ਜਤਿੰਦਰ ਪੰਮੀ, ਜਲੰਧਰ

ਸ਼ਨਿੱਚਰਵਾਰ ਤੋਂ ਬਾਅਦ ਐਤਵਾਰ ਨੂੰ ਵੀ ਕੋਰੋਨਾ ਸ਼ਹਿਰ ਵਾਸੀਆਂ 'ਤੇ ਹਾਵੀ ਰਿਹਾ। ਐਤਵਾਰ ਨੂੰ 73 ਲੋਕ ਕੋਰੋਨਾ ਦੀ ਲਪੇਟ 'ਚ ਆਏ। ਕੋਰੋਨਾ ਨੇ ਤੇਜ਼ੀ ਨਾਲ ਦੂਸਰੇ ਹੀ ਦਿਨ ਨੌਵਾਂ ਸੈਂਕੜਾ ਪੂਰਾ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਹੀਆਂ 'ਚ ਜੂਸ ਵੇਚਣ ਵਾਲਾ ਅਤੇ ਮਖਦੂਮਪੁਰਾ 'ਚ ਚਾਰ ਪਰਿਵਾਰਾਂ ਦੇ 17 ਲੋਕ ਅਤੇ 16 ਸੈਨਾ ਦੇ ਜਵਾਨ ਕੋਰੋਨਾ ਦੀ ਲਪੇਟ 'ਚ ਆਏ। ਕੋਰੋਨਾ ਦਾ ਸ਼ਿਕਾਰ ਹੋਣ ਵਾਲਿਆਂ 'ਚ 12 ਬੱਚੇ ਅਤੇ ਅੱਧੀ ਦਰਜਨ ਐੱਨਆਰਆਈ ਸ਼ਾਮਲ ਹਨ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 900 ਅਤੇ ਮਰਨ ਵਾਲਿਆਂ ਦੀ 22 ਹੋ ਚੁੱਕੀ ਹੈ। ਉੱਥੇ ਹੀ 15 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ 'ਚ ਦੋ ਮਰੀਜ਼ ਰਾਜਸਥਾਨ ਦੇ ਸ਼ਾਮਲ ਹਨ। ਉੱਥੇ ਹੀ ਡੀਐੱਮਸੀ ਲੁਧਿਆਣਾ 'ਚ ਦਾਖਲ ਜਲੰਧਰ ਦੇ ਦੋ ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।

