ਮਦਨ ਭਾਰਦਵਾਜ/ਜੇਐੱਨਐੱਨ, ਜਲੰਧਰ : ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਸ਼ਹਿਰ ਦੀਆਂ ਦੋ ਅਬਾਦੀਆਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੇ ਲੱਧੇਵਾਲੀ ਵਿਚ ਕਾਰਵਾਈ ਦੌਰਾਨ 7 ਨਾਜਾਇਜ਼ ਦੁਕਾਨਾਂ ਡਿੱਚ ਮਸ਼ੀਨ ਚਲਾ ਕੇ ਢਾਹ ਦਿੱਤੀਆਂ। ਦੁਕਾਨਦਾਰਾਂ ਨੇ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਇਸ ਦੇ ਬਾਵਜੂਦ ਬਿਲਡਿੰਗ ਬਰਾਂਚ ਦੀ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ ਦੁਕਾਨਾਂ ਢਾਹ ਦਿੱਤੀਆਂ। ਦੂਜੇ ਪਾਸੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵੈਸਟ ਹਲਕੇ ਦੇ ਵਿਧਾਇਕ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮਾਰਤਾਂ ਨੂੰ ਢਾਹੁਣਾ ਕੋਈ ਹੱਲ ਨਹੀਂ। ਇਸ ਕਾਰਵਾਈ ਤੋਂ ਨਾਰਾਜ਼ ਵਿਧਾਇਕ ਰਿੰਕੂ ਦੇ ਫੋਨ ਤੋਂ ਬਾਅਦ ਨਿਗਮ ਦੀ ਟੀਮ ਡਿੱਚ ਮਸ਼ੀਨ ਸਮੇਤ ਵਾਪਸ ਚਲੀ ਗਈ। ਵਿਧਾਇਕ ਰਿੰਕੂ ਨੇ ਐੱਮਟੀਪੀ ਪਰਮਪਾਲ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਤੇ ਚਿਤਾਵਨੀ ਦਿੱਤੀ ਕਿ ਮੁੜ ਉਨ੍ਹਾਂ ਦੇ ਹਲਕੇ 'ਚ ਅਜਿਹੀ ਕਾਰਵਾਈ ਲਈ ਟੀਮ ਨਾ ਭੇਜੀ ਜਾਵੇ। ਰਿੰਕੂ ਨੇ ਕਿਹਾ ਕਿ ਜੇਕਰ ਬਿਲਡਿੰਗ ਬ੍ਾਂਚ ਦੇ ਅਧਿਕਾਰੀਆਂ ਨੇ ਅਦਾਲਤ 'ਚ ਕੇਸ ਦੀ ਸਹੀ ਤਰੀਕੇ ਨਾਲ ਪੈਰਵਾਈ ਕੀਤੀ ਹੁੰਦੀ ਤਾਂ ਲੋਕਾਂ ਦਾ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਇਸ ਕੇਸ 'ਚ ਮੁੱਖਮੰਤਰੀ ਤੇ ਸਥਾਨਕ ਸਰਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਨੂੰ ਮਿਲਣਗੇ। ਇਸੇ ਤਰ੍ਹਾਂ ਦੇ ਕੇਸ 'ਚ ਲੁਧਿਆਣਾ ਨਿਗਮ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਅਜਿਹੇ ਹੀ ਕੇਸ 'ਚ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਅਦਾਲਤ 'ਚ ਐਫੀਡੇਵਿਟ ਦਿੱਤਾ ਹੈ ਕਿ ਉਹ ਵਨ ਟਾਈਮ ਸੈਟਲਮੈਂਟ ਪਾਲਿਸੀ ਤੇ ਜ਼ੋਨਿੰਗ ਪਾਲਿਸੀ ਲਿਆ ਰਹੇ ਹਨ। ਉਦੋਂ ਤਕ ਇਮਾਰਤਾਂ ਢਾਹੁਣ ਦੀ ਥਾਂ 'ਤੇ ਸੀਲਿੰਗ ਕਰਨ ਦੇ ਹੁਕਮ ਦਿੱਤੇ ਜਾਣ। ਰਿੰਕੂ ਨੇ ਕਿਹਾ ਕਿ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਲੁਧਿਆਣਾ 'ਚ ਸਿਰਫ਼ ਸੀਲਿੰਗ ਹੋ ਰਹੀ ਹੈ। ਜੋ ਇਮਾਰਤਾਂ ਪਾਲਿਸੀ 'ਚ ਫਿੱਟ ਨਹੀਂ ਆਉਣਗੀਆਂ, ਉਨ੍ਹਾਂ ਨੂੰ ਢਾਹਿਆ ਜਾ ਸਕਦਾ ਹੈ ਪਰ ਉੁਦੋਂ ਤਕ ਉਡੀਕ ਜ਼ਰੂਰੀ ਹੈ।

ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਹਾਈ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ 'ਤੇ ਉਕਤ ਕਾਰਵਾਈ ਕੀਤੀ, ਕਿਉਂਕਿ ਨਗਰ ਨਿਗਮ ਨੇ ਹਾਈ ਕੋਰਟ ਵਿਚ ਹਲਫੀਆ ਬਿਆਨ ਦੇ ਰੱਖਿਆ ਹੈ ਜਿਸ ਵਿਚ 6 ਮਹੀਨਿਆਂ ਦੌਰਾਨ 2-2 ਮਹੀਨੇ ਦੇ 3 ਪੜਾਵਾਂ ਵਿਚ ਕਾਰਵਾਈ ਕੀਤੀ ਜਾਵੇਗੀ ਤੇ ਇਸ ਨੂੰ ਹੀ ਮੁੱਖ ਰੱਖਦੇ ਹੋਏ ਨਗਰ ਨਿਗਮ ਨੇ ਉਕਤ ਦੋਵਾਂ ਥਾਵਾਂ 'ਤੇ ਕਮਿਸ਼ਨਰ ਦੇ ਹੁਕਮਾਂ 'ਤੇ ਕਾਰਵਾਈ ਕੀਤੀ। ਨਗਰ ਨਿਗਮ ਦੀ ਟੀਮ ਜੋ ਕਿ ਐੱਮਟੀਪੀ ਪਰਮਪਾਲ ਦੀ ਅਗਾਵਾਈ 'ਚ ਗਈ ਸੀ, ਨੇ ਵੈਸਟ ਵਿਧਾਨ ਸਭਾ ਹਲਕੇ 'ਚ ਨਹਿਰ ਕੰਢੇ ਸ਼ਹੀਦ ਬਾਬੂ ਲਾਭ ਸਿੰਘ ਰੋਡ 'ਤੇ ਬਣੀਆਂ 4 ਨਾਜਾਇਜ਼ ਦੁਕਾਨਾਂ ਜਿਹੜੀਆਂ ਕਿ ਹਾਲ ਹੀ 'ਚ ਬਣੀਆਂ ਸਨ, ਲਗਪਗ 10 ਵਜੇ ਕਾਰਵਾਈ ਕਰਦੇ ਹੋਏ ਢਾਹ ਦਿੱਤੀਆਂ। ਇਸ ਕਾਰਵਾਈ ਦਾ ਦੁਕਾਨ ਮਾਲਕ ਦਵਿੰਦਰ ਸਿੰਘ ਨੇ ਵਿਰੋਧ ਕੀਤਾ ਤੇ ਸਮਝੌਤਾ ਕਰਨ ਦੀ ਵੀ ਮੰਗ ਕੀਤੀ ਪਰ ਨਿਗਮ ਅਧਿਕਾਰੀ ਨਹੀਂ ਮੰਨੇ।

-----

ਲੱਧੇਵਾਲੀ 'ਚ 3 ਦੁਕਾਨਾਂ ਢਾਹੀਆਂ

ਲੱਧੇਵਾਲੀ ਤੋਂ ਅਮਰਜੀਤ ਸਿੰਘ ਲਵਲਾ ਅਨੁਸਾਰ : ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਤੌਰ 'ਤੇ ਬਣੀਆਂ 3 ਦੁਕਾਨਾਂ ਡਿਚ ਚਲਾ ਕੇ ਢਾਹ ਦਿੱਤੀਆਂ। ਉਕਤ ਦੁਕਾਨਾਂ ਸ਼ਿਵ ਸਿੰਘ ਨਾਂ ਦੇ ਵਿਅਕਤੀ ਨੇ ਬਣਾ ਕੇ ਵੇਚੀਆਂ ਸਨ। ਹੁਣ ਇਹ ਪਤਾ ਨਹੀਂ ਲੱਗਾ ਦੁਕਾਨਾਂ ਕਿਸੇ ਨੇ ਖ਼ਰੀਦੀਆਂ ਸਨ।

