ਜਤਿੰਦਰ ਪੰਮੀ, ਜਲੰਧਰ : ਕੋਰੋਨਾ ਤੇਜ਼ੀ ਨਾਲ ਪੈਰ ਪਸਾਰਨ ਦੇ ਨਾਲ ਨਾਲ ਜਾਨਲੇਵਾ ਵੀ ਸਾਬਤ ਹੋਣ ਲੱਗ ਪਿਆ ਹੈ। ਸ਼ਨਿੱਚਰਵਾਰ ਨੂੰ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਸੀਆਈਏ ਸਟਾਫ ਦੇ ਅੱਧਾ ਦਰਜਨ ਮੁਲਾਜ਼ਮ ਅਤੇ ਪਟਵਾਰੀਆਂ ਸਮੇਤ 74 ਲੋਕਾਂ ਨੂੰ ਲਪੇਟ 'ਚ ਲੈ ਲਿਆ। ਨਿਜਾਤਮ ਨਗਰ ਆਸ਼ਰਮ 'ਚ ਰਹਿਣ ਵਾਲੀ ਸ਼ੱਕੀ ਮਰੀਜ਼ ਦੀ ਮੌਤ ਹੋ ਗਈ ਜਿਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 75 ਲੋਕਾਂ ਨੂੰ ਸਿਵਲ ਹਸਪਤਾਲ ਤੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 2977, ਮਰਨ ਵਾਲਿਆਂ ਦੀ 76 ਤੇ ਘਰ ਵਾਪਸ ਜਾਣ ਵਾਲਿਆਂ ਦੀ 2107 ਤਕ ਪਹੁੰਚ ਗਈ ਹੈ। ਉੱਥੇ ਹੀ ਸਿਵਲ ਸਰਜਨ ਦਫਤਰ 'ਚ ਦੋ ਮੁਲਾਜ਼ਮ ਪਾਜ਼ੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਨੂੰ ਵੀ ਭਾਜੜਾਂ ਪੈ ਗਈਆਂ ਹਨ ਅਤੇ ਅਗਲੇ ਦੋ-ਤਿੰਨ ਦਿਨਾਂ 'ਚ ਸੈਂਪਲਾਂ ਦੀ ਜਾਂਚ ਹੋਵੇਗੀ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਕਾਲਾ ਬੱਕਰਾ ਦੇ ਪਿੰਡ ਭਟਨੂਰਾ ਲੁਭਾਣਾ 'ਚ ਰਹਿਣ ਵਾਲੇ 64 ਸਾਲਾ ਸਾਬਕਾ ਸੈਨਿਕ ਦੀ ਕੋਰੋਨਾ ਨਾਲ ਮੌਤ ਹੋ ਗਈ। ਮਰੀਜ਼ ਪਿਛਲੇ ਕੁੱਝ ਦਿਨਾਂ ਤੋਂ ਮਿਲਟਰੀ ਹਸਪਤਾਲ ਜਲੰਧਰ ਛਾਉਣੀ 'ਚ ਦਾਖਲ ਸੀ। ਮਰੀਜ਼ ਨੂੰ ਸ਼ੂਗਰ ਦੇ ਨਾਲ ਸਾਹ ਲੈਣ ਦੀ ਦਿੱਕਤ ਦੇ ਬਾਅਦ ਦਾਖਲ ਕੀਤਾ ਗਿਆ ਸੀ। ਸ਼ਨਿੱਚਰਵਾਰ ਨੂੰ ਉਸਦੀ ਤਬੀਅਤ ਵਿਗੜਨ ਦੇ ਬਾਅਦ ਮੌਤ ਹੋ ਗਈ। ਕਪੂਰਥਲਾ ਰੋਡ ਹਸਪਤਾਲ 'ਚ ਫੱਤੂਢੀਂਗਾ ਕਪੂਰਥਲਾ ਦਾ ਰਹਿਣ ਵਾਲਾ 31 ਸਾਲਾ ਨੌਜਵਾਨ ਕੋਰੋਨਾ ਦਾ ਇਲਾਜ ਕਰਵਾਉਣ ਲਈ ਦਾਖਲ ਸੀ। ਸ਼ਨਿੱਚਰਵਾਰ ਨੂੰ ਉਸਦੀ ਹਾਲਤ ਵਿਗੜੀ ਤੇ ਉਸਦੀ ਮੌਤ ਹੋ ਗਈ। ਉੱਥੇ ਹੀ ਨਕੋਦਰ ਰੋਡ ਸਥਿਤ ਨਿਜੀ ਹਸਪਤਾਲ 'ਚ ਨਿਜਾਤਮ ਨਗਰ ਆਸ਼ਮਰ 'ਚ ਰਹਿਣ ਵਾਲੀ 64 ਸਾਲਾ ਮਹਿਲਾ ਕਿਡਨੀ ਰੋਗ ਦੀ ਵਜ੍ਹਾ ਨਾਲ ਇਲਾਜ ਕਰਵਾ ਰਹੀ ਸੀ। ਉਸਦਾ ਕੋਰੋਨਾ ਜਾਂਚ ਲਈ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਪਰ ਰਿਪੋਰਟ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਪੂਰਾ ਇਹਤਿਆਤ ਵਰਤਦਿਆਂ ਸਿਹਤ ਵਿਭਾਗ ਦੀ ਟੀਮ ਨੇ ਘਾਹ ਮੰਡੀ ਸ਼ਮਸ਼ਾਨਘਾਟ 'ਚ ਸਸਕਾਰ ਕਰਵਾਇਆ। ਉੱਥੇ ਹੀ ਐੱਸਐੱਮਓ ਕਾਲਾ ਬਕਰਾ ਡਾ. ਕਮਲਪਾਲ ਸਿੱਧੂ ਦੀ ਅਗਵਾਈ 'ਚ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਭਟਨੂਰਾ ਲੁਭਾਣਾ 'ਚ ਕੋੋਰੋਨਾ ਨਾਲ ਮਰੇ ਸਾਬਕਾ ਸੈਨਿਕ ਦਾ ਅੰਤਿਮ ਸੰਸਕਾਰ ਕਰਵਾਇਆ।