ਕੋਰੋਨਾ ਨੇ ਪਿਛਲੇ ਦਿਨੀਂ ਮਖਦੂਮਪੁਰਾ 'ਚ ਇਕ ਮਰੀਜ਼ ਪਾਜ਼ੇਟਿਵ ਆਉਣ ਨਾਲ ਐਤਵਾਰ ਨੂੰ ਉਸ ਦੇ ਸੰਪਰਕ 'ਚ ਆਉਣ ਵਾਲੇ ਚੋਰ ਘਰਾਂ ਦੇ 17 ਲੋਕਾਂ ਨੂੰ ਲਪੇਟ 'ਚ ਲੈ ਲਿਆ। ਇਲਾਕੇ 'ਚ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਪੂਰੇ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ 'ਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ 'ਚ ਮੈਰੇਟੋਰੀਅਸ ਸਕੂਲ ਦੇ ਸਟਾਫ ਦੇ ਮੈਂਬਰ ਵੀ ਸ਼ਾਮਲ ਹਨ ਜੋ ਇਨ੍ਹਾਂ ਦਿਨਾਂ 'ਚ ਕੋਵਿਡ ਕੇਅਰ ਸੈਂਟਰ 'ਚ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਲੋਹੀਆਂ 'ਚ ਜੂਸ ਦੀ ਰੇਹੜੀ ਲਗਾਉਣ ਵਾਲਾ ਵੀ ਕੋਰੋਨਾ ਦੀ ਗਿ੍ਫਤ 'ਚ ਆ ਗਿਆ। ਦੁਬਈ ਤੋਂ ਆਏ ਅੱਧਾ ਦਰਜਨ ਐੱਨਆਰਆਈ ਅਤੇ ਮੁੰਬਈ ਤੋਂ ਆਇਆ ਇਕ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ। ਸੈਨਾ ਦੇ ਹਸਪਤਾਲ 'ਚ ਦਾਖਲ 16 ਜਵਾਨ ਵੀ ਕੋਰੋਨਾ ਦਾ ਸ਼ਿਕਾਰ ਹੋਏ ਹਨ। ਮਰੀਜ਼ਾਂ 'ਚ ਪਿਮਸ 'ਚ ਤਾਇਨਾਤ ਦੋ ਮਹਿਲਾ ਸਿਹਤ ਮੁਲਾਜ਼ਮਾਂ ਵੀ ਸ਼ਾਮਲ ਹਨ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਕੁੱਲ 73 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚ ਦੋ ਮਰੀਜ਼ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਦੋ ਜਲੰਧਰ ਦੇ ਰਹਿਣ ਵਾਲੇ ਮਰੀਜ਼ ਡੀਐੱਮਸੀ ਹਸਪਤਾਲ ਲੁਧਿਆਣਾ 'ਚ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 900 ਤਕ ਪਹੁੰਚ ਗਈ ਹੈ। ਇਨ੍ਹਾਂ 'ਚ 22 ਦੀ ਕੋਰੋਨਾ ਦੀ ਮੌਤ ਹੋ ਚੁੱਕੀ ਹੈ। ਪਾਜ਼ੇਟਿਵ ਆਏ ਮਰੀਜ਼ਾਂ 'ਚ 47 ਪੁਰਾਣੇ ਮਰੀਜ਼ਾਂ ਦੇ ਸੰਪਰਕ 'ਚ ਆਉਣ ਕਾਰਨ ਪਾਜ਼ੇਟਿਵ ਪਾਏ ਗਏ ਹਨ। 24 ਮਰੀਜ਼ਾਂ ਦੇ ਕਾਰਨ ਲੱਭੇ ਜਾ ਰਹੇ ਹਨ। ਐਤਵਾਰ ਨੂੰ 259 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 418 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜ਼ਿਲ੍ਹੇ 'ਚ 24867 ਸੈਂਪਲ ਜਾਂਚ ਦੇ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚ 22968 ਸੈਂਪਲ ਨੈਗੇਟਿਵ ਪਾਏ ਗਏ ਹਨ। 731 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉੱਥੇ ਹੀ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਤੋਂ 15 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਰਵਾਨਾ ਕੀਤਾ ਗਿਆ ਹੈ।

ਐਤਵਾਰ ਨੂੰ ਪਾਜ਼ੇਟਿਵ ਆਏ ਮਰੀਜ਼ਾਂ 'ਚ 12 ਬੱਚੇ, 45 ਵਿਅਕਤੀ ਅਤੇ 16 ਮਹਿਲਾਵਾਂ ਸ਼ਾਮਲ ਹਨ। ਅੱਜ ਮਖਦੂਮਪੁਰਾ ਤੋਂ 17, ਮਾਡਲ ਹਾਊਸ ਤੋਂ 3, ਨੂਰਮਹਿਲ ਤੋਂ 3, ਜਲੰਧਰ ਤੋਂ 3, ਪਿਮਸ ਤੋਂ 2, ਨਿਊ ਦੇਵੀ ਤਾਲਾ ਤੋਂ 2, ਬਸਤੀ ਬਾਵਾ ਖੇਲ ਤੋਂ 2, ਕਰਤਾਰਪੁਰ ਤੋਂ 2, ਡੀਐੱਮਸੀ ਲੁਧਿਆਣਾ ਤੋਂ 2, ਲੋਹੀਆਂ ਖਾਸ ਤੋਂ 2, ਛੋਟਾ ਅਲੀ ਮੁਹੱਲਾ, ਗਦਈਪੁਰ, ਜਮਸ਼ੇਰ, ਦਾਦਾ ਕਲੋਨੀ, ਸੁੱਚੀ ਪਿੰਡ, ਬੰਡਾਲਾ, ਮਿੱਠੂ ਬਸਤੀ, ਨਿਊ ਦਿਓਲ ਨਗਰ, ਕੋਟ ਪਕਸ਼ੀਆਂ, ਗੁਲਾਬ ਦੇਵੀ ਰੋਡ, ਅਜੀਤ ਨਗਰ, ਜਲੰਧਰ ਕੈਂਟ, ਝੁਨਝੁਨ ਰਾਜਸਥਾਨ, ਡਮਟਰ, ਭੋਗਪੁਰ, ਸੂਰਿਆ ਇਨਕਲੇਵ, ਮਿੱਠਾਪੁਰ ਤੋਂ 1-1 ਕੇਸ ਸਾਹਮਣੇ ਆਏ ਹਨ।