---

ਨਿਗਮ ਵੱਲੋਂ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ : ਵਿਧਾਇਕ ਰਿੰਕੂ

ਵੈਸਟ ਵਿਧਾਨ ਸਭਾ ਹਲਕਾ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਨਗਰ ਨਿਗਮ ਦੀ ਉਕਤ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਨਿਗਮ ਵੱਲੋਂ ਜ਼ੋਨਿੰਗ ਪਾਲਿਸੀ ਬਣਾ ਕੇ ਹਾਊਸ ਵਿਚ ਪਾਸ ਕਰ ਕੇ ਸਰਕਾਰ ਨੂੰ ਅਜੇ ਤਕ ਨਾ ਭੇਜੇ ਜਾਣ ਕਾਰਨ ਹੀ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਜ਼ੋਨਿੰਗ ਪਾਲਿਸੀ ਬਣਾ ਕੇ ਹਾਊਸ ਵਿਚ ਪਾਸ ਕਰ ਕੇ ਸਰਕਾਰ ਨੂੰ ਭੇਜੇ ਤੇ ਉਹ ਉਸ ਨੂੰ ਪਾਸ ਕਰਵਾ ਕੇ ਨਿਗਮ ਨੂੰ ਭੇਜਣਗੇ, ਤਾਂ ਜੋ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਲੋਕਾਂ ਦਾ ਕਾਰੋਬਾਰ ਪਹਿਲਾਂ ਹੀ ਠੱਪ ਹੋ ਰਿਹਾ ਹੈ ਤੇ ਦੂਜੇ ਪਾਸੇ ਨਿਗਮ ਵੱਲੋਂ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਨੁਕਸਾਨ ਦੇਸ਼ ਦਾ ਨੁਕਸਾਨ ਹੈ ਤੇ ਇਕ ਵਿਅਕਤੀ ਪਤਾ ਨਹੀਂ ਕਿਵੇਂ ਆਪਣੀ ਜਾਇਦਾਦ ਬਨਾਉਂਦਾ ਹੈ ਪਰ ਨਿਗਮ ਦੀ ਬਿਲਡਿੰਗ ਬਰਾਂਚ ਕਾਰਵਾਈ ਕਰਦੇ ਮਿੰਟ ਨਹੀਂ ਲਾਉਂਦੀ।

---

ਰਿੰਕੂ ਪਹਿਲਾਂ ਵੀ ਤਿੰਨ ਕਰ ਚੁੱਕੇ ਹਨ ਵਿਰੋਧ

ਨਾਜਾਇਜ਼ ਉਸਾਰੀਆਂ ਢਾਹੇ ਜਾਣ 'ਤੇ ਵਿਧਾਇਕ ਰਿੰਕੂ ਤਿੰਨ ਵਾਰ ਪਹਿਲਾਂ ਵੀ ਵਿਰੋਧ ਕਰ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ ਡੇਢ ਸਾਲ ਪਹਿਲਾਂ ਸਥਾਨਕ ਸਰਕਾਰਾਂ ਮਾਮਲਿਆਂ ਬਾਰੇ ਮੰਤਰੀ ਦੇ ਹੁਕਮ 'ਤੇ ਸ਼ੁਰੂ ਹੋਈ ਕਾਰਵਾਈ ਦੌਰਾਨ ਡਿੱਚ ਮਸ਼ੀਨ 'ਤੇ ਚੜ੍ਹ ਕੇ ਕਾਰਵਾਈ ਰੋਕ ਦਿੱਤੀ ਸੀ। ਇਸ ਤੋਂ ਬਾਅਦ ਬਸਤੀਆਂ 'ਚ ਕਾਰਵਾਈ ਲਈ ਆਈ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨਾਲ ਵੀ ਟਕਰਾਅ ਹੋ ਗਿਆ ਸੀ। ਲੋਕਸਭਾ ਚੋਣਾਂ ਦੌਰਾਨ ਸ਼ਹਿਮਾਈ ਪੈਲੇਸ ਨੇੜੇ ਦੁਕਾਨਾਂ ਸੀਲ ਕਰਨ 'ਤੇ ਰਿੰਕੂ ਭੜਕ ਗਏ ਸਨ ਤੇ ਨਿਗਮ ਦਾ ਨੋਟਿਸ ਪਾੜ ਕੇ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਕਾਰਵਾਈ ਰੋਕ ਦਿੱਤੀ ਗਈ ਸੀ।

---

ਰਿੰਕੂ ਨਾਲ ਸਹਿਮਤ ਹਾਂ : ਮੇਅਰ

ਮੇਅਰ ਜਗਦੀਸ਼ ਰਾਜ ਰਾਜਾ ਨੇ ਕਿਹਾ ਕਿ ਉਹ ਵਿਧਾਇਕ ਸੁਸ਼ੀਲ ਰਿੰਕੂ ਦੀ ਗੱਲ ਨਾਲ ਸਹਿਮਤ ਹਨ। ਕਿਸੇ ਦੀ ਇਮਾਰਤ ਨੂੰ ਢਾਹਿਆ ਨਹੀਂ ਜਾਣਾ ਚਾਹੀਦਾ। ਲੋਕਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਗੱਲਬਾਤ ਲਈ ਸ਼ਨਿਚਰਵਾਰ ਸੱਦਿਆ ਹੈ। ਜੇ ਲੁਧਿਆਣਾ 'ਚ ਜ਼ੋਨਿੰਗ 'ਤੇ ਕੰਮ ਹੋ ਰਿਹਾ ਹੈ ਤਾਂ ਜਲੰਧਰ 'ਚ ਵੀ ਦੇਰ ਨਹੀਂ ਹੋਣੀ ਚਾਹੀਦੀ। ਛੇਤੀ ਹੀ ਜ਼ੋਨਿੰਗ ਦਾ ਕੰਮ ਨਿਪਟਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

----