ਜਤਿੰਦਰ ਪੰਮੀ, ਜਲੰਧਰ

ਦੋਆਬਾ ਖੇਤਰ 'ਚ ਕੋਰੋਨਾ ਦੇ ਟੈਸਟ ਲਈ ਬਣਾਈ ਗਈ ਲੈਬ ਐੱਨਆਰਡੀਡੀਐੱਲ 'ਚ ਸੂਬਾ ਸਰਕਾਰ ਵੱਲੋਂ ਆਧੁਨਿਕ ਉਪਕਰਣਾਂ ਦੀ ਘਾਟ ਪੂਰੀ ਕਰ ਦਿੱਤੀ ਗਈ ਹੈ। ਹੁਣ ਇਨ੍ਹਾਂ ਉਪਕਰਣਾਂ ਨੂੰ ਚਲਾਉਣ ਲਈ ਸਟਾਫ ਦੀ ਘਾਟ ਪੂਰੀ ਕਰਨੀ ਬਾਕੀ ਹੈ। ਸਟਾਫ ਦੀ ਘਾਟ ਪੂਰੀ ਕਰਨ ਲਈ ਲੈਬਾਰਟਰੀ ਪ੍ਰਸ਼ਾਸਨ ਵੱਲੋਂ ਮੰਗ ਭੇਜੀ ਗਈ ਹੈ ਪਰ ਹਾਲੇ ਤਕ ਇਸ 'ਤੇ ਗੌਰ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਕੋਰੋਨਾ ਨੇ ਮੁੜ ਸਰਗਰਮੀ ਦਿਖਾਉਂਦਿਆਂ ਸ਼ਹਿਰ 'ਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਅੱਜ ਕੋਰੋਨਾ ਦੇ 151 ਕੇਸ ਸਾਹਮਣੇ ਆਏ ਅਤੇ ਪੰਜ ਮਰੀਜ਼ਾਂ ਦੀ ਜਾਨ ਚਲੀ ਗਈ। ਓਧਰ 205 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰਾਂ 'ਚੋਂ ਛੁੱਟੀ ਦੇ ਕੇ ਘਰੇ ਆਈਸੋਲੇਸ਼ਨ ਲਈ ਤੋਰ ਦਿੱਤਾ ਗਿਆ। ਉੱਤਰ ਖੇਤਰੀ ਰੋਗ ਪਰਖ ਲੈਬ (ਐੱਨਆਰਡੀਡੀਐੱਲ) 'ਚ ਕਰੀਬ ਦੋ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਦੀ ਜਾਂਚ ਲਈ ਲੈਬ ਸਥਾਪਤ ਕੀਤੀ ਗਈ ਸੀ। ਉਸ ਤੋਂ ਬਾਅਦ ਸੈਂਪਲਾਂ ਦੀ ਜਾਂਚ ਕਰਨ ਲਈ ਆਧੁਨਿਕ ਉਪਕਰਣ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਬੁੱਧਵਾਰ ਨੂੰ ਵੀ ਟੈਸਟ ਕਰਨ ਲਈ ਆਧੁਨਿਕ ਉਪਕਰਣ ਲੈਬ 'ਚ ਪੁੱਜਾ। ਕੰਪਨੀ ਵੱਲੋਂ ਇਸ ਨੂੰ ਸਥਾਪਤ ਕਰਨਾ ਬਾਕੀ ਹੈ। ਇਹ ਉਪਕਰਣ ਇਕੋ ਵੇਲੇ 96 ਪੀਸੀਆਰ ਟੈਸਟ ਕਰੇਗਾ। ਇਸ ਤੋਂ ਪਹਿਲਾਂ ਵਾਲਾ ਉਪਕਰਣ 72 ਟੈਸਟ ਕਰ ਰਿਹਾ ਹੈ। ਲੈਬ 'ਚ ਆਧੁਨਿਕ ਉਪਕਰਣ ਸਥਾਪਤ ਕਰਨ ਤੋਂ ਬਾਅਦ ਹੁਣ ਇਸ ਨੂੰ ਚਲਾਉਣ ਲਈ ਸਟਾਫ ਦੀ ਘਾਟ ਰੜਕਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਲੈਬ ਸ਼ੁਰੂ ਕਰਨ ਵੇਲੇ 20 ਸਟਾਫ ਮੈਂਬਰ ਤਾਇਨਾਤ ਕੀਤੇ ਗਏ ਸਨ। ਤਿੰਨ ਸ਼ਿਫਟਾਂ ਵਿਚ ਕੰਮ ਕਰਨ ਲਈ 12 ਹੋਰ ਮੁਲਾਜ਼ਮਾਂ ਦੀ ਲੋੜ ਹੈ। ਇਸ ਤੋਂ ਬਾਅਦ ਇਥੇ ਰੋਜ਼ਾਨਾ 1200 ਤੋਂ 1500 ਤਕ ਕੋਰੋਨਾ ਦੇ ਟੈਸਟ ਕੀਤੇ ਜਾ ਸਕਣਗੇ। ਫਿਲਹਾਲ ਦੋ ਸ਼ਿਫਟਾਂ ਵਿਚ 800 ਸੈਂਪਲਾਂ ਦੀ ਜਾਂਚ ਹੋ ਰਹੀ ਹੈ। ਲੈਬ ਇੰਚਾਰਜ ਡਾ. ਗੋਮਤੀ ਮਹਾਜਨ ਦਾ ਕਹਿਣਾ ਹੈ ਕਿ ਨਵਾਂ ਉਪਕਰਣ ਪੁੱਜ ਗਿਆ ਹੈ ਅਤੇ ਕੰਪਨੀ ਦੀ ਟੀਮ ਇਸ ਨੂੰ ਸਥਾਪਤ ਕਰੇਗੀ। ਇਸ ਉਪਰੰਤ ਕੰਮ ਦੀ ਸਮਰੱਥਾ ਵਧ ਜਾਵੇਗੀ। ਸੂਬਾ ਸਰਕਾਰ ਨੂੰ ਤੀਜੀ ਸ਼ਿਫਟ 'ਚ ਕੰਮ ਕਰਨ ਲਈ 12 ਮੁਲਾਜ਼ਮ ਤਾਇਨਾਤ ਕਰਨ ਵਾਸਤੇ ਮੰਗ ਭੇਜੀ ਜਾ ਚੁੱਕੀ ਹੈ।

