ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਥਾਣਾ ਭੋਗਪੁਰ ਤੋਂ 500 ਮੀਟਰ ਦੀ ਦੂਰੀ 'ਤੇ ਪੈਂਦੀ ਗਲ਼ੀ ਦੇ ਘਰ 'ਚੋਂ ਇਕੱਲੀ ਰਹਿੰਦੀ 65 ਸਾਲ ਦੇ ਕਰੀਬ ਮਹਿਲਾ ਦੀ ਬੰਦ ਘਰ 'ਚੋਂ ਲਾਸ਼ ਮਿਲਣ ਨਾਲ ਪੂਰੇ ਸ਼ਹਿਰ 'ਚ ਸਨਸਨੀ ਫੈਲ ਗਈ ਹੈ।

ਜਾਣਕਾਰੀ ਅਨੁਸਾਰ ਗੁਰਬਖ਼ਸ਼ ਕੌਰ (65) ਪਤਨੀ ਲੇਟ ਗੁਰਮੇਜ ਸਿੰਘ ਵਾਸੀ ਭੋਗਪੁਰ ਵਿਖੇ ਘਰ 'ਚ ਇਕੱਲੀ ਰਹਿੰਦੀ ਸੀ। ਇਸ ਦੌਰਾਨ ਮ੍ਰਿਤਕ ਗੁਰਬਖਸ਼ ਕੌਰ ਦੀ ਬੇਟੀ ਪਰਮਜੀਤ ਕੌਰ ਜੋ ਕਿ ਜਲੰਧਰ ਰਹਿੰਦੀ ਹੈ, ਅੱਜ ਭੋਗਪੁਰ ਆਪਣੇ ਘਰ ਆਈ ਤਾਂ ਦੇਖਿਆ ਕਿ ਮੇਨ ਗੇਟ ਦੇ ਬਾਹਰ ਕੁੰਡਾ ਲੱਗਾ ਸੀ। ਜਦੋਂ ਉਹ ਕੁੰਡਾ ਖੋਲ੍ਹ ਕੇ ਘਰ ਅੰਦਰ ਗਈ ਤਾਂ ਪਹਿਲੀ ਮੰਜ਼ਿਲ ਦੇ ਕਮਰੇ 'ਚ ਗੁਰਬਖਸ਼ ਕੌਰ ਦੀ ਲਾਸ਼ ਬੈੱਡ ਉੱਪਰ ਪਈ ਮਿਲੀ ਅਤੇ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਦੂਸਰੇ ਪਾਸੇ ਘਰ 'ਚ ਕੋਈ ਵੀ ਸਾਮਾਨ ਨਹੀਂ ਖਿੱਲਰਿਆ ਸੀ। ਮ੍ਰਿਤਕ ਗੁਰਬਖ਼ਸ਼ ਕੌਰ ਨੂੰ ਬ੍ਰੇਨ ਹੈਮਰੇਜ ਦੀ ਬਿਮਾਰੀ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਲਾਸ਼ ਦੀ ਸੂਚਨਾ ਭੋਗਪੁਰ ਪੁਲਿਸ ਨੂੰ ਮਿਲਣ 'ਤੇ ਥਾਣਾ ਭੋਗਪੁਰ ਦੇ ਮੁਖੀ ਜਰਨੈਲ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਦਿਆਂ ਟੀਮ ਨਾਲ ਮੌਕੇ 'ਤੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਐੱਸਪੀ ਜਾਂਚ ਸਰਬਜੀਤ ਸਿੰਘ ਬਾਹੀਆ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਲੈਂ ਕੇ ਤੇ ਗਲੀ 'ਚ ਲੱਗੇ ਸਾਰੇ ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲਣ ਲਈ ਟੀਮਾਂ ਬਣਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਅਜੇ ਇਸ ਘਟਨਾ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

Posted By: Seema Anand