ਜਤਿੰਦਰ ਪੰਮੀ, ਜਲੰਧਰ : ਐਤਵਾਰ ਨੂੰ ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਕੌਂਸਲਰ ਦੇ ਪਰਿਵਾਰ ਦੇ ਤਿੰਨ ਮੈਂਬਰ, ਨਗਰ ਨਿਗਮ ਦੇ ਦੋ ਅਧਿਕਾਰੀ ਤੇ ਮੁਲਾਜ਼ਮ ਤੇ ਸ਼ਾਹਕੋਟ 'ਚ ਯੂਕੋ ਬੈਂਕ ਦੇ ਮੁਲਾਜ਼ਮ ਸਮੇਤ 82 ਲੋਕ ਕੋਰੋਨਾ ਦੀ ਲਪੇਟ 'ਚ ਆ ਗਏ। ਇਨ੍ਹਾਂ 'ਚ 2 ਦੂਸਰੇ ਜ਼ਿਲਿ੍ਹਆਂ ਦੇ ਹਨ। 34 ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 3056 ਅਤੇ ਮਰਨ ਵਾਲਿਆਂ ਦੀ 77 ਤਕ ਪਹੁੰਚ ਗਈ ਹੈ। ਉੱਥੇ ਹੀ ਸਿਹਤ ਕੇਂਦਰਾਂ ਤੋਂ ਘਰ 'ਚ ਆਈਸੋਲੇਸ਼ਨ ਲਈ ਭੇਜੇ ਗਏ ਮਰੀਜ਼ਾਂ ਦਾ ਅੰਕੜਾ 2141 ਤਕ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਨਿਜੀ ਹਸਪਤਾਲ 'ਚ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 60 ਸਾਲਾ ਮਹਿਲਾ ਨੂੰ ਖਾਂਸੀ ਅਤੇ ਸਾਹ ਲੈਣ 'ਚ ਦਿੱਕਤ ਦੇ ਬਾਅਦ ਦਾਖਲ ਕਰਵਾਇਆ ਗਿਆ ਸੀ। ਜਾਂਚ 'ਚ ਉਸਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਸ਼ਨਿੱਚਰਵਾਰ ਦੇਰ ਰਾਤ ਉਸਦੀ ਤਬੀਅਤ ਵਿਗੜਨ ਦੇ ਬਾਅਦ ਉਸਦੀ ਮੌਤ ਹੋ ਗਈ। ਸਿਹਤ ਵਿਭਾਗ ਦੀ ਟੀਮ ਨੇ ਸਕੇ ਸਬੰਧੀਆਂ ਦੇ ਸਹਿਯੋਗ ਨਾਲ ਪੂਰੀ ਇਹਤਿਆਤ ਵਰਤਦਿਆਂ ਅੰਤਿਮ ਸੰਸਕਾਰ ਕਰਵਾਇਆ। ਮਿ੍ਤਕ ਨੂੰ ਸ਼ੂਗਰ ਤੇ ਬੀਪੀ ਦੀ ਬਿਮਾਰੀ ਸੀ। ਹਾਲਾਂਕਿ ਕੋਟ ਕਿਸ਼ਨ ਚੰਦ ਸ਼ਮਸ਼ਾਨਘਾਟ 'ਚ ਸਸਕਾਰ ਲਈ ਸਕੇ ਸਬੰਧੀਆਂ ਦੇ ਕੋਲ ਮਨਜ਼ੂਰੀ ਨਾ ਹੋਣ ਕਾਰਨ ਟਰਸਟ ਵੱਲੋਂ ਰੋਕਿਆ ਗਿਆ ਅਤੇ ਕਰੀਬ ਅੱਧੇ ਘੰਟੇ ਬਾਅਦ ਸਸਕਾਰ ਕਰਵਾਇਆ ਗਿਆ। ਉੱਥੇ ਹੀ ਨਿਜਾਤਮ ਨਗਰ 'ਚ ਰਹਿਣ ਵਾਲੀ 62 ਸਾਲਾ ਸੰਤ ਸਮਾਜ ਨਾਲ ਜੁੜੀ ਅੌਰਤ ਦੀ ਸ਼ਨਿੱਚਰਵਾਰ ਨੂੰ ਮੌਤ ਹੋ ਗਈ ਸੀ। ਐਤਵਾਰ ਨੂੰ ਉਸ ਦੇ ਸੈਂਪਲਾਂ ਦੀ ਜਾਂਚ ਰਿਪੋਰਟ 'ਚ ਪਾਜ਼ੇਟਿਵ ਪਾਈ ਗਈ। ਉੱਥੇ ਹੀ ਬਸਤੀ ਸ਼ੇਖ 'ਚ ਰਹਿਣ ਵਾਲੀ 35 ਸਾਲਾ ਨੌਜਵਾਨ ਦੀ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ 'ਚ ਮੌਤ ਹੋ ਗਈ। ਉਸ ਦੀ ਤਬੀਅਤ ਵਿਗੜਨ 'ਤੇ ਸਿਵਲ ਹਸਪਤਾਲ ਤੋਂ 5 ਅਗਸਤ ਨੂੰ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ 'ਚ ਰੈਫਰ ਕੀਤਾ ਗਿਆ ਸੀ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਨਗਰ ਨਿਗਮ ਦੇ ਡਿਪਟੀ ਕੰਟਰੋਲਰ ਆਫ ਫਾਈਨਾਂਸ ਐਂਡ ਅਕਾਊਂਟ, ਅਕਾਊਂਟ ਅਫਸਰ ਤੇ ਮੁਲਾਜ਼ਮ, ਸ਼ਾਹਕੋਟ 'ਚ ਯੂਕੋ ਬੈਂਕ ਦੇ ਮੁਲਾਜ਼ਮ, ਸਿਵਲ ਸਰਜਨ ਦਫਤਰ ਦੀ ਦਰਜਾ ਚਾਰ ਮੁਲਾਜ਼ਮ ਨੂੰ ਕੋਰੋਨਾ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਇਸਦੇ ਇਲਾਵਾ ਵਾਰਡ ਨੰਬਰ 68 ਦੇ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਦੇ ਭਰਾ-ਭਾਬੀ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਨੇ ਲਪੇਟ 'ਚ ਲੈ ਲਿਆ ਹੈ। ਸੰਗਤ ਸਿੰਘ ਨਗਰ 'ਚ ਪੰਜ ਅਤੇ ਸ਼ਾਹਕੋਟ ਦੇ ਚਾਰ ਲੋਕਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ 82 ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਅਤੇ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ 'ਚ 2 ਦੂਸਰੇ ਜ਼ਿਲਿ੍ਹਆਂ ਤੋਂ ਹਨ। 34 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 3056 ਤੇ ਮਰਨ ਵਾਲਿਆਂ ਦੀ 77 ਤਕ ਪਹੁੰਚ ਗਈ ਹੈ। ਉੱਥੇ ਹੀ ਸਿਹਤ ਕੇਂਦਰਾਂ ਤੋਂ ਘਰ 'ਚ ਆਈਸੋਲੇਸ਼ਨ ਲਈ ਭੇਜੇ ਗਏ ਮਰੀਜ਼ਾਂ ਦੀ ਗਿਣਤੀ 2141 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚ 50858 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਅਤੇ 46521 ਨੈਗੇਟਿਵ ਪਾਏ ਗਏ।

