਚ ਲਿਆਏ।

ਇਨਹਾਂਸਮੈਂਟ ਕਾਰਨ ਨਹੀਂ ਵਿਕਦੀ ਜਾਇਦਾਦ

ਇੰਪਰੂਵਮੈਂਟ ਟਰੱਸਟ ਵਲੋਂ ਹੁਣ ਤਕ ਜਿਹੜੀਆਂ ਵੀ ਸਕੀਮਾਂ ਅਧੀਨ ਜਾਇਦਾਦਾਂ ਵੇਚੀਆਂ ਤੇ ਬਾਅਦ ਵਿਚ ਉਨ੍ਹਾਂ ਦੇ ਰੇਟ ਵਧ ਜਾਣ ਕਾਰਨ ਅਲਾਟੀਆਂ ਨੂੰ ਇਨਹਾਂਸਮੈਂਟ ਦੀ ਰਕਮ ਜਮ੍ਹਾ ਕਰਨ ਲਈ ਨੋਟਿਸ ਜਾਰੀ ਕਰਨੇ ਪਏ, ਪਰ ਇਸੇ ਕਾਰਨ ਹੀ ਲੋਕ ਹੁਣ ਟਰੱਸਟ ਦੀ ਜਾਇਦਾਦ ਖਰੀਦਣ ਲਈ ਤਿਆਰ ਨਹੀਂ ਹੋ ਰਹੇ। ਲੋਕ ਜਾਇਦਾਦ ਖਰੀਦ ਕੇ ਇਨਹਾਂਸਮੈਂਟ ਦੇ ਨੋਟਿਸਾਂ 'ਚ ਉਲਝਣਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਹੀ ਸੂਰਿਆ ਇਨਕਲੇਵ ਦੇ ਉਨ੍ਹਾਂ ਕਿਸਾਨਾਂ ਨੇ ਵੀ ਟਰੱਸਟ 'ਤੇ ਸੁਪਰੀਮ ਕੋਰਟ 'ਚ ਕੇਸ ਕੀਤਾ ਹੋਇਆ ਹੈ। ਉਕਤ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਟਰੱਸਟ ਉਨ੍ਹਾਂ ਦੀ ਖਰੀਦੀ ਜ਼ਮੀਨ 'ਤੇ ਅਲਾਟੀਆਂ ਤੋਂ ਇਨਹਾਂਸਮੈਂਟ ਦੀ ਵਸੂਲੀ ਕਰ ਸਕਦਾ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ। ਉਹ ਸੁਪਰੀਮ ਕੋਰਟ 'ਚ ਕੇਸ ਜਿੱਤ ਕੇ ਟਰੱਸਟ ਤੋਂ ਇਨਹਾਂਸਮੈਂਟ ਦੀ ਵਸੂਲੀ ਕਰ ਰਹੇ ਹਨ ਤੇ ਟਰੱਸਟ ਹੁਣ ਵੀ ਉਨ੍ਹਾਂ ਨੂੰ 9 ਕਰੋੜ ਰੁਪਏ ਦੀ ਅਦਾਇਗੀ ਸੁਪਰੀਮ ਕੋਰਟ 'ਚ ਕਰਨ ਵਾਲਾ ਹੈ।

ਲੋਕ ਕਿਉਂ ਹੋਏ ਟਰੱਸਟ ਤੋਂ ਬੇਮੁਖ

ਸ਼ਹਿਰ ਵਾਸੀਆਾਂ 'ਚ ਇੰਪਰੂਵਮੈਂਟ ਟਰੱਸਟ ਪ੍ਰਤੀ ਉਸ ਸਮੇਂ ਬੇਵਸਾਹੀ ਦਾ ਮਾਹੌਲ ਪੈਦਾ ਹੋਇਆ ਜਦੋਂ ਬੀਬੀ ਭਾਨੀ ਕੰਪਲੈਕਸ ਤੇ ਇੰਦਰਾਪੁਰਮ ਵਰਗੀਆਂ ਸਕੀਮਾਂ ਅਧੀਨ ਲੋਕਾਂ ਨੂੰ ਫਲੈਟਾਂ ਦੀਆਂ ਅਲਾਟਮੈਂਟਾਂ ਵਾਅਦੇ ਅਨੁਸਾਰ ਨਹੀਂ ਕੀਤੀਆਂ ਗਈਆਂ। ਲੋਕਾਂ ਨੂੰ ਟਰੱਸਟ ਪ੍ਰਸ਼ਾਸਨ ਵੱਲੋਂ ਪ੍ਰਰੇਸ਼ਾਨ ਕੀਤਾ ਜਾਂਦਾ ਰਿਹਾ ਜਦੋਂਕਿ ਲੋਕ ਆਪਣੀਆਂ ਰਕਮਾਂ ਵੀ ਜਮ੍ਹਾ ਕਰਾ ਚੁੱਕੇ ਸਨ। ਇਸੇ ਤਰ੍ਹਾਂ ਹੀ ਸੂਰਿਆ ਇਨਕਲੇਵ ਦੀ ਸਕੀਮ ਦਾ ਹਾਲ ਹੋਇਆ ਤੇ ਕੀਤੇ ਗਏ ਵਾਅਦੇ ਅਨੁਸਾਰ ਸਹੂਲਤਾਂ ਮੁਹੱਈਆ ਨਹੀਂ ਕਰਾਈਆਂ ਗਈਆਂ ਤੇ ਲੋਕ ਅਜੇ ਤਕ ਟਰੱਸਟ ਦੇ ਚੱਕਰ ਲਗਾ ਰਹੇ ਹਨ। ਭਾਵੇਂ ਇਹ ਸਕੀਮਾਂ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਹੁਦਾ ਸੰਭਾਲਣ ਤੋਂ ਪਹਿਲੇ ਦੀਆਂ ਹਨ, ਪਰ ਉਹ ਫਿਰ ਵੀ ਲੋਕਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ।

