ਜੇਐੱਨਐੱਨ, ਜਲੰਧਰ : ਸੂਬੇ 'ਚ ਸਤੰਬਰ ਮਹੀਨੇ ਕੋਰੋਨਾ ਦੇ ਮਰੀਜ਼ ਵਧਣ ਤੋਂ ਬਾਅਦ ਹੁਣ ਇਨ੍ਹਾਂ ਦੀ ਗਿਣਤੀ ਘਟਣ ਲੱਗ ਪਈ ਹੈ। ਬੁੱਧਵਾਰ ਨੂੰ 1968 ਤੇ ਵੀਰਵਾਰ ਨੂੰ 1801 ਲੋਕ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਪਾਜ਼ੇਟਿਵ ਨਿਕਲਣ ਵਾਲਿਆਂ ਨਾਲੋਂ ਵੱਧ ਗਿਣਤੀ ਸਿਹਤਯਾਬ ਹੋਣ ਵਾਲਿਆਂ ਦੀ ਹੈ। ਵੀਰਵਾਰ ਨੂੰ 2231 ਲੋਕ ਕੋਰੋਨਾ ਨੂੰ ਹਰਾਉਣ 'ਚ ਸਫਲ ਹੋਏ। ਦੂਸਰੇ ਪਾਸੇ ਸੂਬੇ 'ਚ 65 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 3048 ਹੋ ਗਈ ਹੈ। ਵੀਰਵਾਰ ਨੂੰ ਸਭ ਤੋਂ ਵੱਧ 13 ਮੌਤਾਂ ਅੰਮਿ੍ਤਸਰ 'ਚ ਹੋਈਆਂ। ਇਸੇ ਤਰ੍ਹਾਂ ਜਲੰਧਰ 'ਚ 8 ਤੇ ਲੁਧਿਆਣਾ 'ਚ 7 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ।

ਇਸੇ ਤਰ੍ਹਾਂ ਵੀਰਵਾਰ ਨੂੰ ਸਭ ਤੋਂ ਵੱਧ 191 ਮਰੀਜ਼ ਲੁਧਿਆਣਾ ਤੋਂ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 173 ਜਲੰਧਰ 'ਚ, 169 ਮੋਹਾਲੀ 'ਚ, 154 ਅੰਮਿ੍ਤਸਰ 'ਚ, 151 ਪਠਾਨਕੋਟ 'ਚ, 135 ਪਟਿਆਲਾ 'ਚ ਤੇ 105 ਮਰੀਜ਼ ਗੁਰਦਾਸਪੁਰ 'ਚ ਪਾਜ਼ੇਟਿਵ ਪਾਏ ਗਏ। ਸੂਬੇ 'ਚ ਹੁਣ ਵੀ 76 ਲੋਕ ਵੈਂਟੀਲੇਟਰ 'ਤੇ ਹਨ ਤੇ 443 ਲੋਕ ਆਕਸੀਜਨ 'ਤੇ ਰੱਖੇ ਗਏ ਹਨ।