ਅੱਜ ਪਾਜ਼ੇਟਿਵ ਆਏ ਮਰੀਜ਼ਾਂ 'ਚ 4 ਬੱਚੇ, 34 ਅੌਰਤਾਂ ਅਤੇ 44 ਵਿਅਕਤੀ ਸ਼ਾਮਲ ਹਨ। ਕੋਰੋਨਾ ਦੀ ਲਪੇਟ 'ਚ ਆਏ 82 ਮਰੀਜ਼ਾਂ 'ਚੋਂ ਜ਼ਿਲ੍ਹੇ ਦੇ ਖਾਤੇ 'ਚ 79 ਜੋੜੇ ਗਏ ਹਨ। ਇਨ੍ਹਾਂ 'ਚ 48 ਸ਼ਹਿਰੀ ਅਤੇ 34 ਦਿਹਾਤੀ ਖੇਤਰਾਂ ਨਾਲ ਸਬੰਧਤ ਹਨ। 16 ਮਰੀਜ਼ ਪੁਰਾਣੇ ਮਰੀਜ਼ਾਂ ਦੇ ਸੰਪਰਕ 'ਚ ਹਨ ਜਦਕਿ 63 ਨਵੇਂ ਮਾਮਲੇ ਸਾਹਮਣੇ ਆਏ ਹਨ।