ਲੋਕ ਅਦਾਲਤ 'ਚ ਜਾਣ ਲਈ ਮਜਬੂਰ

ਭਾਵੇਂ 7 ਸਾਲ ਦੇ ਅਰਸੇ ਬਾਅਦ ਇੰਪਰਵੂਮੈਂਟ ਟਰੱਸਟ 'ਚ ਨਿਯਕਤੀ ਹੋਈ ਹੈ, ਪਰ ਪਿਛਲੇ 7 ਸਾਲਾਂ ' ਚ ਟਰੱਸਟ ਪ੍ਰਸ਼ਾਸਨ ਨੇ ਲੋਕਾਂ ਨੂੰ ਨਜ਼ਰ-ਅੰਦਾਜ਼ ਕਰਨ, ਉਨ੍ਹਾਂ ਦੀਆਂ ਸਕੀਮਾਂ ਦੀ ਕਿਸ਼ਤਾਂ ਦੀ ਰਕਮ ਜਮ੍ਹਾ ਨਾ ਕਰਨ 'ਤੇ ਭਾਰੀ ਜੁਰਮਾਨੇ ਪਾਏ, ਜਿਸ ਕਾਰਨ ਜਿੱਥੇ ਅਲਾਟੀਆਂ ਨੂੰ ਇੱਕਠੇ ਹੋਣ ਦਾ ਮੌਕਾ ਮਿਲ ਗਿਆ, ਉਥੇ ਉਨ੍ਹਾਂ ਅਦਾਲਤ ਵਿਚ ਜਾ ਕੇ ਨਿਆਂ ਲੈਣ ਦੇ ਵੀ ਯਤਨ ਕੀਤੇ।

ਇਸੇ ਕਾਰਨ ਹੀ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਦੇ ਅਲਾਟੀਆਂ ਨੇ ਜਾਇੰਟ ਐਕਸ਼ਨ ਕਮੇਟੀ ਬਣਾਈ ਤੇ ਉਹ ਕੰਜ਼ਿਊਮਰ ਕੋਰਟ ਤਕ ਪਹੁੰਚ ਕੀਤੀ। ਉਸ ਨੂੰ ਨਿਆਂ ਵੀ ਮਿਲਿਆ ਤੇ ਟਰੱਸਟ ਨੂੰ ਅਲਾਟੀਆਂ ਨੂੰ ਕਰੋੜਾਂ ਰੁਪਏ ਦੀ ਰਕਮ ਵਿਆਜ ਸਮੇਤ ਵਾਪਸ ਵੀ ਕਰਨੀ ਪਈ। ਹੁਣ ਜੁਆਇੰਟ ਐਕਸ਼ਨ ਕਮੇਟੀ ਟਰੱਸਟ ਵਿਰੁੱਧ 100 ਕੇਸ ਕਰਨ ਤਿਆਰੀ 'ਚ ਹੈ।

ਛੇਤੀ ਹੀ ਸ਼ੁਰੂ ਹੋਣਗੇ ਵਿਕਾਸ ਦੇ ਕੰਮ : ਚੇਅਰਮੈਨ

ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਕੀਤੇ ਗਏ ਵਾਅਦੇ ਅਨੁਸਾਰ ਟਰੱਸਟ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਵਿਕਾਸ ਦੇ ਕੰਮ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੈਂਡਰ ਲਗਾਏ ਗਏ ਸਨ ਪਰ ਕਿਸੇ ਨੇ ਟੈਂਡਰ ਨਹੀਂ ਭਰੇ। ਹੁਣ ਅਸੀਂ ਫਿਰ ਦੁਬਾਰਾ ਟੈਂਡਰ ਲਗਾਉਣ ਜਾ ਰਹੇ ਹਾਂ। ਆਸ ਹੈ ਕਿ ਠੇਕੇਦਾਰ ਟੈਂਡਰ ਭਰਨਗੇ ਤੇ ਵਿਕਾਸ ਕੰਮ ਛੇਤੀ ਸ਼ੁਰੂ ਹੋ ਜਾਣਗੇ।