ਹੁਣ ਤੱਕ 70 ਫ਼ੀਸਦੀ ਹੋਇਆ ਖੇਡ ਹੱਬ ਦਾ ਨਿਰਮਾਣ, ਮੌਨਸੂਨ ’ਚ ਰੁਕਾਵਟਾਂ ਕਾਰਨ ਨਵੇਂ ਸਾਲ ਤੱਕ ਕਰਨਾ ਪਵੇਗਾ ਇੰਤਜ਼ਾਰ
ਜਾ.ਸ., ਜਲੰਧਰ : ਬਲਟਰਨ
Publish Date: Sun, 24 May 2026 07:45 PM (IST)
Updated Date: Sun, 24 May 2026 07:46 PM (IST)

ਜਾ.ਸ., ਜਲੰਧਰ : ਬਲਟਰਨ ਪਾਰਕ ’ਚ ਸਮਾਰਟ ਸਿਟੀ ਮਿਸ਼ਨ ਤਹਿਤ ਬਣ ਰਹੇ ਖੇਡ ਹੱਬ ਦੇ ਨਿਰਮਾਣ ਵਿਚ 6 ਮਹੀਨਿਆਂ ਦੀ ਦੇਰੀ ਹੋ ਸਕਦੀ ਹੈ। ਅਗਸਤ 2026 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਹੁਣ ਠੇਕੇਦਾਰ ਨੇ ਦਸੰਬਰ 2026 ਤੱਕ ਦਾ ਸਮਾਂ ਮੰਗਿਆ ਹੈ। ਮੌਨਸੂਨ ਕਾਰਨ 2 ਮਹੀਨੇ ਕੰਮ ਰੁਕਣ ਦੀ ਸੰਭਾਵਨਾ ਨਾਲ, ਇਹ ਪ੍ਰਾਜੈਕਟ ਨਵੇਂ ਸਾਲ ਵਿਚ ਹੀ ਪੂਰਾ ਹੋ ਸਕੇਗਾ। ਇਸ ਸਬੰਧੀ ਇੱਥੇ ਖੇਡਾਂ ਦੇ ਦਾਅਵੇ ਫੇਲ੍ਹ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਸ਼ਡਿਊਲ ਵਿਚ ਬਦਲਾਅ ਨਿਸ਼ਚਿਤ ਹੈ। ਸੁਪਰਡੈਂਟ ਇੰਜੀਨੀਅਰ ਰਾਹੁਲ ਧਵਨ ਨੇ ਕਿਹਾ ਕਿ ਕੰਮ ਹੁਣ ਕਾਫੀ ਤੇਜ਼ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਜੁਲਾਈ ਵਿਚ ਮੌਨਸੂਨ ਆਉਣ ਕਾਰਨ ਕਰੀਬ 2 ਮਹੀਨੇ ਕੰਮ ਪ੍ਰਭਾਵਿਤ ਹੋਵੇਗਾ। ਸਾਲ 2008 ਤੋਂ ਦੇਖੇ ਜਾ ਰਹੇ ਖੇਡ ਹੱਬ ਦੇ ਸੁਪਨੇ ਨੂੰ ਜ਼ਮੀਨ ’ਤੇ ਲਿਆਉਣ ਲਈ 11 ਜੂਨ 2025 ਨੂੰ ਕੰਮ ਸ਼ੁਰੂ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਇਸ ਨੂੰ ਅਗਸਤ 2026 ਤੱਕ ਪੂਰਾ ਕਰਨਾ ਸੀ, ਪਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਸਮੇਂ ਤੋਂ ਪਹਿਲਾਂ ਜੂਨ 2026 ਵਿਚ ਹੀ ਪੂਰਾ ਕਰ ਲਿਆ ਜਾਵੇਗਾ। ਸਥਾਨਕ ਪੱਧਰ ’ਤੇ ਵੀ ਇਸੇ ਸ਼ੈਡਿਊਲ ਮੁਤਾਬਿਕ ਕੁਝ ਖੇਡ ਟੂਰਨਾਮੈਂਟ ਵੀ ਕਰਵਾਏ ਗਏ ਸਨ। 