ਜਤਿੰਦਰ ਪੰਮੀ, ਜਲੰਧਰ

ਜ਼ਿਲ੍ਹੇ 'ਚ ਕੁਝ ਦਿਨ ਠੰਢਾ ਰਹਿਣ ਤੋਂ ਬਾਅਦ ਸ਼ਨਿਚਰਵਾਰ ਨੂੰ ਕੋਰੋਨਾ ਦੁਬਾਰਾ ਸਰਗਰਮ ਹੋ ਗਿਆ। ਸ਼ਨਿੱਚਰਵਾਰ ਨੂੰ ਕੋਰੋਨਾ ਪੁਲਿਸ ਕਮਿਸ਼ਨਰ ਦਫਤਰ 'ਚ ਵੀ ਦਾਖਲ ਹੋ ਗਿਆ। ਜ਼ਿਲ੍ਹੇ 'ਚ ਇਕ ਹੀ ਪਰਿਵਾਰ ਦੇ 16 ਮੈਂਬਰਾਂ ਤੇ 11 ਬੱਚਿਆਂ ਸਮੇਤ 57 ਲੋਕਾਂ ਨੂੰ ਗਿ੍ਫਤ 'ਚ ਆਉਣ ਨਾਲ ਅੱਠਵਾਂ ਸੈਂਕੜਾ ਵੀ ਪੂਰਾ ਕੀਤਾ। ਇਨ੍ਹਾਂ 'ਚ ਦੋ ਗਰਭਵਤੀ ਅੌਰਤਾਂ ਵੀ ਸ਼ਾਮਲ ਹਨ। ਸਿਹਤ ਕੇਂਦਰਾਂ 'ਚ 28 ਲੋਕਾਂ ਨੂੰ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 829 ਅਤੇ ਮਰਨ ਵਾਲਿਆਂ ਨੂੰ 22 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚ 8 ਨਵੇਂ ਮਰੀਜ਼ ਅਤੇ 49 ਪੁਰਾਣੇ ਮਰੀਜ਼ਾਂ ਦੀ ਸੰਪਰਕ 'ਚ ਆਉਣ ਵਾਲੇ ਹਨ। ਤਿੰਨ ਨਵੇਂ ਇਲਾਕਿਆਂ 'ਚ ਕੋਰੋਨਾ ਨੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਇਆ।

ਸ਼ਹਿਰ ਦੀ ਸੁਰੱਖਿਆ ਵਿਵਸਥਾ ਦੀ ਕਮਾਨ ਸੰਭਾਲਣ ਵਾਲੇ ਪੁਲਿਸ ਕਮਿਸ਼ਨਰ ਦਫਤਰ 'ਚ ਵੀ ਸ਼ਨਿੱਚਰਵਾਰ ਨੂੰ ਦਸਤਕ ਦੇ ਦਿੱਤੀ ਹੈ। ਦਫਤਰ 'ਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਫਤਿਹਪੁਰੀ ਮੁਹੱਲੇ 'ਚ ਦੋ ਦਿਨ ਪਹਿਲਾਂ ਆਈ ਕੋਰੋਨਾ ਪਾਜ਼ੇਟਿਵ ਆਈ ਮਹਿਲਾ ਦੇ ਸੰਪਰਕ 'ਚ ਆਉਣ ਦੇ ਬਾਅਦ ਪਰਿਵਾਰ ਦੇ 18 ਲੋਕਾਂ ਦੇ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਭੇਜੇ ਸਨ। ਇਨ੍ਹਾਂ 'ਚੋਂ 16 ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ 'ਚ ਪਰਿਵਾਰ ਦੇ ਚਾਰ ਬੱਚੇ ਵੀ ਸ਼ਾਮਲ ਹਨ। ਅੱਧਾ ਦਰਜਨ ਮਰੀਜ਼ ਸੈਨਾ ਦੇ ਹਸਪਤਾਲ ਦਾਖਲ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਇਲਾਵਾ ਪਟੇਲ ਹਸਪਤਾਲ ਦੀ ਨਰਸ ਨੂੰ ਵੀ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ 54 ਮਰੀਜ਼ ਸਰਕਾਰੀ ਮੈਡੀਕਲ ਕਾਲਜ ਅਤੇ 3 ਨਿੱਜੀ ਲੈਬ ਤੋਂ ਪਾਜ਼ੇਟਿਵ ਪਾਏ ਗਏ ਹਨ। ਸਿਹਤ ਕੇਂਦਰਾਂ ਤੋਂ 28 ਲੋਕਾਂ ਨੂੰ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ। ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਦੀ ਲੈਬ 446 ਲੋਕਾਂ ਦੇ ਸੈਂਪਲ ਭੇਜੇ ਗਏ ਹਨ। 435 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ। ਜ਼ਿਲ੍ਹੇ 'ਚ ਕੁੱਲ੍ਹ 24608 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ 22550 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਅੱਜ ਪਾਜ਼ੇਟਿਵ ਆਏ ਮਰੀਜ਼ਾਂ 'ਚ 11 ਬੱਚੇ, 22 ਵਿਅਕਤੀ ਅਤੇ 21 ਮਹਿਲਾਵਾਂ ਸ਼ਾਮਲ ਹਨ। ਅੱਜ ਫਤਿਹਪੁਰੀ ਤੋਂ 16, ਏਕਤਾ ਨਗਰ, ਰੋਜ਼ ਪਾਰਕ ਤੇ ਅਬਾਦਪੁਰਾ ਤੋਂ 3-3, ਫਾਜ਼ਿਲਪੁਰਾ ਸ਼ਾਹਕੋਟ, ਸਿੱਧ ਮੁਹੱਲਾ, ਗੋਲਡਨ ਐਵੇਨਿਊ, ਅਮਨ ਨਗਰ ਤੇ ਕੋਟ ਪਕਸ਼ੀਆਂ ਤੋਂ 2-2, ਪਿੰਡ ਹਜ਼ਾਰਾ, ਦਾਦਾ ਕਲੋਨੀ, ਸੋਢਲ ਨਗਰ, ਮਕਸੂਦਾਂ, ਅਸ਼ੋਕ ਨਗਰ, ਪੁਰਾਣੀ ਰੇਲਵੇ ਰੋਡ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਖੇੜਾ ਰੋਡ ਫਗਵਾੜਾ, ਉੱਚਾ ਪਿੰਡ, ਛੱਜਾਵਾਲੀ, ਰਾਜ ਨਗਰ, ਮਾਡਲ ਟਾਊਨ ਤੋਂ 1-1 ਕੇਸ ਸਾਹਮਣੇ ਆਇਆ ਹੈ। ਐੱਮਐੱਚ ਹਸਪਤਾਲ 'ਚ ਦਾਖਲ 6 ਮਰੀਜ਼ਾਂ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ।