ਵਿਭਾਗ ਦੀ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਸੀਏਆਈ ਸਟਾਫ ਦੇ ਅੱਧਾ ਦਰਜਨ ਮੁਲਾਜ਼ਮ ਅਤੇ ਪੰਜਾਬ ਪੁਲਿਸ ਅਕਾਦਮੀ ਫਿਲੌਰ ਦੇ ਚਾਰ ਮੁਲਾਜ਼ਮ ਕੋਰੋਨਾ ਦੀ ਲਪੇਟ 'ਚ ਆਉਣ ਤੋਂ ਬਾਅਦ ਅਫਰਾ ਤਫਰੀ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਸੀਏਆਈ ਸਟਾਫ ਦੇ ਸਾਬਕਾ ਇੰਚਾਰਜ ਵੀ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਨਗਰ ਪੰਚਾਇਤ ਲੋਹੀਆਂ ਦੇ ਤਿੰਨ ਅਤੇ ਪਿੰਡ ਬਾਜਵਾ ਕਲਾਂ ਦੇ ਪਟਵਾਰੀ ਨੂੰ ਵੀ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਏ ਹਨ। ਸ਼ਹਿਰ ਦੇ ਨਿਊ ਗੋਬਿੰਦ ਨਗਰ ਅਤੇ ਗੋਬਿੰਦ ਨਗਰ 'ਚ 8 ਅਤੇ ਸੰਨੀ ਇਨਕਲੇਵ 'ਚ ਰਹਿਣ ਵਾਲੇ ਚਾਰ ਲੋਕਾਂ ਨੂੰ ਕੋਰੋਨਾ ਹੋ ਗਿਆ। ਨਿਜੀ ਹਸਪਤਾਲ ਦੀ ਸਟਾਫ ਨਰਸ, 5 ਫਰੰਟਲਾਈਨ ਵਰਕਰ, ਦੋ ਗਰਭਵਤੀ ਅੌਰਤਾਂ ਵੀ ਕੋਰੋਨਾ ਦੀ ਲਪੇਟ 'ਚ ਆ ਗਈਆਂ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ ਕੋਰੋਨਾ ਦੇ 74 ਮਰੀਜ਼ ਅਤੇ ਦੋ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। 8 ਮਰੀਜ਼ ਅਤੇ ਇਕ ਮਿ੍ਤਕ ਦੂਸਰੇ ਜ਼ਿਲ੍ਹੇ ਨਾਲ ਸਬੰਧਤ ਹੈ। 66 ਮਰੀਜ਼ ਅਤੇ ਇਕ ਮੌਤ ਜ਼ਿਲ੍ਹੇ ਦੇ ਖਾਤੇ 'ਚ ਆਵੇਗੀ। ਇਕ ਸ਼ੱਕੀ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਉਸਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 2977 ਅਤੇ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਹੈ। ਸਿਵਲ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰ ਤੋਂ ਘਰ ਵਾਪਸ ਪਰਤਣ ਵਾਲੇ 75 ਮਰੀਜ਼ਾਂ ਦੇ ਨਾਲ ਅੰਕੜਾ 2107 ਹੋ ਗਿਆ ਹੈ। ਸ਼ਨਿੱਚਰਵਾਰ ਨੂੰ 618 ਲੋਕਾਂ ਦੇ ਸੈਂਪਲ ਨੈਗੇਟਿਵ ਪਾਏ ਗਏ। 838 ਨਵੇਂ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਅਤੇ ਆਰਡੀਡੀਐੱਲ ਜਲੰਧਰ 'ਚ ਭੇਜੇ ਗਏ। ਜ਼ਿਲ੍ਹੇ 'ਚ 50006 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ 45760 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਜਾ ਚੁੱਕੀ ਹੈ।

ਪਾਜ਼ੇਟਿਵ ਆਏ ਮਰੀਜ਼ਾਂ 'ਚ 5 ਬੱਚੇ, 25 ਅੌਰਤਾਂ ਅਤੇ 44 ਵਿਅਕਤੀ ਸ਼ਾਮਲ ਹਨ। ਕੋਰੋਨਾ ਪਾਜ਼ੇਟਿਵ ਪਾਏ ਗਏ 74 ਮਰੀਜ਼ਾਂ 'ਚ 47 ਸ਼ਹਿਰੀ ਤੇ 27 ਦਿਹਾਤੀ ਖੇਤਰ ਨਾਲ ਸਬੰਧਤ ਹਨ। ਇਨ੍ਹਾਂ 'ਚੋਂ 2 ਦੂਸਰੇ ਸੂਬਿਆਂ ਤੋਂ ਆਏ ਅਤੇ 1 ਗਰਭਵਤੀ ਮਹਿਲਾ ਸ਼ਾਮਲ ਹੈ। 25 ਮਰੀਜ਼ ਪੁਰਾਣੇ ਮਰੀਜ਼ਾਂ ਦੇ ਸੰਪਰਕ 'ਚੋਂ ਹਨ ਅਤੇ 41 ਨਵੇਂ ਮਾਮਲੇ ਹਨ।