ਜਤਿੰਦਰ ਪੰਮੀ, ਜਲੰਧਰ

ਬੁੱਧਵਾਰ ਨੂੰ ਇਕ ਜੱਜ, ਦੋ ਡਾਕਟਰਾਂ, ਤਿੰਨ ਸਟਾਫ ਨਰਸਾਂ ਤੇ ਭੋਗਪੁਰ ਦੇ ਇਕ ਹੀ ਪਰਿਵਾਰ ਦੇ 21 ਲੋਕਾਂ ਨੂੰ ਕੋਰੋਨਾ ਨੇ ਲਪੇਟ 'ਚ ਲਿਆ। ਮਰੀਜ਼ਾਂ 'ਚ ਫੌਜ ਦੇ 18 ਜਵਾਨ ਵੀ ਸ਼ਾਮਲ ਹਨ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 1010 ਤਕ ਪਹੁੰਚ ਗਈ ਹੈ। 46 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ।

ਬੁੱਧਵਾਰ ਨੂੰ ਕੋਰੋਨਾ ਨੇ ਕਚਹਿਰੀ 'ਚ ਦਸਤਕ ਦਿੱਤੀ। ਸ਼ਹਿਰ 'ਚ ਪਹਿਲੀ ਵਾਰ ਜੱਜ ਕੋਰੋਨਾ ਪਾਜ਼ੇਟਿਵ ਪਾਏ ਗਏ। ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੇਟਿਵ ਆਏ ਜੱਜ ਦਾ ਕੰਮ-ਕਾਜ ਦੂਸਰੀ ਅਦਾਲਤ 'ਚ ਸ਼ਿਫਟ ਕਰਨ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਟੀਮ ਦੇ ਮੈਂਬਰਾਂ ਨੂੰ ਅਗਲੇ 14 ਦਿਨ ਕੁਆਰੰਟਾਈਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉੱਥੇ ਹੀ ਐੱਨਐੱਚਐੱਸ ਹਸਪਤਾਲ ਦੇ ਇਕ ਡਾਕਟਰ ਅਤੇ ਸ਼ਿੰਗਾਰਾ ਸਿੰਘ ਹਸਪਤਾਲ ਦੇ ਇਕ ਡਾਕਟਰ ਅਤੇ ਤਿੰਨ ਨਰਸਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਭੋਗਪੁਰ 'ਚ ਦਵਾਈਆਂ ਦਾ ਕੰਮ ਕਰਨ ਵਾਲੇ ਸੋਨੀ ਪਰਿਵਾਰ 'ਚ ਕੋਰੋਨਾ ਮਰੀਜ਼ ਆਉਣ ਤੋਂ ਬਾਅਦ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਕੁੜੀ ਦੇ ਸਹੁਰਾ ਪਰਿਵਾਰ ਦੇ 21 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਅਰੋੜਾ ਪਰਿਵਾਰ ਦਾ ਭੋਗਪੁਰ 'ਚ ਇਲੈਕਟ੍ਰਾਨਿਕਸ ਗੁੱਡਸ ਦਾ ਸ਼ੋਅਰੂਮ ਹੈ। ਪਾਜ਼ੇਟਿਵ ਆਏ ਮਰੀਜ਼ਾਂ 'ਚ ਘਰ ਦੇ ਦੋ ਨੌਕਰਾਂ ਸਮੇਤ ਮਾਂ-ਪਿਉ, ਪਤੀ, ਸੱਸ, ਸਹੁਰਾ, ਚਚੇਰੇ ਭਰਾ, ਬੇਟਾ, ਭਾਬੀ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭੋਗਪੁਰ ਇਲਾਕੇ 'ਚ ਰਹਿਣ ਵਾਲੇ ਦੋ ਟੈਕਸੀ ਡਰਾਈਵਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਵਾਲੇ ਮਰੀਜ਼ਾਂ 'ਚ ਪਟੇਲ ਹਸਪਤਾਲ ਅਤੇ ਨਿਊ ਰੂਬੀ ਹਸਪਤਾਲ 'ਚ ਦਾਖਲ ਇਕ-ਇਕ ਮਰੀਜ਼ ਵੀ ਸ਼ਾਮਲ ਹੈ। ਉੱਥੇ ਹੀ ਸ਼ਿੰਗਾਰਾ ਸਿੰਘ ਹਸਪਤਾਲ 'ਚ ਸਥਿਤ ਪੀਜੀਆਈ ਹਸਪਤਾਲ 'ਚ ਦਾਖਲ ਮਰੀਜ਼ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਦੇ ਸਟਾਫ ਤੋਂ ਇਲਾਵਾ ਪਿੰਡ ਸਮਰਾਏ 'ਚ ਉਸ ਦੇ ਪਰਿਵਾਰ ਦੇ 8 ਮੈਂਬਰ ਵੀ ਪਾਜ਼ੇਟਿਵ ਪਾਏ ਗਏ ਹਨ। ਫੌਜ ਦੇ 18 ਜਵਾਨ ਵੀ ਸ਼ਾਮਲ ਹਨ ਜੋ ਮਿਲਟਰੀ ਹਸਪਤਾਲ 'ਚ ਜ਼ੇਰੇ ਇਲਾਜ ਹਨ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ 74 ਮਰੀਜ਼ਾਂ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ 71 ਮਰੀਜ਼ ਜਲੰਧਰ 'ਚ ਪਾਜ਼ੇਟਿਵ ਪਾਏ ਗਏ ਅਤੇ ਜਲੰਧਰ 'ਚ ਰਹਿਣ ਵਾਲੇ ਤਿੰਨ ਮਰੀਜ਼ ਹੋਰ ਜ਼ਿਲਿ੍ਹਆਂ 'ਚ ਪਾਜ਼ੇਟਿਵ ਪਾਏ ਗਏ ਹਨ। 741 ਲੋਕਾਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 589 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ 'ਚ ਭੇਜੇ ਗਏ ਹਨ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 1010 ਅਤੇ ਮਰਨ ਵਾਲਿਆਂ ਦੀ 22 ਤਕ ਪਹੁੰਚ ਗਈ ਹੈ। 46 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ ਰਵਾਨਾ ਕਰਨ ਨਾਲ ਇਨ੍ਹਾਂ ਦੀ ਗਿਣਤੀ 676 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚ ਕੁੱਝ ਸੈਂਪਲ 26845 ਅਤੇ 24443 ਨੈਗੇਟਿਵ ਪਾਏ ਗਏ।

