ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੌਮੀ ਪਲਸ ਪੋਲੀਓ ਮੁਹਿੰਮ ਦੇ ਅੰਤਰਗਤ ਸਿਹਤ ਵਿਭਾਗ ਵੱਲੋਂ ਗਠਿਤ ਪੋਲੀਓ ਰੋਧਕ ਟੀਮਾਂ ਵੱਲੋਂ ਸੋਮਵਾਰ ਨੂੰ ਪੋਲੀਓ ਮੁਹਿੰਮ ਦੇ ਦੂਜੇ ਦਿਨ ਜ਼ਿਲ੍ਹੇ ਭਰ ਵਿਚ5 ਸਾਲ ਤਕ ਉਮਰ ਦੇ 81283 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। 19 ਜਨਵਰੀ ਨੂੰ ਸ਼ੁਰੂ ਹੋਈ ਇਸ ਤਿੰਨ ਦਿਨਾਂ ਮੁਹਿੰਮ ਦੌਰਾਨ ਜ਼ਿਲ੍ਹੇ ਵਿਚ 2,43,044 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।

ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਮੁਹਿੰਮ ਦੇ ਦੂਜੇ ਦਿਨ ਦੀ ਸਰਗਰਮੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਖੇਤਰ ਵਿਚ 42514 ਤੇ ਪੇਂਡੂ ਖੇਤਰ ਵਿੱਚ ਪੋਲੀਓ ਰੋਧਕ ਟੀਮਾਂ ਵੱਲੋਂ 38769 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਦੋ ਦਿਨਾਂ ਦੌਰਾਨ 1,70,616 ਬੱਚਿਆਂ ਨੂੰ ਦਵਾਈ ਪਿਲਾਈ ਜਾ ਚੁੱਕੀ ਹੈ ਤੇ ਨਿਰਧਾਰਿਤ ਟੀਚੇ ਦਾ 74 ਫ਼ੀਸਦੀ ਪ੍ਰਰਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਵੱਲੋਂ ਮੁਹਿੰਮ ਦੌਰਾਨ 2097 ਹਾਊਸ-ਟੂ-ਹਾਊਸ ਟੀਮਾਂ, 23 ਟਰਾਂਜਿਟ ਟੀਮਾਂ, 81 ਮੋਬਾਈਲ ਟੀਮਾਂ ਲਗਾਈਆਂ ਗਈਆਂ ਹਨ। ਮੁਹਿੰਮ ਦੀ ਨਜ਼ਰਸਾਨੀ ਲਈ 209 ਸੁਪਰਵਾਈਜਰ ਲਗਾਏ ਗਏ ਹਨ। ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਸਲੱਮ ਏਰੀਏ ਨੂੰ ਕਵਰ ਕਰਨ ਲਈ ਵਿਸ਼ੇਸ਼ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 5 ਸਾਲ ਤਕ ਦੀ ਉਮਰ ਦੇ ਜੋ ਬੱਚੇ ਮੁਹਿੰਮ ਦੇ ਦੂਜੇ ਦਿਨ ਦੀ ਸਰਗਰਮੀ ਮੁਕੰਮਲ ਹੋਣ ਤੱਕ ਕਿਸੇ ਕਾਰਨ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਹਨ, ਪੋਲੀਓ ਰੋਧਕ ਟੀਮਾਂ ਉਨ੍ਹਾਂ ਬੱਚਿਆਂ ਨੂੰ ਮੰਗਲਵਾਰ ਨੂੰ ਘਰ-ਘਰ ਜਾ ਕੇ ਬੂੰਦਾਂ ਪਿਲਾਉਣਗੀਆਂ। ਟੀਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਹਾਈ ਰਿਸਕ ਇਲਾਕੇ ਜਿਵੇਂ ਕਿ ਝੁੱਗੀਆਂ, ਭੱਠੇ, ਟੱਪਰਵਾਸੀਆਂ ਦੇ ਟਿਕਾਣੇ ਆਦਿ ਥਾਵਾਂ 'ਤੇ ਕੋਈ ਵੀ 5 ਸਾਲ ਤਕ ਦੀ ਉਮਰ ਦਾ ਬੱਚਾ ਪੋਲੀਓ ਰੋਕੂ ਦਵਾਈ ਪੀਣ ਤੋਂ ਨਾ ਰਹਿ ਜਾਵੇ।