ਬਾਕਸ

ਦੋ ਦਿਨਾਂ 'ਚ ਪੂਰਾ ਹੋਇਆ ਸੈਂਕੜਾ

ਕਰਫਿਊ ਲੱਗਦਿਆਂ ਹੀ ਲੋਕ ਘਰਾਂ 'ਚ ਬੰਦ ਹੋ ਗਏ। ਕੋਰੋਨਾ ਨੇ 38 ਦਿਨਾਂ 'ਚ ਪਹਿਲਾਂ 105 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲਿਆ। ਇਸਦੇ ਬਾਅਦ ਥੋੜੀ ਿਢੱਲ ਮਿਲਣੀ ਸ਼ੁਰੂ ਹੋਈ ਅਤੇ ਕੋਰੋਨਾ ਨੇ ਵੀ ਤੇਜ਼ੀ ਫੜਦਿਆਂ 13 ਦਿਨਾਂ 'ਚ ਹੀ 102 ਮਰੀਜ਼ਾਂ ਨੂੰ ਨਿਸ਼ਾਨਾ ਬਣਾ ਕੇ ਦੂਸਰਾ ਸੈਂਕੜਾ ਪੂਰਾ ਕੀਤਾ। ਲਾਕਡਾਊਨ 'ਚ ਬਾਜ਼ਾਰ ਅਤੇ ਕੰਮ ਕਾਜ ਤੇਜ਼ੀ ਫੜਨ ਫੜਨ ਦੇ ਨਾਲ ਲੋਕਾਂ ਦੀ ਭੀੜ ਵੱਧੀ ਤਾਂ 24 ਦਿਨਾਂ 'ਚ 108 ਮਰੀਜ਼ਾਂ ਦੇ ਨਾਲ ਤੀਸਰਾ ਸੈਂਕੜਾ, 113 ਮਰੀਜ਼ਾਂ ਦੇ ਨਾਲ ਦੱਸ ਦਿਨਾਂ 'ਚ ਚੌਥਾ ਸੈਂਕੜਾ ਪੂਰਾ ਹੋਇਆ। ਪੰਜਵਾਂ ਤੇ ਛੇਵਾਂ ਸੈਂਕੜਾ 3-3 ਦਿਨਾਂ 'ਚ ਪੂਰਾ ਕਰਦਿਆਂ ਕੋਰੋਨਾ ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ 'ਚ ਲਿਆ। ਸੱਤਵਾਂ ਸੈਂਕੜਾ 5 ਦਿਨ ਅਤੇ ਅੱਠਵਾਂ ਸੈਂਕੜਾ ਛੇ ਦਿਨਾਂ 'ਚ ਪੂਰਾ ਹੋਇਆ। ਐਤਵਾਰ ਨੂੰ 71 ਮਰੀਜ਼ ਪਾਜ਼ੇਟਿਵ ਆਉਣ ਤੋਂ ਬਾਅਦ ਗਿਣਤੀ 900 ਤਕ ਪਹੁੰਚ ਗਈ।