ਜੇਐੱਨਐੱਨ, ਜਲੰਧਰ : ਕੈਂਟ ਰੇਲਵੇ ਸਟੇਸ਼ਨ 'ਤੇ ਇਕ ਅੌਰਤ ਪਰਵਾਸੀ ਅੌਰਤ ਨੂੰ ਗੱਲਾਂ ਵਿਚ ਭਰਮਾ ਕੇ ਉਸ ਨੂੰ ਝਕਾਨੀ ਦੇ ਕੇ ਉਸ ਦਾ 6 ਮਹੀਨੇ ਦਾ ਪੁੱਤਰ ਲੈ ਕੇ ਫਰਾਰ ਹੋ ਗਈ। ਪੀੜਤ ਅੌਰਤ ਆਪਣੇ 6 ਮਹੀਨੇ ਦੇ ਪੁੱਤਰ ਤੇ ਇਕ ਸਾਲ ਦੀ ਧੀ ਨਾਲ ਰੇਲਵੇ ਸਟੇਸ਼ਨ 'ਤੇ ਪਠਾਨਕੋਟ ਲਈ ਗੱਡੀ ਫੜਨ ਵਾਸਤੇ ਆਈ ਹੋਈ ਸੀ। ਉਥੇ ਹੀ ਜੀਆਰਪੀ ਚੌਕੀ ਕੈਂਟ ਦੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਤੋਂ ਬੱਚਾ ਗਾਇਬ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਉਥੋਂ ਲੰਘੀ ਮਾਲਵਾ ਐਕਸਪ੍ਰੈੱਸ ਨੂੰ ਚੱਕੀ ਬੈਂਕ ਤੇ ਦਸੂਹਾ ਨੇੜੇ ਰੁਕਵਾ ਕੇ ਚੈੱਕ ਵੀ ਕਰਵਾਇਆ ਪਰ ਬੱਚੇ ਤੇ ਉਕਤ ਅੌਰਤ ਰੇਲਗੱਡੀ ਵਿਚੋਂ ਨਹੀਂ ਮਿਲੇ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਪਿੰਡ ਮਹਿਰਾ ਵਾਸੀ ਅੌਰਤ ਨੀਲਵਤੀ ਪਤਨੀ ਕਰਨਵੀਰ ਦੇ ਰਿਸ਼ਤੇਦਾਰ ਪ੍ਰਤਾਪ ਨੇ ਜੀਆਰਪੀ ਚੌਕੀ ਜਲੰਧਰ ਕੈਂਟ ਦੇ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰ ਨੀਲਵਤੀ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਵੀਰਵਾਰ ਦੁਪਹਿਰ ਨੂੰ ਪਠਾਨਕੋਟ ਲਈ ਰੇਲਗੱਡੀ ਫੜਨ ਵਾਸਤੇ ਆਈ ਸੀ। ਉਸ ਦੇ ਨਾਲ ਉਸ ਦਾ 6 ਮਹੀਨੇ ਦਾ ਪੁੱਤਰ ਤੇ ਇਕ ਸਾਲ ਦੀ ਧੀ ਵੀ ਸੀ। ਇਸੇ ਦੌਰਾਨ ਰੇਲਵੇ ਸਟੇਸ਼ਨ 'ਤੇ ਬੈਠੀ ਇਕ ਅੌਰਤ ਨੇ ਉਸ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਅਤੇ ਗੱਲਾਂ-ਗੱਲਾਂ ਵਿਚ ਉਸ ਨਾਲ ਵਾਕਫੀ ਕਰ ਲਈ। ਪਠਾਨਕੋਟ ਲਈ ਰੇਲਗੱਡੀ ਆਉਣ 'ਚ ਸਮਾਂ ਸੀ। ਇਸੇ ਦੌਰਾਨ ਅੌਰਤ ਉਸ ਨੇ ਆਪਣੇ ਨਾਲ ਰਾਮਾਮੰਡੀ ਲੈ ਗਈ। ਇਸ ਤੋਂ ਬਾਅਦ ਉਹ ਉਸ ਦੇ ਨਾਲ ਵਾਪਸ ਇਕ ਵਜੇ ਦੇ ਕਰੀਬ ਕੈਂਟ ਰੇਲਵੇ ਸਟੇਸ਼ਨ 'ਤੇ ਆ ਗਈ। ਪ੍ਰਤਾਪ ਨੇ ਦੱਸਿਆ ਕਿ ਇਸੇ ਦੌਰਾਨ ਆਪਣੀ ਰੇਲਗੱਡੀ ਦੀ ਉਡੀਕ ਕਰ ਰਹੀ ਉਸ ਦੀ ਰਿਸ਼ਤੇਦਾਰ ਅੌਰਤ ਨੀਲਵਤੀ ਰੇਲਵੇ ਸਟੇਸ਼ਨ ਦੇ ਪਖਾਨੇ ਵਿਚ ਜਾਣ ਲੱਗੀ ਤਾਂ ਉਸ ਨੇ ਆਪਣੇ ਦੋਵੇਂ ਬੱਚੇ ਉਕਤ ਅੌਰਤ ਕੋਲ ਹੀ ਬਿਠਾ ਦਿੱਤੇ ਤੇ ਉਸ ਨੂੰ ਧਿਆਨ ਰੱਖਣ ਲਈ ਕਿਹਾ। ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਅੌਰਤ ਤੇ ਉਸ ਦਾ 6 ਮਹੀਨੇ ਦਾ ਬੱਚਾ ਉਥੋਂ ਗਾਇਬ ਸੀ। ਇਸ ਤੋਂ ਬਾਅਦ ਨੀਲਵਤੀ ਨੇ ਜੀਆਰਪੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਜੀਆਰਪੀ ਨੇ ਆਪਣੇ ਜਾਂਚ-ਪੜਤਾਲ ਤੋਂ ਬਾਅਦ ਜੀਆਰਪੀ ਥਾਣਾ ਜਲੰਧਰ ਦੇ ਐੱਸਐੱਚਓ ਸਤਪਾਲ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਅੌਰਤ ਨੂੰ ਸ਼ੁੱਕਰਵਾਰ ਸਵੇਰੇ 11 ਵਜੇ ਥਾਣੇ ਆਉਣ ਲਈ ਕਿਹਾ ਤਾਂ ਕਿ ਉਸ ਦੀ ਐੱਫਆਈਆਰ ਦਰਜ ਕੀਤੀ ਜਾ ਸਕੇ।

