ਜਤਿੰਦਰ ਪੰਮੀ, ਜਲੰਧਰ

ਸ਼ਹਿਰ ਦੇ ਰਹਿਣ ਵਾਲੇ ਕੋਰੋਨਾ ਮਰੀਜ਼ ਦੀ ਬੁੱਧਵਾਰ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ 'ਚ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਨਾਲ 9ਵੀਂ ਮੌਤ ਹੋਣ ਕਾਰਨ ਦਹਿਸ਼ਤ ਵਧ ਗਈ ਹੈ। ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੰਜ ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਦੇ ਘਰ 'ਚ ਆਈਸੋਲੇਸ਼ਨ ਲਈ ਭੇਜ ਦਿੱਤਾ ਹੈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 266 ਅਤੇ ਮਰਨ ਵਾਲਿਆਂ ਦੀ ਗਿਣਤੀ 9 ਤਕ ਪਹੁੰਚ ਗਈ ਹੈ।

ਜਾਣਕਾਰੀ ਅਨੁਸਾਰ 64 ਸਾਲਾ ਮਹਿੰਦਰ ਪਾਲ ਕਪੂਰ ਨੂੰ ਕੁਝ ਦਿਨਾਂ ਤੋਂ ਖਾਂਸੀ, ਗਲਾ ਖਰਾਬ ਅਤੇ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਸੀ ਅਤੇ ਉਹ ਸ਼ੂਗਰ ਦਾ ਮਰੀਜ਼ ਵੀ ਸੀ। ਛਾਤੀ 'ਚ ਜਕੜਨ ਆਉਣ ਤੋਂ ਬਾਅਦ ਉਨ੍ਹਾਂ ਨੂੰ 1 ਜੂਨ ਨੂੰ ਐੱਸਜੀਐੱਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਹਸਪਤਾਲ 'ਚ ਕਰੀਬ ਇਕ ਘੰਟਾ ਰੁਕੇ ਅਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਲੈ ਗਏ ਜਿੱਥੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਕੀਤੇ ਜਾਣ 'ਤੇ ਉਨ੍ਹਾਂ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ। ਇੱਥੇ ਇਲਾਜ ਦੌਰਾਨ ਮੰਗਲਵਾਰ ਦੇਰ ਰਾਤ ਮਰੀਜ਼ ਨੇ ਦਮ ਤੋੜ ਦਿੱਤਾ। ਸਿਹਤ ਵਿਭਾਗ ਨੇ ਐਂਬੂਲੈਂਸ ਅਤੇ ਟੀਮ ਭੇਜ ਕੇ ਡੀਐੱਮਸੀ ਹਸਪਤਾਲ ਲੁਧਿਆਣਾ ਤੋਂ ਲਾਸ਼ ਮੰਗਵਾਈ ਅਤੇ ਪੂਰੀ ਅਹਿਤਿਆਤ ਦੇ ਨਾਲ ਮਾਡਲ ਹਾਊਸ ਸ਼ਮਸ਼ਾਨਘਾਟ 'ਚ ਸਸਕਾਰ ਕਰਵਾ ਦਿੱਤਾ। ਉਨ੍ਹਾਂ ਦੇ ਪੁੱਤਰ ਗੌਤਮ ਕਪੂਰ ਨੇ ਉਨ੍ਹਾਂ ਨੂੰ ਅਗਨ ਭੇਟ ਕੀਤੀ। ਸਸਕਾਰ ਕਰਵਾਉਣ ਵਾਲੀ ਟੀਮ 'ਚ ਡਾ. ਰੋਹਿਤ ਸ਼ਰਮਾ, ਏਐੱਮਓ ਦਰਸ਼ਨ ਭੱਟੀ, ਸੱਤਪਾਲ, ਇਲਾਕੇ ਦੀਆਂ ਆਸ਼ਾ ਵਰਕਰਾਂ ਤੇ ਏਐੱਨਐੱਮ ਮੌਜੂਦ ਸਨ।