2008 ਤੋਂ 2024 ਤੱਕ 16 ਸਾਲ ਬੀਤ ਗਏ, ਪਰ ਜਲੰਧਰ ਨੂੰ ਖੇਡ ਹੱਬ ਨਹੀਂ ਮਿਲਿਆ। ਵਾਰ-ਵਾਰ ਲਾਗਤ ਘਟਾਉਣ, ਟੈਂਡਰ ਰੱਦ ਹੋਣ ਅਤੇ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਪ੍ਰਾਜੈਕਟ ਲਟਕਿਆ ਰਹਿੰਦਾ ਹੈ। ਹੁਣ 2026 ਵਿਚ ਵੀ ਇਸ ਦੇ ਪੂਰੇ ਹੋਣ ’ਤੇ ਖ਼ਦਸ਼ਾ ਹੈ। ਖੇਲ ਪ੍ਰੇਮੀਆਂ ਦਾ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦਾ ਸੁਪਨਾ ਇਸ ਸਾਲ ਪੂਰਾ ਹੁੰਦਾ ਨਹੀਂ ਦਿਖਾਈ ਦੇ ਰਿਹਾ। ਸਾਲ 2015 ਵਿਚ ਜਲੰਧਰ ਦੇ ਸਮਾਰਟ ਸਿਟੀ ਵਿਚ ਚੁਣੇ ਜਾਣ ਤੋਂ ਬਾਅਦ ਖੇਡ ਹੱਬ ਦੀ ਯੋਜਨਾ ਮੁੜ ਸ਼ੁਰੂ ਹੋਈ। ਪਹਿਲਾਂ 550 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ, ਪਰ ਕੋਈ ਕੰਪਨੀ ਕੰਮ ਲਈ ਤਿਆਰ ਨਹੀਂ ਹੋਈ। ਲਾਗਤ ਘਟਾ ਕੇ 260 ਕਰੋੜ ਕੀਤੀ ਗਈ, ਫਿਰ ਵੀ ਗੱਲ ਨਹੀਂ ਬਣੀ। ਇਸ ਤੋਂ ਬਾਅਦ 116 ਕਰੋੜ ਦਾ ਪ੍ਰਾਜੈਕਟ ਤਿਆਰ ਹੋਇਆ। ਕਾਂਗਰਸ ਸਰਕਾਰ ਵਿਚ 78 ਕਰੋੜ ਦਾ ਮਲਟੀਪਰਪਜ਼ ਸਟੇਡੀਅਮ ਬਣਾਉਣ ਦੀ ਯੋਜਨਾ ਬਣਾਈ ਗਈ ਅਤੇ ਟੈਂਡਰ ਜਾਰੀ ਕੀਤਾ ਗਿਆ। ਟੈਂਡਰ ਲੈਣ ਵਾਲੀ ਕੰਪਨੀ ਨੇ ਸਿਰਫ ਬਾਊਂਡਰੀ ਵਾਲ ਬਣਾਈ ਅਤੇ ਕੰਮ ਬੰਦ ਕਰ ਦਿੱਤਾ। ਸਮਾਰਟ ਸਿਟੀ ਕੰਪਨੀ ਨੇ ਠੇਕੇਦਾਰ ਨੂੰ ਬਲੈਕਲਿਸਟ ਕਰ ਕੇ ਟੈਂਡਰ ਰੱਦ ਕਰ ਦਿੱਤਾ। ਇਸ ਦੌਰਾਨ ਸਮਾਰਟ ਸਿਟੀ ਮਿਸ਼ਨ ਖਤਮ ਹੋਣ ਵਾਲਾ ਸੀ ਅਤੇ ਖੇਡ ਹੱਬ ਦਾ ਪੈਸਾ ਵਾਪਸ ਜਾਣ ਦਾ ਖ਼ਤਰਾ ਸੀ। ਸਰਕਾਰ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸੇ ਠੇਕੇਦਾਰ ਨੂੰ ਦੁਬਾਰਾ ਮਨਾਇਆ। ਇਸ ਪ੍ਰਕਿਰਿਆ ਵਿਚ ਲੰਮਾ ਸਮਾਂ ਲੱਗ ਗਿਆ। ਆਖਿਰਕਾਰ ਅਪ੍ਰੈਲ 