ਚੌਕੀ ਜੀਆਰਪੀ ਕੈਂਟ ਸਟੇਸ਼ਨ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਕੈਂਟ ਸਟੇਸ਼ਨ 'ਤੇ ਇਕ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਾ, ਜਿਸ ਕਾਰਨ ਪਰਵਾਸੀ ਅੌਰਤ ਦਾ 6 ਮਹੀਨੇ ਦਾ ਬੱਚਾ ਲੈ ਕੇ ਗਾਇਬ ਹੋਈਆਂ ਅੌਰਤ ਬਾਰੇ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਂ ਗਾਇਬ ਹੋਈ ਅੌਰਤ ਦੇ ਨਾਲ ਸਟੇਸ਼ਨ ਤੋਂ ਰਾਮਾ ਮੰਡੀ ਤਕ ਗਈ ਸੀ ਅਤੇ ਆਈ ਸੀ। ਇਸ ਲਈ ਉਕਤ ਰਸਤੇ ਵਿਚ ਪ੍ਰਾਈਵੇਟ ਸੰਸਥਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੰਗੀ ਗਈ ਹੈ ਤਾਂ ਕਿ ਬੱਚੇ ਨੂੰ ਲੈ ਕੇ ਗਾਇਬ ਹੋਈ ਅੌਰਤ ਦੀ ਪਛਾਣ ਕੀਤੀ ਜਾ ਸਕੇ।

ਪਤਾ ਕਰਾਂਗਾ ਕਿਉਂ ਨਹੀਂ ਦਰਜ ਕੀਤਾ ਮਾਮਲਾ : ਡੀਐੱਸਪੀ

ਇਸ ਸਬੰਧੀ ਜਦੋਂ ਜੀਆਰਪੀ ਦੇ ਡੀਐੱਸਪੀ ਸੁਰਿੰਦਰ ਨੂੰ ਪੁੱਿਛਆ ਗਿਆ ਕਿ ਕੈਂਟ ਸਟੇਸ਼ਨ ਤੋਂ 6 ਮਹੀਨੇ ਦਾ ਬੱਚਾ ਲੈ ਕੇ ਗਾਇਬ ਹੋਈ ਅੌਰਤ ਬਾਰੇ ਸ਼ਿਕਾਇਤ ਮਿਲਣ 'ਤੇ ਵੀਰਵਾਰ ਨੂੰ ਹੀ ਐੱਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਜਾਣਕਾਰੀ ਹਾਸਲ ਕਰਨਗੇ ਕਿ ਐੱਫਆਈਆਰ ਦਰਜ ਕਰਨ ਲਈ ਪੀੜਤ ਅੌਰਤ ਨੂੰ ਅਗਲੇ ਦਿਨ ਕਿਉਂ ਬੁਲਾਇਆ ਗਿਆ, ਵੀਰਵਾਰ ਹੀ ਇਸ ਮਾਮਲੇ 'ਚ ਐੱਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ।

ਪੀੜਤਾ ਦੀ ਕਹਾਣੀ 'ਚ ਸਸਪੈਂਸ : ਏਐੱਸਆਈ

ਜੀਆਰਪੀ ਚੌਕੀ ਜਲੰਧਰ ਕੈਂਟ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਜਿਸ ਅੌਰਤ ਦਾ ਬੱਚਾ ਚੋਰੀ ਹੋਇਆ ਹੈ, ਉਸ ਵੱਲੋਂ ਦੱਸੀ ਜਾ ਰਹੀ ਕਹਾਣੀ 'ਚ ਵੀ ਸਸਪੈਂਸ ਹੈ। ਪੀੜਤ ਅੌਰਤ ਨੀਲਵਤੀ ਨੇ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਦੀ ਉਡੀਕ ਕਰਨ ਦੌਰਾਨ ਉਸ ਦੀ ਉਕਤ ਅੌਰਤ ਨਾਲ ਦੋਸਤੀ ਹੋ ਗਈ, ਅਜਿਹਾ ਕਦੇ ਹੋ ਨਹੀਂ ਸਕਦਾ ਕਿ ਕੋਈ ਮੁਸਾਫਰ ਕਿਸੇ ਅਣਜਾਣ ਵਿਅਕਤੀ ਨੂੰ ਬਾਹਰ ਰਾਮਾ ਮੰਡੀ ਤਕ ਘੁੰਮਣ ਜਾਣ ਲਈ ਤਿਆਰ ਹੋ ਜਾਂਦਾ ਹੋਵੇ। ਇਸ ਬਾਰੇ ਪੀੜਤਾ ਕੋਈ ਸਹੀ ਜਵਾਬ ਨਹੀਂ ਦੇ ਸਕੀ ਤਾਂ ਉਹ ਆਪਣੇ ਬੱਚੇ ਨੂੰ ਯਾਦ ਕਰਕੇ ਰੋਂਦੀ ਰਹੀ।