ਬਾਕਸ

ਪੁਰਾਣੇ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ 'ਚ ਅੱਜ ਤੋਂ ਸੇਰੋ ਸਰਵੇ

ਕੋਰੋਨਾ 'ਤੇ ਜਿੱਤ ਹਾਸਲ ਕਰ ਚੁੱਕੇ ਇਲਾਕਿਆਂ 'ਚ ਕੇਂਦਰ ਸਰਕਾਰ ਵੱਲੋਂ ਆਈਸੀਏਆਰ ਟੀਮ ਸੇਰੋ ਸਰਵੇ ਕਰੇਗਾ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਸੋਮਵਾਰ ਨੂੰ ਆਈਸੀਐੱਮਆਰ ਦੀਆਂ ਟੀਮਾਂ ਸ਼ਹਿਰ ਦੇ ਪੁਰਾਣੇ ਕੋਰੋਨਾ ਪੀੜਤ ਇਲਾਕਿਆਂ 'ਚ ਸਰਵੇ ਕਰੇਗੀ। ਆਈਸੀਐੱਮਆਰ ਦੇ ਡਾਕਟਰ ਅਲੋਕ ਕੁਮਾਰ ਦੀ ਅਗਵਾਈ 'ਚ ਆਈ ਟੀਮ ਦੇ ਸਰਵੇ ਨੂੰ ਲੈ ਕੇ ਡਾ. ਕਮਲ ਪਾਲ ਸਿੱਧੂ ਨੂੰ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ। ਟੀਮਾਂ ਪੁਰਾਣੀ ਸਬਜ਼ੀ ਮੰਡੀ, ਨੀਲਾ ਮਹਿਲ, ਢੰਨ ਮੁਹੱਲਾ ਤੇ ਸੈਦਾ ਗੇਟ ਸਮੇਤ ਦੂਸਰੇ ਪੁਰਾਣੇ ਕੋਰੋਨਾ ਪ੍ਰਭਾਵਿਤ ਇਲਾਕਿਆਂ 'ਚ ਸਰਵੇ ਕਰੇਗੀ। ਟੀਮ 250 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇਗੀ। ਜਾਂਚ 'ਚ ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਉਨ੍ਹਾਂ ਦੇ ਸਰੀਰ 'ਚ ਐਂਟੀ ਬਾਡੀ ਬਣਨ ਦੇ ਮਾਮਲੇ ਨੂੰ ਲੈ ਕੇ ਸੇਰੋ ਸਰਵੇ ਕੀਤਾ ਜਾ ਰਿਹਾ ਹੈ।

-- ਆਰਡੀਡੀਐੱਲ 'ਚ ਕੋਵਿਡ-19 ਟੈਸਟਿੰਗ ਲੈਬ ਦਾ ਉਦਘਾਟਨ ਅੱਜ

ਕੋਰੋਨਾ ਦੇ ਵੱਧਦੇ ਮਰੀਜ਼ਾਂ ਦੀ ਗਿਣਤੀ ਦੇ ਚਲਦਿਆਂ ਸੂਬਾ ਸਰਕਾਰ ਦੇ ਦੋਆਬਾ 'ਚ ਕੋਵਿਡ ਸੈਂਪਲਾਂ ਦੀ ਜਾਂਚ ਦੇ ਲਈ ਆਰਡੀਡੀਐੱਲ 'ਚ ਸਥਾਪਿਤ ਲੈਬ ਦਾ ਉਦਘਾਟਨ ਅੱਜ ਹੋਵੇਗਾ। ਆਰਡੀਡੀਐੱਲ ਦੇ ਜੁਆਇੰਟ ਡਾਇਰੈਕਟਰ ਡਾ. ਐੱਚਐੱਸ ਕਾਹਲੋਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਓਪੀ ਸੋਨੀ ਲੈਬ ਦਾ ਉਦਘਾਟਨ ਕਰਨਗੇ। ਕੋਵਿਡ ਸੈਂਪਲਾਂ ਦੀ ਜਾਂਚ ਲਈ ਲੈਬ ਬਾਬਾ ਫਰੀਦ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ। ਆਈਸੀਐੱਮਆਰ ਤੇ ਪੀਜੀਆਈ ਚੰਡੀਗੜ੍ਹ ਵੱਲੋਂ ਹਰੀ ਝੰਡੀ ਦੇਣ ਦੇ ਬਾਅਦ ਰੋਜ਼ਾਨਾ ਦੋ ਸ਼ਿਫਟਾਂ 'ਚ ਕਰੀਬ 50 ਸੈਂਪਲਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਮੰਤਰੀ ਓਪੀ ਸੋਨੀ ਮੁਹਾਲੀ, ਲੁਧਿਆਣਾ ਅਤੇ ਜਲੰਧਰ 'ਚ ਸਥਾਪਿਤ ਲੈਬਾਂ ਦਾ ਉਦਘਾਟਨ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਕੋਰੋਨਾ ਕਾਲ ਨੂੰ ਦੇਖਦੇ ਹੋਏ ਮੰਤਰੀ ਓਪੀ ਸੋਨੀ ਨੇ ਘੱਟ ਤੋਂ ਘੱਟ ਲੋਕਾਂ ਨੂੰ ਇਕੱਠੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।