ਅੱਜ ਪਾਜ਼ੇਟਿਵ ਆਏ ਮਰੀਜ਼ਾਂ 'ਚ 7 ਬੱਚੇ, 19 ਅੌਰਤਾਂ ਅਤੇ 45 ਵਿਅਕਤੀ ਸ਼ਾਮਲ ਹਨ। ਭੋਗਪੁਰ ਤੋਂ 20, ਸੈਨਾ ਹਸਪਤਾਲ ਤੋਂ 16, ਪਿੰਡ ਸਮਰਾਏ ਜੰਡਿਆਲਾ ਤੋਂ 8, ਸ਼ਿੰਗਾਰਾ ਸਿੰਘ ਹਸਪਤਾਲ 4, ਕਾਜ਼ੀ ਮੁਹੱਲਾ ਤੋਂ 3, ਦਾਦਾ ਕਲੋਨੀ 2, ਗੱਦੋਵਾਲੀ, ਫਗਵਾੜੀ ਮੁਹੱਲਾ, ਧੋਗੜੀ ਮੁਹੱਲਾ, ਫੋਕਲ ਪੁਆਇੰਟ, ਭਾਰਗੋ ਕੈਂਪ, ਅਲੀ ਮੁਹੱਲਾ, ਲੰਮਾ ਪਿੰਡ, ਲੜੋਈ, ਬੂਟਰਾ, ਲੋਹੋਰਾ, ਦਿਓਰਿਆ, ਊਧਮਪੁਰ, ਪ੍ਰਰੀਤ ਨਗਰ ਤੇ ਸੁਲਤਾਨਪੁਰ ਲੋਧੀ ਤੋਂ 1-1 ਕੇਸ ਸਾਹਮਣੇ ਆਇਆ ਹੈ।