ਪੱਤਰ ਪ੍ਰੇਰਕ, ਜਲੰਧਰ : ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਸ਼੍ਰੀਮੰਨ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਡੀਏਵੀ ਕਾਲਜ ਆਫ ਆਯੂਰਵੈਦਿਕ ਜਲੰਧਰ ਵਿਖੇ ਵਿਸ਼ਾਲ ਸਵੈ-ਇਛੁੱਕ ਖ਼ੂਨਦਾਨ ਕੈਂਪ ਲਾਇਆ, ਜਿਸ ਵਿਚ 70 ਨੌਜਵਾਨ ਮੁੰਡੇ-ਕੁੜੀਆਂ ਨੇ ਖ਼ੂਨਦਾਨ ਕੀਤਾ।ਇਸ ਕੈਂਪ ਵਿਚ ਖਾਸ ਗੱਲ ਇਹ ਰਹੀ ਕਿ ਲਗਪਗ 90 ਫ਼ੀਸਦੀ ਨੌਜਵਾਨ ਕੁੜੀਆਂ ਨੇ ਖ਼ੂਨਦਾਨ ਕੀਤਾ।ਇਸ ਮੌਕੇ ਬੋਲਦਿਆਂ ਹਰਵਿੰਦਰ ਕੌਰ ਪ੍ਰਧਾਨ ਪਹਿਲ ਅਤੇ ਪ੍ਰਿੰਸੀਪਲ ਨਿਰਮਾਣ ਸਕੂਲ ਜਲੰਧਰ ਨੇ ਕਿਹਾ ਕਿ ਜੇਕਰ ਅੱਜ ਦੇ ਕੈਂਪ ਦੀ ਗੱਲ ਕਰੀਏ ਤਾਂ ਇਹ ਕੈਂਪ ਨਾਰੀ ਸ਼ਸ਼ਕਤੀਕਰਨ ਨੂੰ ਸਮਰਪਿਤ ਰਿਹਾ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਔਰਤ ਦਾ ਆਪਣੇ-ਆਪ ਨੂੰ ਖੁਦ ਉਚਾ ਚੁੱਕਣਾ ਹੀ ਉਨ੍ਹਾਂ ਦੀ ਵਿਕਾਸ ਵੱਲ ਪਹਿਲਕਦਮੀ ਹੈ, ਜੋ ਕਿ ਇਸ ਕੈਂਪ ਵਿਚ ਦੇਖਣ ਨੂੰ ਮਿਲੀ।ਉਨ੍ਹਾਂ ਗੱਲ ਅੱਗੇ ਜਾਰੀ ਰੱਖਦਿਆਂ ਕਿਹਾ ਕਿ ਖੂਨਬੈਂਕ ਵਿਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਨੌਜਵਾਨ ਲੜਕੇ-ਲੜਕੀਆਂ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਅਗਾਊਂ ਅਸਾਨੀ ਨਾਲ ਲੋੜਵੰਦਾਂ ਨੂੰ ਮੌਕੇ ਤੇ ਖੂਨ ਮਿਲ ਸਕੇ।ਇਸ ਮੌਕੇ ਡਾ. ਸੰਜੀਵ ਸੂਦ ਪ੍ਰਿੰਸੀਪਲ ਡੀਏਵੀ ਕਾਲਜ ਆਫ ਆਯੂਰਵੈਦਿਕ ਨੇ ਦੱਸਿਆ ਕਿ ਅੱਜ ਦੇ ‘ਪਹਿਲ’ ਦੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 70 ਬੋਤਲਾਂ ਸਵੈ-ਇਛੁੱਕ ਦਾਨ ਕੀਤਾ ਖੂਨ ਇਕੱਤਰ ਕੀਤਾ ਗਿਆ।ਉਨ੍ਹਾਂ ਅੱਗੇ ਕਿਹਾ ਕਿ ਮਾੜੀ ਸਿਹਤ, ਖੂਨ ਦੀ ਕਮੀ,ਅਚੇਤਨਾ, ਸਵੈਪ੍ਰਸਥ ਵਿਕਾਸ ਸਵੈ-ਇਛੁੱਕ ਖੂਨਦਾਨ ਦੀਆਂ ਵੱਡੀਆਂ ਰੁਕਾਵਟਾਂ ਹਨ।

ਇਸ ਖੂਨਦਾਨ ਕੈਂਪ ਵਿਚ ਡਾ. ਗਗਨ ਠਾਕੁਰ ਡੀਏਵੀ ਕਾਲਜ ਆਫ ਆਯੂਰਵੈਦਿਕ, ਪਹਿਲ ਦੇ ਕਾਰਜਕਰਤਾਵਾਂ ਵਿਚੋਂ ਮੋਹਿਤ ਰੂਬਲ ਹੈੱਡ ਆਫ ਆਪਰੇਸ਼ਨ ਦੀ ਸਰਪ੍ਰਸਤੀ ਹੇਠ ਨਿਖਿਲ, ਸਪਰਸ਼ ਇੰਟਰਨਜ਼ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪਹਿਲ ਦੇ ਕਾਰਜਕਰਤਾ ਦਿਵਿਆਂਸੀ, ਮੋਨਿਕਾ ਅਤੇ ਵੇਦਾਂਤ ਨੇ ਕੈਂਪ ਨੂੰ ਨੇਪਰੇ ਚਾੜਨ ਦੀ ਅਹਿਮ ਭੂਮਿਕਾ ਨਿਭਾਈ। ਡਾ. ਕੁਸੁਮ ਠਾਕੁਰ ਬੀਟੀਓ, ਸ਼੍ਰੀਮੰਨ ਹਸਪਤਾਲ ਦੀ ਅਗਵਾਈ 'ਚ ਬਲੱਡ ਬੈਂਕ ਟੀਮ ਸ਼੍ਰੀਮੰਨ ਹਸਪਤਾਲ ਜਲੰਧਰ ਨੇ ਦਾਨ ਕੀਤਾ ਖੂਨ ਇਕੱਤਰ ਕੀਤਾ।ਖੂਨਦਾਨੀਆਂ ਨੂੰ ਸਰਟੀਫੀਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ ਗਿਆ।

Posted By: Shubham Kumar