ਸਿਹਤ ਵਿਭਾਗ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਨਗਰ ਨਿਗਮ 'ਚ 6, ਬੈਲਟ ਬਣਾਉਣ ਵਾਲੇ ਨਿੱਜੀ ਫੈਕਟਰੀ ਦੇ ਪੰਜ, ਸਿਹਤ ਕੇਂਦਰ ਮਹਿਤਪੁਰ 'ਚ ਚਾਰ, ਪੁਲਿਸ ਕਮਿਸ਼ਨਰ ਦਫਤਰ 'ਚ ਤਿੰਨ, ਪੰਪ ਬਣਾਉਣ ਵਾਲੀ ਕੰਪਨੀ, ਸੀਆਰਪੀ ਕੈਂਪਸ, ਏਅਰ ਫੋਰਸ ਸਟੇਸ਼ਨ ਕੈਂਪਸ, ਸਪੋਰਟਸ ਇੰਡਸਟਰੀ 'ਚੋਂ 1-1 ਮਰੀਜ਼ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਮਰੀਜ਼ਾਂ ਦੀ ਸੂਚੀ ਵਿਚ ਜਲੰਧਰ ਕੈਂਟ ਦੇ 15 ਮਰੀਜ਼ ਸ਼ਾਮਲ ਹਨ, ਇਨ੍ਹਾਂ ਵਿਚੋਂ ਦੋ ਧਾਰਮਿਕ ਅਸਥਾਨ ਨਾਲ ਸਬੰਧਤ ਹਨ। ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੀ ਸੂਚੀ ਵਿਚ ਆਦਮਪੁਰ ਦੇ 3, ਮਾਡਲ ਟਾਊਨ ਦੇ 6, ਰਾਮਾ ਮੰਡੀ ਦੇ 4, ਅਰਬਨ ਅਸਟੇਟ ਦੇ 4, ਸ਼ਾਹਕੋਟ, ਇੰਡਸਟਰੀਅਲ ਏਰੀਆ ਤੇ ਕਾਲੀਆ ਕਾਲੋਨੀ 'ਚੋਂ 2-2 ਮਰੀਜ਼ ਸ਼ਾਮਲ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ 151 ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 28 ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਕੋਰੋਨਾ ਨਾਲ ਅੱਜ ਜ਼ਿਲ੍ਹੇ 'ਚ 5 ਮਰੀਜ਼ਾਂ ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 12920 'ਤੇ ਪੁੱਜ ਗਿਆ ਤੇ ਮਰਨ ਵਾਲਿਆਂ ਦੀ ਗਿਣਤੀ 390 ਤੇ ਕੋਵਿਡ ਕੇਅਰ ਸੈਂਟਰਾਂ 'ਚੋਂ ਛੁੱਟੀ ਦੇ ਕੇ ਘਰ ਭੇਜੇ ਗਏ ਮਰੀਜ਼ਾਂ ਦੀ ਗਿਣਤੀ 11064 ਹੋ ਗਈ। ਜ਼ਿਲ੍ਹੇ 'ਚ ਹੁਣ ਤਕ 1,76,547 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ 1,55,025 ਲੋਕਾਂ ਦੇ ਨਮੂਨੇ ਨੈਗੇਟਿਵ ਪਾਏ ਜਾ ਚੁੱਕੇ ਹਨ।

ਬੁੱਧਵਾਰ ਨੂੰ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ

ਉਮਰ ਲਿੰਗ ਪਤਾ ਹੋਰ ਬਿਮਾਰੀ ਮੌਤਾਂ ਦੀ ਥਾਂ

50 ਅੌਰਤ ਜਲੰਧਰ ਕੋਈ ਰੋਗ ਨਹੀਂ ਨਿੱਜੀ ਹਸਪਤਾਲ

75 ਪੁਰਸ਼ ਫਿਲੌਰ ਸ਼ੂਗਰ ਸਿਵਲ ਹਸਪਤਾਲ

69 ਪੁਰਸ਼ ਅਵਤਾਰ ਨਗਰ ਸ਼ੂਗਰ ਨਿੱਜੀ ਹਸਪਤਾਲ

66 ਪੁਰਸ਼ ਦਾਦਾ ਕਾਲੋਨੀ ਕੋਈ ਨਹੀਂ ਨਿੱਜੀ ਹਸਪਤਾਲ

75 ਪੁਰਸ਼ ਜੰਡੂਸਿੰਗਾ ਹਾਈਪਰਟੈਂਸ਼ਨ ਨਿੱਜੀ ਹਸਪਤਾਲ