ਬਾਕਸ

6 ਦਿਨਾਂ 'ਚ ਪੂਰਾ ਹੋਇਆ ਅੱਠਵਾਂ ਸੈਂਕੜਾ

ਜੂਨ ਮਹਿਨੇ 'ਚ ਗਰਮੀ ਦਾ ਪਾਰਾ ਚੜ੍ਹਨ ਦੇ ਨਾਲ ਕੋਰੋਨਾ ਵੀ ਕਾਰਜਸ਼ੀਲ ਹੋ ਗਿਆ ਹੈ। ਕਰਫਿਊ ਲੱਗਦਿਆਂ ਹੀ ਲੋਕ ਘਰਾਂ 'ਚ ਬੰਦ ਹੋ ਗਏ। ਕੋਰੋਨਾ ਨੇ 38 ਦਿਨਾਂ 'ਚ ਪਹਿਲਾਂ 105 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲਿਆ। ਇਸਦੇ ਬਾਅਦ ਥੋੜ੍ਹੀ ਿਢੱਲ ਮਿਲਣੀ ਸ਼ੁਰੂ ਹੋਈ ਅਤੇ ਕੋਰੋਨਾ ਨੇ ਵੀ ਤੇਜ਼ੀ ਫੜਦਿਆਂ 13 ਦਿਨਾਂ 'ਚ ਹੀ 102 ਮਰੀਜ਼ਾਂ ਨੂੰ ਨਿਸ਼ਾਨਾ ਬਣਾ ਕੇ ਦੂਸਰਾ ਸੈਂਕੜਾ ਪੂਰਾ ਕੀਤਾ। ਲਾਕਡਾਊਨ 'ਚ ਬਾਜ਼ਾਰ ਅਤੇ ਕੰਮ ਕਾਜ ਤੇਜ਼ੀ ਫੜਨ ਫੜਨ ਦੇ ਨਾਲ ਲੋਕਾਂ ਦੀ ਭੀੜ ਵਧੀ ਤਾਂ 24 ਦਿਨਾਂ 'ਚ 108 ਮਰੀਜ਼ਾਂ ਦੇ ਨਾਲ ਤੀਸਰਾ ਸੈਂਕੜਾ, 113 ਮਰੀਜ਼ਾਂ ਦੇ ਨਾਲ ਦੱਸ ਦਿਨਾਂ 'ਚ ਚੌਥਾ ਸੈਂਕੜਾ ਪੂਰਾ ਹੋਇਆ। ਪੰਜਵਾਂ ਤੇ ਛੇਵਾਂ ਸੈਂਕੜਾ 3-3 ਦਿਨਾਂ 'ਚ ਪੂਰਾ ਕਰਦਿਆਂ ਕੋਰੋਨਾ ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ 'ਚ ਲਿਆ। ਸੱਤਵਾਂ ਸੈਂਕੜਾ 5 ਦਿਨ ਅਤੇ ਅੱਠਵਾਂ ਸੈਂਕੜਾ ਛੇ ਦਿਨਾਂ 'ਚ ਪੂਰਾ ਹੋਇਆ। ਹੁਣ ਤਕ ਮਰੀਜ਼ਾਂ ਦੀ ਗਿਣਤੀ 829 ਹੋ ਗਈ ਹੈ।