2025 ਵਿਚ ਨਿਰਮਾਣ ਸ਼ੁਰੂ ਹੋਇਆ। - ਰੁੱਖਾਂ ਦੀ ਕਟਾਈ ਦਾ ਮਾਮਲਾ ਕੋਰਟ ਜਾਣ ਕਾਰਨ ਵੀ ਪ੍ਰਭਾਵਿਤ ਹੋਇਆ ਕੰਮ ਕੰਮ ਨੂੰ ਪੂਰਾ ਕਰਨ ਲਈ ਠੇਕੇਦਾਰ ਨੇ 31 ਦਸੰਬਰ 2025 ਤੱਕ ਵਾਧਾ ਮੰਗਿਆ ਹੈ। ਸੀਐੱਮ ਨੇ ਜੂਨ 2025 ਵਿਚ ਇਸ ਦਾ ਨੀਂਹ ਪੱਥਰ ਰੱਖ ਦਿੱਤਾ ਪਰ ਬਲਟਰਨ ਪਾਰਕ ਦੇ ਮੈਦਾਨ ਵਿਚ ਰੁੱਖਾਂ ਦੀ ਕਟਾਈ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਭੜਕ ਗਏ ਅਤੇ ਮਾਮਲਾ ਹਾਈ ਕੋਰਟ ਵਿਚ ਲੈ ਗਏ। ਇਸੇ ਤਰ੍ਹਾਂ ਮੈਦਾਨ ਵਿਚ ਸਰਕਸ ਲੱਗੀ ਹੋਣ ਕਾਰਨ ਵੀ ਠੇਕੇਦਾਰ ਨੂੰ ਨਿਰਮਾਣ ਲਈ ਜ਼ਮੀਨ ਦੇਣ ਵਿਚ ਦੇਰੀ ਹੋਈ। ਪ੍ਰਾਜੈਕਟ ’ਤੇ ਕੰਮ ਜੂਨ 2025 ਵਿਚ ਸ਼ੁਰੂ ਹੋਣਾ ਸੀ, ਪਰ ਕਾਨੂੰਨੀ ਰੁਕਾਵਟਾਂ ਅਤੇ ਮੈਦਾਨ ਖਾਲੀ ਨਾ ਹੋਣ ਕਾਰਨ ਦਸੰਬਰ 2025 ਵਿਚ ਕੰਮ ਸ਼ੁਰੂ ਹੋਇਆ। ਨਗਰ ਨਿਗਮ 31 ਅਕਤੂਬਰ ਤੱਕ ਦਾ ਵਾਧਾ ਦੇ ਸਕਦਾ ਹੈ। ਖੇਡਾਂ ਦਾ ਹੱਬ ਕਰੀਬ 70 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਅਤੇ ਠੇਕੇਦਾਰ ਨੂੰ ਹੁਣ ਤੱਕ 30 ਕਰੋੜ ਤੋਂ ਵੱਧ ਦਾ ਭੁਗਤਾਨ ਹੋ ਚੁੱਕਾ ਹੈ। ਠੇਕੇਦਾਰ ਭੁਗਤਾਨ ਦੀ ਵੀ ਮੰਗ ਕਰ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿਚ ਕੰਮ ਹੌਲੀ ਰਿਹਾ ਪਰ ਹੁਣ ਫਿਰ ਤੋਂ ਤੇਜ਼ੀ ਹੈ, ਪਰ ਦਸੰਬਰ ਤੱਕ ਪੂਰਾ ਕਰਨਾ ਹਾਲੇ ਵੀ ਮੁਸ਼ਕਿਲ ਦਿਖਾਈ ਦੇ ਰਿਹਾ ਹੈ। ----- - ਖੇਡ ਹੱਬ ਦਾ ਆਉਟਡੋਰ ਸਟੇਡੀਅਮ - ਕ੍ਰਿਕਟ ਸਟੇਡੀਅਮ - ਹਾਕੀ ਸਟੇਡੀਅਮ - ਫੁੱਟਬਾਲ ਸਟੇਡੀਅਮ - ਯੋਗਾਸਨ ਸ਼ੈੱਡ - ਸਕੇਟਿੰਗ ਰਿੰਗ ----- -ਇਨਡੋਰ ਖੇਡਾਂ - ਬੈਡਮਿੰਟਨ - ਰੈਸਲਿੰਗ - ਬਾਕਸਿੰਗ - ਵੈਟ ਲਿਫਟਿੰਗ - ਜੂਡੋ - ਹੈਂਡਬਾਲ - ਬਾਸਕਿਟਬਾਲ - ਵਾਲੀਬਾਲ