ਆਈਐੱਮਏ ਪੰਜਾਬ ਵੱਲੋਂ ਬਿੱਲੀ ਚਾਹਰਮੀ ਸ਼ਾਹਕੋਟ ਤੋਂ ਪੰਜ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ। ਘਰ 'ਚ ਆਈਸੋਲੇਟ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 215 ਤਕ ਪਹੁੰਚ ਗਈ ਹੈ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਡੀਐੱਮਸੀ ਲੁਧਿਆਣਾ 'ਚ ਜਲੰਧਰ ਦੇ ਟੈਗੋਰ ਨਗਰ ਦੇ ਰਹਿਣ ਵਾਲੇ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 266 ਅਤੇ ਮਰਨ ਵਾਲਿਆਂ ਦੀ ਗਿਣਤੀ 9 ਤਕ ਪਹੁੰਚ ਗਈ ਹੈ। ਬੁੱਧਵਾਰ ਨੂੰ 284 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ 'ਚ ਭੇਜੇ ਗਏ। 242 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 535 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਮਿ੍ਤਕ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀ 20 ਲੋਕਾਂ ਦੀ ਸੂਚੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਵੀਰਵਾਰ ਨੂੰ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਐੱਸਜੀਐੱਲ ਹਸਪਤਾਲ ਦੇ ਸਟਾਫ ਦੇ 6 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਹਸਪਤਾਲ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ।

ਮਿ੍ਤਕ ਦੇ ਸਕੇ-ਸਬੰਧੀ ਨਹੀਂ ਕਰ ਪਾਏ ਅੰਤਿਮ ਦਰਸ਼ਨ

ਕੋਰੋਨਾ ਕਾਰਨ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਟੈਗੋਰ ਨਗਰ 'ਚ ਰਹਿਣ ਵਾਲੇ 64 ਸਾਲਾ ਮਹਿੰਦਰ ਪਾਲ ਕਪੂਰ ਦੀ ਮਿ੍ਤਕ ਦੇਹ ਸਿਹਤ ਵਿਭਾਗ ਦੀ ਟੀਮ ਪੈਕ ਕਰਵਾ ਕੇ ਜਲੰਧਰ ਲੈ ਕੇ ਆਈ। ਸਕੇ-ਸਬੰਧੀ ਪਰਿਵਾਰ ਦੇ ਮੁਖੀਆ ਨੂੰ ਅੰਤਿਮ ਵਿਦਾਈ ਦੇਣ ਲਈ ਮਾਡਲ ਹਾਊਸ ਸ਼ਮਸ਼ਾਨਘਾਟ ਪੁੱਜੇ ਪਰ ਉਨ੍ਹਾਂ ਨੂੰ ਅੰਤਿਮ ਦਰਸ਼ਨ ਨਸੀਬ ਨਹੀਂ ਹੋਏ। ਸ਼ਮਸ਼ਾਨਘਾਟ 'ਚ ਪਰਿਵਾਰਕ ਮੈਂਬਰਾਂ ਸਮੇਤ ਕਰੀਬ 10 ਲੋਕ ਮੌਜੂਦ ਸਨ। ਮਹਿੰਦਰ ਕਪੂਰ ਦਾ ਮੁੰਡਾ ਰਿੱਕੀ ਉਨ੍ਹਾਂ ਦੇ ਨਾਲ ਡੀਐੱਮਸੀ ਲੁਧਿਆਣਾ 'ਚ ਸੀ ਅਤੇ ਬਾਕੀ ਪਰਿਵਾਰ ਘਰ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਨੇ ਮਿ੍ਤਕ ਸਰੀਰ ਪੂਰੀ ਤਰ੍ਹਾਂ ਪੈਕ ਕਰਕੇ ਸਿਹਤ ਵਿਭਾਗ ਦੀ ਟੀਮ ਨੂੰ ਸੌਂਪਿਆ। ਟੀਮ ਨੇ ਲਾਸ਼ ਜਲੰਧਰ ਲਿਆ ਕੇ ਮਾਡਲ ਹਾਊਸ ਸ਼ਮਸ਼ਾਨਘਾਟ 'ਚ ਸਸਕਾਰ ਕਰ ਦਿੱਤਾ। ਉਨ੍ਹਾਂ ਦੇ ਪੁੱਤਰਾਂ ਗੌਤਮ ਕਪੂਰ ਅਤੇ ਰਿੱਕੀ ਨੂੰ ਪਿਤਾ ਦੀ ਮਿ੍ਤਕ ਦੇਹ ਨੂੰ ਅਗਨ ਭੇਟ ਕਰਨ ਦਾ ਮੌਕਾ ਤਾਂ ਮਿਲਿਆ ਪਰ ਉਨ੍ਹਾਂ ਦੀ ਮਾਂ ਵੀਨਾ ਕਪੂਰ ਨੂੰ ਆਪਣੇ ਸੁਹਾਗ ਦੇ ਅੰਤਿਮ ਦਰਸ਼ਨ ਵੀ ਨਸੀਬ ਨਹੀਂ ਹੋਏ। ਘਰ 'ਚ ਉਨ੍ਹਾਂ ਦੇ ਚਾਰ ਪੋਤੇ-ਪੋਤਰੀਆਂ ਵੀ ਦਾਦੇ ਦਾ ਇੰਤਜ਼ਾਰ ਕਰ ਰਹੇ ਸਨ ਪਰ ਹਕੀਕਤ ਤੋਂ ਕੋਹਾਂ ਦੂਰ ਸਨ। ਮਹਿੰਦਰ ਪਾਲ ਕਪੂਰ ਬਸਤੀ ਗੁਜ਼ਾਂ ਦੇ ਮੇਨ ਬਾਜ਼ਾਰ 'ਚ ਰੈਡੀਮੇਡ ਦੀ ਦੁਕਾਨ ਚਲਾਉਂਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਮਾਂ, ਦੋ ਪੁੱਤਰ, ਦੋ ਨੂੰਹਾਂ ਅਤੇ ਚਾਰ ਪੋਤੇ-ਪੋਤਰੀਆਂ ਮੌਜੂਦ ਹਨ। ਇਲਾਕਾ ਨਿਵਾਸੀ ਵੀ ਗਮਗੀਨ ਹਨ। ਉਨ੍ਹਾਂ ਦੇ ਗੁਆਂਢੀ ਰਾਜ ਕੁਮਾਰ ਨੇ ਕਿਹਾ ਕਿ ਮਹਿੰਦਰਪਾਲ ਕਪੂਰ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਸੀ। ਦੋ-ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਅਤੇ ਬੁੱਧਵਾਰ ਨੂੰ ਸਵੇਰੇ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਸਮਾਚਾਰ ਮਿਲਿਆ ਤਾਂ ਪੂਰੀ ਕਲੋਨੀ 'ਚ ਮਾਤਮ ਛਾ ਗਿਆ।

