ਰਾਕੇਸ਼ ਗਾਂਧੀ, ਜਲੰਧਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਮਿਲਣ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਲਗਾਤਾਰ ਸਰਾਬ ਦੇ ਤਸਕਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਜਲੰਧਰ ਕਮਿਸ਼ਨਰੇਟ ਦੇ ਅਲੱਗ-ਅਲੱਗ ਥਾਣਿਆਂ ਦੀ ਪੁਲਿਸ ਨੇ ਸੱਤ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਨੰਬਰ ਦੋ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਐਕਟਿਵਾ 'ਤੇ ਸ਼ਰਾਬ ਦੀ ਸਪਲਾਈ ਦੇਣ ਜਾ ਰਹੇ ਰਾਜੀਵ ਵਾਸੀ ਗੋਪਾਲ ਨਗਰ ਨੂੰ ਕਾਬੂ ਕਰਕੇ ਉਸ ਕੋਲੋਂ 27 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਸਬ ਇੰਸਪੈਕਟਰ ਭਗਤ ਵੀਰ ਸਿੰਘ ਨੇ ਗੋਪਾਲ ਨਗਰ ਫੁੱਲਾਂ ਵਾਲੀ ਮਾਰਕੀਟ ਲਾਗਿਉਂ ਰਾਹੁਲ ਉਰਫ ਰਿੱਕੀ ਵਾਸੀ ਮੁਹੱਲਾ ਕਰਾਰ ਖਾਂ ਨੂੰ ਕਾਬੂ ਕਰਕੇ ਉਸ ਕੋਲੋਂ 9 ਹਜ਼ਾਰ ਮਿਲੀਲੀਟਰ ਨਾਜਾਇਜ਼ ਸਰਾਬ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਨੰਬਰ ਤਿੰਨ ਦੇ ਸਬ ਇੰਸਪੈਕਟਰ ਮੰਗਤ ਰਾਮ ਨੇ ਸਕੌਡਾ ਕਾਰ ਵਿਚ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਅਕਸ਼ਿਤ ਅਰੋੜਾ ਨੂੰ ਕਾਬੂ ਕਰਕੇ ਉਸ ਕੋਲੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਇਸੇ ਤਰ੍ਹਾਂ ਸਬ ਇੰਸਪੈਕਟਰ ਮੰਗਤ ਰਾਮ ਨੇ ਹੀ ਬਲੈਰੋ ਗੱਡੀ ਵਿੱਚ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਨੂਰਮਹਿਲ ਵਾਸੀ ਨਰੇਸ਼ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 5 ਪੇਟੀਆਂ ਸ਼ਰਾਬ ਅਤੇ ਇਕ ਪੇਟੀ ਬੀਅਰ ਦੀ ਬਰਾਮਦ ਕੀਤੀ। ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਥਾਣਾ ਬਾਰਾਂਦਰੀ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਪਿ੍ਰੰਸ ਵਾਸੀ ਜਲੰਧਰ ਕੈਂਟ ਨੂੰ ਕਾਬੂ ਕਰਕੇ 18 ਹਜ਼ਾਰ ਮਿਲੀਲਿਟਰ ਸ਼ਰਾਬ, ਏਐੱਸਆਈ ਮਨੋਹਰ ਲਾਲ ਨੇ ਬਲੈਰੋ ਗੱਡੀ ਵਿੱਚ ਜਾ ਰਹੇ ਗਗਨਪ੍ਰਰੀਤ ਸਿੰਘ ਵਾਸੀ ਦਾਣਾ ਮੰਡੀ ਨੂੰ ਕਾਬੂ ਕਰਕੇ ਉਸ ਕੋਲੋਂ 45 ਹਜ਼ਾਰ ਮਿਲੀਲੀਟਰ ਸ਼ਰਾਬ ਅਤੇ ਏਐਸਆਈ ਰਾਜੇਸ਼ ਕੁਮਾਰ ਨੇ ਗਗਨਦੀਪ ਸਿੰਘ ਵਾਸੀ ਜਲੰਧਰ ਨੂੰ ਕਾਬੂ ਕਰਕੇ 9 ਹਜ਼ਾਰ ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਤਸਕਰਾਂ ਖਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।