ਜੇਐੱਨਐੱਨ, ਜਲੰਧਰ : ਕੋਰੋਨਾ ਦੀ ਵੱਧ ਰਹੀ ਇਨਫੈਕਸ਼ਨ ਹਾਲੇ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਹਾਲਾਤ ਇਹ ਹਨ ਕਿ ਸਕੂਲ-ਕਾਲਜਾਂ ਵਿਚ ਸਿਰਫ਼ ਸਟਾਫ ਦੇ ਆਉਣ ਦੇ ਬਾਵਜੂਦ ਸਟਾਫ ਮੈਂਬਰ ਇਸ ਦੀ ਲਪੇਟ ਵਿਚ ਆ ਰਹੇ ਹਨ। ਵੀਰਵਾਰ ਨੂੰ ਅੰਮ੍ਰਿਤਸਰ ਦੇ ਇਕ ਸਰਕਾਰੀ ਕਾਲਜ ਦੇ ਚਾਰ ਲੈਕਚਰਾਰ, ਛੇ ਸੇਵਾਦਾਰ ਅਤੇ ਇਕ ਜੂਨੀਅਰ ਲੈਬ ਅਟੈਂਡੈਂਟ ਪਾਜ਼ੇਟਿਵ ਪਾਏ ਗਏ ਹਨ। ਇਸ ਦਿਨ ਕੁਲ 2739 ਲੋਕ ਜਿੱਥੇ ਪਾਜ਼ੇਟਿਵ ਪਾਏ ਗਏ ਹਨ, ਉੱਥੇ 66 ਲੋਕਾਂ ਦੀ ਮੌਤ ਵੀ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਕ ਹੀ ਦਿਨ ਵਿਚ 2248 ਲੋਕ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬ ਵੀ ਹੋਏ ਹਨ।

ਵੀਰਵਾਰ ਨੂੰ ਵੀ ਸੂਬੇ ਦੇ ਅੱਠ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਸਭ ਤੋਂ ਜ਼ਿਆਦਾ 464 ਮਰੀਜ਼ ਲੁਧਿਆਣਾ ਵਿਚ, 345 ਜਲੰਧਰ ਵਿਚ, 294 ਪਟਿਆਲਾ ਵਿਚ, 278 ਮੋਹਾਲੀ ਵਿਚ, 163 ਬਠਿੰਡਾ ਵਿਚ, 181 ਅੰਮ੍ਰਿਤਸਰ ਵਿਚ, 133 ਗੁਰਦਾਸਪੁਰ ਵਿਚ ਅਤੇ ਫਿਰੋਜ਼ਪੁਰ 115 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ 12, ਜਲੰਧਰ ਵਿਚ ਨੌਂ, ਪਟਿਆਲਾ ਵਿਚ ਅੱਠ ਅਤੇ ਫ਼ਤਹਿਗੜ੍ਹ ਸਾਹਿਬ ਵਿਚ ਛੇ ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ। ਸੂਬੇ ਵਿਚ ਕੁੱਲ ਮੌਤਾਂ ਦਾ ਅੰਕੜਾ 2620 ਤਕ ਪੁੱਜ ਗਿਆ ਹੈ। ਇਸੇ ਤਰ੍ਹਾਂ ਸੂਬੇ ਵਿਚ ਹੁਣ ਤਕ 89,871 ਲੋਕ ਜਿੱਥੇ ਪਾਜ਼ੇਟਿਵ ਹੋ ਚੁੱਕੇ ਹਨ ਉੱਥੇ ਫ਼ਿਲਹਾਲ 21343 ਸਰਗਰਮ ਕੇਸ ਹਨ।

Posted By: Jagjit Singh