87 ਸਿਹਤ ਟੀਮਾਂ ਨੇ ਕੀਤੀ 20459 ਲੋਕਾਂ ਦੀ ਜਾਂਚ

'ਮਿਸ਼ਨ ਫ਼ਤਹਿ' ਤਹਿਤ ਸਿਹਤ ਵਿਭਾਗ ਦੀਆਂ 87 ਟੀਮਾਂ ਵੱਲੋਂ ਘਰ-ਘਰ ਸਰਵੇ ਦੌਰਾਨ 4468 ਘਰਾਂ 'ਚ ਜਾ ਕੇ 20459 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰ ਚਾਵਲਾ ਅਤੇ ਮੈਡੀਕਲ ਸੁਪਰਡੈਂਟ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਸਰਵੇ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਿਹਤ ਟੀਮਾਂ ਘਰਾਂ ਵਿੱਚ ਜਾ ਕੇ ਲੋਕਾਂ ਦੀ ਸਕਰੀਨਿੰਗ ਕਰਦੀਆਂ ਹਨ। ਹੁਣ ਤੱਕ 9068 ਲੋਕਾਂ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਰਕੇ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਜਿਸ 'ਚੋਂ 8500 ਲੋਕਾਂ ਨੇ ਸਫ਼ਲਤਾ ਪੂਰਵਕ 14 ਦਿਨ ਦਾ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ 568 ਲੋਕਾਂ ਦਾ ਇਕਾਂਤਵਾਸ ਸਮਾਂ ਚੱਲ ਰਿਹਾ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਮਰੀਜ਼ਾਂ ਦੀ ਪਛਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ 8778 ਸ਼ੱਕੀ ਮਰੀਜ਼ਾਂ ਦੇ ਗਲੇ ਰਾਹੀਂ ਟੈਸਟ ਲਏ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕ 7800 ਸੈਂਪਲਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਜਦਕਿ 535 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।